ਬਸੰਤ ਪੰਚਮੀ ਦੇ ਦਿਨ ਹੀ ਲਕਸ਼ਮੀ ਦੇਵੀ ਬਟਾਲਾ 'ਚ ਹੋਈ ਸੀ ਸਤੀ

02/10/2019 5:17:10 PM

ਬਟਾਲਾ (ਸਾਹਿਲ) : ਭਾਰਤ ਇਕ ਸੰਸਕ੍ਰਿਤਕ ਦੇਸ਼ ਹੈ ਅਤੇ ਇਸ ਦੇਸ਼ 'ਚ ਹਰ ਧਰਮਾਂ ਦੀ ਆਪਣੀ ਇਕ ਵਿਸ਼ੇਸ਼ਤਾ ਹੈ। ਇਸ ਤਰ੍ਹਾਂ ਹੀ ਤਿਉਹਾਰਾਂ ਦੀ ਵੀ ਆਪਣੀ ਇਕ ਮਹੱਤਤਾ ਹੈ। ਭਾਰਤ 'ਚ ਮਨਾਇਆ ਜਾਣ ਵਾਲਾ ਹਰ ਇਕ ਤਿਉਹਾਰ ਆਪਣੀ ਇਕ ਵਿਸ਼ੇਸ਼ ਪਛਾਣ ਛੱਡਦਾ ਹੈ। ਹਰ ਤਿਉਹਾਰ ਭਾਰਤੀਆਂ ਲਈ ਸਦਭਾਵਨਾ, ਪਿਆਰ, ਮੁਹੱਬਤ, ਨਵੀਂ ਪ੍ਰੇਰਨਾ, ਉਤਸ਼ਾਹ, ਚੇਤਨਾ, ਆਦਰਸ਼, ਏਕਤਾ ਅਤੇ ਉਮੰਗਾਂ ਭਰਿਆ ਸੰਦੇਸ਼ ਲੈ ਕੇ ਆਉਂਦਾ ਹੈ। ਧਰਤੀ 'ਤੇ ਚਾਰੇ ਪਾਸੇ ਖਿਲਰੀ ਹਰਿਆਲੀ, ਕਈ ਪ੍ਰਕਾਰ ਦੇ ਫੁੱਲਾਂ ਅਤੇ ਦਰਖਤਾਂ ਤੇ ਨਵੀਆਂ ਸ਼ਾਖਾਵਾਂ ਬਸੰਤ ਰੁੱਤ ਦੇ ਆਉਣ ਦਾ ਸੰਦੇਸ਼ ਲੈ ਕੇ ਆ ਰਹੀਆਂ ਹਨ। 15 ਸਾਲ ਦੇ ਵੀਰ ਹਕੀਕਤ ਰਾਏ ਅਤੇ ਉਨ੍ਹਾਂ ਨਾਲ ਹੀ ਸਤੀ ਹੋ ਜਾਣ ਵਾਲੀ ਉਨ੍ਹਾਂ ਦੀ ਪਤਨੀ ਲਕਸ਼ਮੀ ਦੇਵੀ ਦੇ ਬਲੀਦਾਨ ਦੀ ਕਹਾਣੀ ਵੀ ਜੁੜੀ ਹੋਈ ਹੈ। 

