ਬਟਾਲਾ : ਫੈਕਟਰੀ 'ਚ ਨਾਜਾਇਜ਼ ਅਸਲਾ ਤਿਆਰ ਕਰਨ ਵਾਲਾ ਗਿਰੋਹ ਕਾਬੂ

Wednesday, Apr 03, 2019 - 05:08 PM (IST)

ਬਟਾਲਾ : ਫੈਕਟਰੀ 'ਚ ਨਾਜਾਇਜ਼ ਅਸਲਾ ਤਿਆਰ ਕਰਨ ਵਾਲਾ ਗਿਰੋਹ ਕਾਬੂ

ਬਟਾਲਾ (ਬੇਰੀ) : ਬਟਾਲਾ ਪੁਲਸ ਵਲੋਂ ਨਾਜਾਇਜ਼ ਅਸਲਾ ਬਣਾਉਣ ਦੇ ਮਾਮਲੇ 'ਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਥਾਨਕ ਪੁਲਸ ਲਾਈਨ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਥਾਣਾ ਸਿਟੀ ਦੀ ਪੁਲਸ ਤੇ ਸਪੈਸ਼ਲ ਬ੍ਰਾਂਚ ਬਟਾਲਾ ਨੂੰ ਗੁਪਤ ਸੂਚਨਾ ਮਿਲੀ ਕਿ ਰਾਜਨ ਸ਼ਰਮਾ ਪੁੱਤਰ ਰਮੇਸ਼ ਸ਼ਰਮਾ ਵਾਸੀ ਕਪੂਰੀ ਗੇਟ, ਸੇਖੜੀ ਮੁਹੱਲਾ ਜਿਸ ਦੀ ਸ਼ੀਤਲਾ ਮੰਦਰ ਵਿਖੇ ਕੰਪਿਊਟਰ ਰਿਪੇਅਰ ਕਰਨ ਦੀ ਦੁਕਾਨ ਹੈ ਤੇ ਪ੍ਰਿਤਪਾਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਬੀਕੋ ਕੰਪਲੈਕਸ ਬਟਾਲਾ ਜਿਸ ਦੀ ਹਾਰਡਵੇਅਰ ਪਾਰਟਸ ਬਣਾਉਣ ਦੀ ਫੈਕਟਰੀ ਹੈ ਅਤੇ ਉਕਤ ਦੋਵੇਂ ਵਿਅਕਤੀ ਆਪਣੀ ਦੁਕਾਨ ਤੇ ਫੈਕਟਰੀ ਦੀ ਆੜ ਹੇਠ ਨਾਜਾਇਜ਼ ਫਾਇਰ ਆਰਮਜ਼ ਤਿਆਰ ਕਰਦੇ ਹਨ। ਥਾਣਾ ਸਿਟੀ ਵਿਖੇ ਉਕਤ ਦੋਵੇਂ ਵਿਅਕਤੀਆਂ ਵਿਰੁੱਧ ਮੁਕੱਦਮਾ ਨੰ. 48, ਮਿਤੀ 02/04/19 ਧਾਰਾ-25/54/59 ਅਸਲਾ ਐਕਟ ਤਹਿਤ ਦਰਜ ਹੈ।

