ਬਟਾਲਾ ਫੈਕਟਰੀ ਧਮਾਕੇ ''ਤੇ ਭਗਵੰਤ ਮਾਨ ਦਾ ਬਿਆਨ, ਕੈਪਟਨ ਸਰਕਾਰ ਨੂੰ ਲਗਾਏ ਰਗੜੇ

Friday, Sep 06, 2019 - 06:36 PM (IST)

ਬਟਾਲਾ ਫੈਕਟਰੀ ਧਮਾਕੇ ''ਤੇ ਭਗਵੰਤ ਮਾਨ ਦਾ ਬਿਆਨ, ਕੈਪਟਨ ਸਰਕਾਰ ਨੂੰ ਲਗਾਏ ਰਗੜੇ

ਬਟਾਲਾ (ਬੇਰੀ) : ਬਟਾਲਾ ਸਥਿਤ ਪਟਾਕਾ ਫੈਕਟਰੀ 'ਚ ਹੋਏ ਧਮਾਕੇ 'ਤੇ ਭਗਵੰਤ ਮਾਨ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਨੂੰ ਲੰਮੇ ਹੱਥੀਂ ਲਿਆ ਹੈ। ਜ਼ਖਮੀਆਂ ਦਾ ਹਾਲ ਜਾਨਣ ਬਟਾਲਾ ਪਹੁੰਚੇ ਮਾਨ ਨੇ ਕਿਹਾ ਕਿ ਸੰਗਰੂਰ ਦੇ ਪਿੰਡ ਘਰਾਟ 'ਚ ਵੀ ਪਟਾਕਾ ਫੈਕਟਰੀ 'ਚ ਅਜਿਹਾ ਹਾਦਸਾ ਹੋਇਆ ਜਿਸ ਦੀ ਜਾਂਚ ਤਾਂ ਚੱਲੀ ਪਰ ਅਜੇ ਤਕ ਕੋਈ ਸਿੱਟਾ ਨਹੀਂ ਨਿਕਲ ਸਕਿਆ। ਉਨ੍ਹਾਂ ਕਿਹਾ ਕਿ ਬਟਾਲਾ ਦੀ ਇਸ ਫੈਟਕਰੀ 'ਚ ਦੋ ਸਾਲ ਪਹਿਲਾਂ ਵੀ ਅਜਿਹੀ ਹੀ ਘਟਨਾ ਵਾਪਰੀ ਸੀ ਪਰ ਇਸ ਨੂੰ ਠੰਡੇ ਬਸਤੇ 'ਚ ਪਾ ਦਿੱਤਾ ਗਿਆ, ਜਿਸ ਦਾ ਖਮਿਆਜ਼ਾ ਅੱਜ ਕਈ ਪਰਿਵਾਰਾਂ ਨੂੰ ਭੁਗਤਣਾ ਪੈ ਰਿਹਾ ਹੈ। ਮਾਨ ਨੇ ਕਿਹਾ ਕਿ ਜਿਹੜਾ ਵਿਅਕਤੀ ਕਈ ਸਾਲਾਂ ਤੋਂ ਇਸ ਦੁਨੀਆ ਵਿਚ ਨਹੀਂ ਹੈ, ਉਸ ਦੇ ਨਾਂ 'ਤੇ ਇਸ ਫੈਕਟਰੀ ਦਾ ਪਰਮਿਟ ਚੱਲ ਰਿਹਾ ਹੈ। ਹਾਦਸੇ ਤੋਂ ਬਾਅਦ ਪੁਲਸ ਨੇ ਰਾਤੋ ਰਾਤ 9 ਫੈਕਟਰੀਆਂ 'ਤੇ ਕਾਰਵਾਈ ਕਰਵਾਈ ਕਰ ਦਿੱਤੀ। 

ਮਾਨ ਨੇ ਕਿਹਾ ਕਿ ਦੁਸਹਿਰੇ ਸਮੇਂ ਵੀ ਅੰਮ੍ਰਿਤਸਰ ਵਿਚ ਵਾਪਰੀ ਵੱਡੇ ਰੇਲ ਹਾਦਸੇ ਦੇ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਗਏ ਪਰ ਅਜੇ ਤਕ ਸਿੱਟਾ ਕੁਝ ਨਹੀਂ ਨਿਕਲਿਆ। ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਬਟਾਲਾ ਫੈਕਟਰੀ ਧਮਾਕੇ ਲਈ ਜ਼ਿੰਮੇਵਾਰ ਅਫਸਰਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਇਸ ਫੈਕਟਰੀ ਨੂੰ ਚੱਲਣ ਦੀ ਇਜਾਜ਼ਤ ਦਿੱਤੀ ਅਤੇ ਸਮੇਂ 'ਤੇ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨਵੇਂ ਨਿਯਮ ਤਾਂ ਬਣਾ ਦਿੰਦੀ ਹੈ ਪਰ ਉਹ ਕਦੇ ਨਹੀਂ ਹੁੰਦੇ। 

ਮੁੱਖ ਮੰਤਰੀ 'ਤੇ ਹਮਲਾ ਬੋਲਦਿਆਂ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ 'ਤੇ ਪੰਜਾਬੀਆਂ ਨੂੰ ਵਿਸ਼ਵਾਸ ਹੀ ਨਹੀਂ ਰਿਹਾ ਹੈ ਕਿਉਂਕਿ ਉਨ੍ਹਾਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਨਸ਼ੇ 'ਤੇ ਸਖਤੀ ਨਾਲ ਕਾਰਵਾਈ ਨਹੀਂ ਕੀਤੀ। ਪੰਜਾਬ ਵਿਚ ਇਸ ਸਮੇਂ ਆਪਾਧਾਪੀ ਮਚੀ ਹੋਈ ਸੂਬੇ 'ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਕੈਪਟਨ ਤੇ ਸੁਖਬੀਰ ਟਵਿੱਟਰ 'ਤੇ ਖੇਡਾਂ ਖੇਡ ਰਹੇ ਹਨ ਅਤੇ ਇਕ ਦੂਜੇ ਦੇ ਟਵਿੱਟਰਾਂ ਦਾ ਜਵਾਬ ਦੇਣ 'ਚ ਰੁਝੇ ਹੋਏ ਹਨ।


author

Gurminder Singh

Content Editor

Related News