ਆਤਮਾ ਕੇਵਲ ਚੋਲਾ ਬਦਲਦੀ ਹੈ, ਸਰੀਰ ਨਾਸ਼ਵਾਨ ਹੈ। ਇਨ੍ਹਾਂ ਗੱਲਾਂ ਦਾ ਬਾਲਕ ਹਕੀਕਤ ਰਾਏ ਨੂੰ ਵਧੀਆ ਗਿਆਨ ਸੀ, ਹਕੀਕਤ ਰਾਏ ਬਹੁਤ ਬੁੱਧੀਮਾਨ ਸੀ ਇਸੇ ਕਾਰਨ ਮੌਲਵੀ ਵਲੋਂ ਮਦਰੱਸੇ 'ਚ ਉਨ੍ਹਾਂ ਨਾਲ ਵਧੇਰੇ ਪਿਆਰ ਕੀਤਾ ਜਾਂਦਾ ਸੀ ਪਰ ਹਕੀਕਤ ਨੂੰ ਮਿਲਣ ਵਾਲਾ ਪਿਆਰ ਬਾਕੀ ਬੱਚਿਆਂ 'ਚ ਈਰਖਾ ਪੈਦਾ ਕਰਦਾ ਸੀ। ਇਸ ਦਿਨ ਕਲਾਸ ਦੀ ਜ਼ਿੰਮੇਵਾਰੀ ਹਕੀਕਤ ਨੂੰ ਦੇ ਕੇ ਮੌਲਵੀ ਕਿਤੇ ਕੰਮ ਲਈ ਚਲੇ ਗਏ, ਉਪਰੰਤ ਕੁਝ ਵਿਦਿਆਰਥੀਆਂ ਨੇ ਹਕੀਕਤ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਬੱਚਿਆਂ 'ਚ ਧਰਮ ਦੀ ਲੜਾਈ ਹੋਣ ਲੱਗੀ। ਮਦਰੱਸੇ 'ਚ ਆਉਣ 'ਤੇ ਹਕੀਕਤ ਦੀ ਸ਼ਿਕਾਇਤ ਵਧਾ ਚੜ੍ਹਾ ਕੇ ਦੱਸੀ ਗਈ। ਸਿੱਟੇ ਵਜੋਂ ਨਗਰ ਦੇ ਸ਼ਾਸਕ ਦੇ ਕੋਲ ਉਸ ਦੀ ਸ਼ਿਕਾਇਤ ਲਿਆਂਦੀ ਗਈ ਅਤੇ ਫੈਸਲਾ ਸੁਣਾਇਆ ਗਿਆ ਕਿ ਉਹ ਆਪਣਾ ਧਰਮ ਪਰਿਵਰਤਨ ਕਰੇ ਨਹੀਂ ਤਾਂ ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਬਾਲਕ ਹਕੀਕਤ ਰਾਏ ਨੂੰ ਪ੍ਰੇਮ ਨਾਲ ਧਰਮ ਪਰਿਵਰਤਨ ਕਰਨ ਲਈ ਮਨਾਇਆ ਗਿਆ ਪਰ ਇਸ ਦਾ ਹਕੀਕਤ ਰਾਏ 'ਤੇ ਕੋਈ ਅਸਰ ਨਹੀਂ ਹੋਇਆ ਅਤੇ ਉਸ ਨੇ ਧਰਮ ਪਰਿਵਰਤਨ ਦੀ ਜਗ੍ਹਾ ਸਿਰ ਦੇਣਾ ਸਵੀਕਾਰ ਕੀਤਾ। ਸੰਨ 1734 ਈ. ਵਿਚ ਬਸੰਤ ਪੰਚਮੀ ਦੇ ਉਤਸਵ 'ਤੇ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਦੇ ਕਾਲ 'ਚ ਛੋਟੇ ਬੱਚੇ ਹਕੀਕਤ ਰਾਏ ਪੁਰੀ ਨੂੰ ਜਦੋਂ ਮੌਤ ਘਾਟ 'ਤੇ ਲਿਆਂਦਾ ਗਿਆ ਤਾਂ ਪੂਰਾ ਨਗਰ ਹੈਰਾਨੀਜਨਕ ਅੱਖਾਂ ਨਾਲ ਉਸ ਵੱਲ ਵੇਖ ਰਿਹਾ ਸੀ। 

ਬਾਲਕ ਦਾ ਵਿਆਹ ਬਟਾਲੇ ਦੇ ਕਿਸ਼ਨ ਸਿੰਘ ਦੀ ਪੁੱਤਰੀ ਲਕਸ਼ਮੀ ਦੇਵੀ ਨਾਲ ਹੋਇਆ ਸੀ, ਇਸ ਕਰਕੇ ਉਸਦੇ ਬਲੀਦਾਨ ਦਾ ਸਮਾਚਾਰ ਸੁਣ ਕੇ ਬਟਾਲਾ ਸ਼ਹਿਰ 'ਚ ਰੌਲਾ ਪੈ ਗਿਆ ਅਤੇ ਉਨ੍ਹਾਂ ਦੀ ਪਤਨੀ ਲਕਸ਼ਮੀ ਦੇਵੀ ਨੇ ਆਪਣੀ ਮਾਂ ਨੂੰ ਦਿਲਾਸਾ ਦਿੰਦਿਆਂ ਸਤੀ ਹੋਣ ਦਾ ਫੈਸਲਾ ਕੀਤਾ। ਉਸ ਨੇ ਚਿਤਾ ਸਜਾਈ ਅਤੇ ਸਭ ਦੇ ਸਾਹਮਣੇ ਆਪਣੇ ਪ੍ਰਾਣ ਪਿਆਰੇ ਪਤੀ ਹਕੀਕਤ ਰਾਏ ਅਤੇ ਪ੍ਰਮੇਸ਼ਵਰ ਨੂੰ ਯਾਦ ਕਰਦੇ ਹੋਏ ਚਿਤਾ 'ਚ ਕੁੱਦ ਕੇ ਸਤੀ ਹੋ ਗਈ। ਇਸ ਤੋਂ ਬਾਅਦ ਬਟਾਲਾ 'ਚ ਸਤੀ ਲਕਸ਼ਮੀ ਦੇਵੀ ਦੀ ਸਮਾਧ ਬਣਾ ਦਿੱਤੀ ਗਈ। ਕਿਹਾ ਜਾਂਦਾ ਹੈ ਕਿ ਵੰਡ ਤੋਂ ਬਾਅਦ ਹਕੀਕਤ ਰਾਏ ਦੀ ਸਮਾਧ ਪਾਕਿਸਤਾਨ 'ਚ ਰਹਿ ਗਈ, ਪਰ ਲਕਸ਼ਮੀ ਦੇਵੀ ਦੀ ਸਮਾਧ 'ਤੇ ਬਸੰਤ ਪੰਚਮੀ ਵਾਲੇ ਦਿਨ ਹਰ ਸਾਲ ਮੇਲਾ ਲਗਾ ਕੇ ਇਸ ਦਿਨ ਨੂੰ ਯਾਦ ਕੀਤਾ ਜਾਂਦਾ ਹੈ।


Baljeet Kaur

Content Editor

Related News