ਕੰਧ ਡਿੱਗਣ ਨਾਲ ਮਕਾਨ ਮਾਲਕ ਤੇ ਮਜ਼ਦੂਰ ਦੀ ਮੌਤ

Sunday, Nov 24, 2019 - 09:30 AM (IST)

ਕੰਧ ਡਿੱਗਣ ਨਾਲ ਮਕਾਨ ਮਾਲਕ ਤੇ ਮਜ਼ਦੂਰ ਦੀ ਮੌਤ

ਬਟਾਲਾ (ਬੇਰੀ) : ਫਤਿਹਗੜ੍ਹ ਚੂੜੀਆਂ ਦੇ ਪਿੰਡ ਰੂਪੋਵਾਲੀ 'ਚ ਮਕਾਨ ਦੀ ਚਾਰ ਦੀਵਾਰੀ ਕਰਦੇ ਸਮੇਂ ਕੰਧ ਡਿੱਗਣ ਨਾਲ ਮਕਾਨ ਮਾਲਕ ਤੇ ਮਜ਼ਦੂਰ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਫਤਿਹਗੜ੍ਹ ਚੂੜੀਆਂ ਦੇ ਏ. ਐੱਸ. ਆਈ. ਗੁਰਮਿੰਦਰ ਸਿੰਘ ਅਤੇ ਐੱਸ. ਆਈ. ਦਲਵਿੰਦਰ ਸਿੰਘ ਨੇ ਦੱਸਿਆ ਕਿ ਗਿਆਨੀ ਕੁਲਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਬਤੌਰ ਕਵੀਸ਼ਰੀ ਜਥੇ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ। ਕੁਲਵਿੰਦਰ ਸਿੰਘ ਨੇ ਨਵਾਂ ਮਕਾਨ ਬਣਾਇਆ ਸੀ ਅਤੇ ਮਕਾਨ ਦੀ ਚਾਰਦੀਵਾਰੀ ਕਰਨ ਲਈ ਮਕਾਨ ਦੀ ਪੁਰਾਣੀ ਕੰਧਾਂ ਨੂੰ ਮਜ਼ਦੂਰਾਂ ਵਲੋਂ ਢਾਇਆ ਜਾ ਰਿਹਾ ਸੀ। ਇਸ ਦੌਰਾਨ ਕੰਮ ਕਰਦੇ ਸਮੇਂ ਅਚਾਨਕ ਕੰਧ ਕੁਲਵਿੰਦਰ ਸਿੰਘ ਅਤੇ ਮਜ਼ਦੂਰ ਮੰਗਾ ਮਸੀਹ ਪੁੱਤਰ ਮੁਲਖ ਰਾਜ ਵਾਸੀ ਮਲੂਕਵਾਲੀ 'ਤੇ ਡਿੱਗ ਪਈ, ਜਿਸਦੇ ਹੇਠਾਂ ਆਉਣ ਨਾਲ ਮਜ਼ਦੂਰ ਮੰਗਾ ਮਸੀਹ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਕੁਲਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਲਿਆਂਦਾ ਗਿਆ ਜਿਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ।

ਇਸ ਸਬੰਧੀ ਏ. ਐੱਸ. ਆਈ. ਗੁਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਕੁਲਵਿੰਦਰ ਸਿੰਘ ਦੇ ਪਿਤਾ ਅਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰ ਦਿੱਤੀ ਹੈ।


author

Baljeet Kaur

Content Editor

Related News