ਬਟਾਲਾ : ਪਿਸਤੌਲ ਦਿਖਾ ਕੇ ਦੁਕਾਨਦਾਰ ਤੋਂ ਲੁੱਟੇ ਸਾਢੇ 4 ਲੱਖ, ਘਟਨਾ CCTV ''ਚ ਕੈਦ

Friday, Dec 27, 2019 - 03:15 PM (IST)

ਬਟਾਲਾ : ਪਿਸਤੌਲ ਦਿਖਾ ਕੇ ਦੁਕਾਨਦਾਰ ਤੋਂ ਲੁੱਟੇ ਸਾਢੇ 4 ਲੱਖ, ਘਟਨਾ CCTV ''ਚ ਕੈਦ

ਬਟਾਲਾ/ਕਾਦੀਆਂ (ਬੇਰੀ, ਗੁਰਪ੍ਰੀਤ) : ਬਟਾਲਾ ਬੱਸ ਸਟੈਂਡ ਨੇੜੇ ਮੁਹੱਲਾ ਧਰਮਪੁਰਾ ਕਾਦੀਆਂ ਵਿਖੇ ਕਾਰ ਸਵਾਰ ਚਾਰ ਨੌਜਵਾਨਾਂ ਵਲੋਂ ਪਿਸਤੌਲ ਦੀ ਨੋਕ ਤੇ ਇਕ ਦੁਕਾਨ ਦੇ ਅੰਦਰ ਦਾਖਲ ਹੋ ਕੇ ਮਾਲਕ ਕੋਲੋਂ ਕਰੀਬ ਸਾਢੇ ਚਾਰ ਲੱਖ ਰੁਪਏ ਦੀ ਲੁੱਟ ਕਰਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਵਿਸਵਾ ਮਿੱਤਰ ਪੁੱਤਰ ਜਗਮੋਹਨ ਸ਼ਾਹ ਵਾਸੀ ਮੁਹੱਲਾ ਧਰਮਪੁਰਾ ਕਾਦੀਆਂ ਨੇ ਦੱਸਿਆ ਕਿ ਉਸ ਦੀ ਮੁਹੱਲਾ ਧਰਮਪੁਰਾ ਵਿਖੇ ਘਿਓ ਖੰਡ ਦੀ ਹੋਲਸੇਲ ਦੀ ਦੁਕਾਨ ਹੈ। ਵੀਰਵਾਰ ਦੇਰ ਸ਼ਾਮ ਚਾਰ ਅਣਪਛਾਤੇ ਨੌਜਵਾਨ ਉਸ ਦੀ ਦੁਕਾਨ ਅੰਦਰ ਦਾਖਲ ਹੋਏ ਅਤੇ ਉਸ ਕੋਲੋਂ ਪਿਸਤੌਲ ਦੀ ਨੋਕ 'ਤੇ ਕਰੀਬ ਸਾਢੇ ਚਾਰ ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ. ਸੰਜੀਵ ਕੁਮਾਰ, ਬਟਾਲਾ ਤੋਂ ਡੀ.ਐੱਸ.ਪੀ. ਲਖਵਿੰਦਰ ਸਿੰਘ ਅਤੇ ਥਾਣਾ ਕਾਦੀਆਂ ਦੇ ਐੱਸ.ਐੱਚ.ਓ ਪਰਮਿੰਦਰ ਸਿੰਘ ਭਾਰੀ ਪੁਲਸ ਫੌਰਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਇਸ ਡੀ.ਐੱਸ.ਪੀ. ਲਖਵਿੰਦਰ ਸਿੰਘ ਨੇ ਦੱਸਿਆ ਕਿ ਦੁਕਾਨ ਮਾਲਕ ਦੇ ਬਿਆਨਾਂ ਦੇ ਆਧਾਰ 'ਤੇ ਚਾਰ ਅਣਪਛਾਤੇ ਨੌਜਵਾਨਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ ਅਤੇ ਇਸ ਫੁਟੇਜ ਦੇ ਆਧਾਰ 'ਤੇ ਜਲਦ ਹੀ ਲੁੱਟ-ਖੋਹ ਕਰਨ ਵਾਲੇ ਉਕਤ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


author

Baljeet Kaur

Content Editor

Related News