PunjabKesari

ਐੱਸ. ਐੱਸ. ਪੀ. ਘੁੰਮਣ ਨੇ ਦੱਸਿਆ ਕਿ ਪੁਲਸ ਵਲੋਂ ਕੀਤੀ ਪੁੱਛਗਿੱਛ ਦੌਰਾਨ ਰਾਜਨ ਇਕ ਕੰਪਿਊਟਰ ਇੰਜੀਨੀਅਰ ਹੈ ਤੇ ਪ੍ਰਿਤਪਾਲ ਸਿੰਘ ਹਾਰਡਵੇਅਰ ਦਾ ਕਾਰਗੀਰ ਹੈ, ਜੋ ਯੂ ਟਿਊਬ ਤੋਂ ਫਾਇਰ ਆਰਮਜ਼ ਬਣਾਉਣ ਦੀ ਤਕਨੀਕ ਹਾਸਲ ਕਰ ਕੇ ਕਰੀਬ 1 ਸਾਲ ਤੋਂ ਆਪਣੀ ਦੁਕਾਨ ਤੇ ਫੈਕਟਰੀ 'ਚ ਨਾਜਾਇਜ਼ ਅਸਲਾ ਤਿਆਰ ਕਰਦੇ ਸਨ। ਐੱਸ. ਐੱਸ. ਪੀ. ਘੁੰਮਣ ਨੇ ਦੱਸਿਆ ਕਿ ਪੁਲਸ ਨੇ ਉਕਤ ਦੋਵਾਂ ਵਿਅਕਤੀਆਂ ਕੋਲੋਂ 3 ਪਿਸਤੌਲ 32 ਬੋਰ ਸਮੇਤ 7 ਰੌਂਦ ਜ਼ਿੰਦਾ ਤੇ 46 ਖੋਲ, 2 ਪਿਸਤੌਲ 12 ਬੋਰ ਲਾਗ ਬੈਰਲ ਸਮੇਤ 30 ਰੌਂਦ ਜ਼ਿੰਦਾ ਅਤੇ 25 ਖੋਲ, 1 ਏਅਰਗੰਨ ਸਮੇਤ ਟੈਲੀਸਕਾਪ, 1 ਤੇਜ਼ਧਾਰ ਛੁਰਾ, 4 ਰੌਂਦ ਜ਼ਿੰਦਾ 315 ਬੋਰ ਸਮੇਤ 5 ਖੋਲ, 1 ਡਰਿੱਲ ਮਸ਼ੀਨ ਤੇ 1 ਗਰੂਜ਼ ਤੇ 1 ਟੂਲਕਿੱਟ ਬਰਾਮਦ ਕਰ ਲਏ ਹਨ ਅਤੇ ਉਕਤ ਦੋਵੇਂ ਵਿਅਕਤੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਐੱਸ. ਐੱਸ. ਪੀ. ਨੇ ਦੱਸਿਆ ਕਿ ਉਨ੍ਹਾਂ ਬਟਾਲਾ ਵਿਚ ਪਹਿਲੀ ਵਾਰ ਅਜਿਹੀ ਫੈਕਟਰੀ ਵੇਖੀ ਹੈ, ਜਿਥੇ ਨਾਜਾਇਜ਼ ਅਸਲਾ ਤਿਆਰ ਹੁੰਦਾ ਹੈ। ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਐੱਸ. ਐੱਸ. ਪੀ. ਘੁੰਮਣ ਨੇ ਸਪੱਸ਼ਟ ਕੀਤਾ ਕਿ ਉਕਤ ਵਿਅਕਤੀਆਂ ਦਾ ਪਰਿਵਾਰਕ ਪਿਛੋਕੜ ਠੀਕ ਹੈ। ਉਨ੍ਹਾਂ ਦੱਸਿਆ ਕਿ ਉਕਤ ਰਾਜਨ ਦੇ ਵਿਰੁੱਧ ਪਹਿਲਾਂ ਵੀ ਧਾਰਾ-376 ਦਾ ਮਾਮਲਾ ਦਰਜ ਹੈ, ਜੋ ਮਾਣਯੋਗ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ ਸੀ। ਇਸ ਮੌਕੇ ਐੱਸ. ਪੀ. ਇਨਵੈਸਟੀਗੇਸ਼ਨ ਕੁਲਵੰਤ ਸਿੰਘ ਹੀਰ, ਡੀ. ਐੱਸ. ਪੀ. ਸਿਟੀ ਬੀ. ਕੇ. ਸਿੰਗਲਾ, ਬਲਬੀਰ ਸਿੰਘ ਡੀ. ਐੱਸ. ਪੀ. ਫਤਿਹਗੜ੍ਹ ਚੂੜੀਆਂ, ਡੀ. ਐੱਸ. ਪੀ. ਪਰਮਿੰਦਰ ਕੌਰ, ਐੱਸ. ਐੱਚ. ਓ. ਸਿਟੀ ਰਵਿੰਦਰਪਾਲ ਸਿੰਘ ਗਰੇਵਾਲ ਤੇ ਐੱਸ. ਆਈ. ਦਲਜੀਤ ਸਿੰਘ ਪੱਡਾ ਵੀ ਹਾਜ਼ਰ ਸਨ।


author

cherry

Content Editor

Related News