5 ਲੱਖ 16 ਹਜ਼ਾਰ ਦੀ ਜਾਅਲੀ ਭਾਰਤੀ ਕਰੰਸੀ ਬਣਾਉਣ ਵਾਲਾ 1 ਵਿਅਕਤੀ ਗ੍ਰਿਫ਼ਤਾਰ
Tuesday, Jul 13, 2021 - 10:15 AM (IST)
ਬਟਾਲਾ (ਬੇਰੀ, ਸਾਹਿਲ) - ਬਟਾਲਾ ਪੁਲਸ ਵਲੋਂ ਜਾਅਲੀ ਨੋਟ ਬਣਾਉਣ ਵਾਲੇ ਵਿਅਕਤੀ ਦਾ ਪਰਦਾਫਾਸ਼ ਕਰਦੇ ਹੋਏ ਉਸ ਨੂੰ 5 ਲੱਖ 16 ਹਜ਼ਾਰ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਉਸਦੇ ਘਰੋਂ ਕਲਰ ਪ੍ਰਿੰਟਰ ਜ਼ਬਤ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ। ਐੱਸ.ਐੱਸ.ਪੀ. ਬਟਾਲਾ ਰਛਪਾਲ ਸਿੰਘ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈੱਲ ਬਟਾਲਾ ਦੇ ਇੰਚਾਰਜ ਇੰਸ. ਅਨਿਲ ਪਵਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਨੋਜ ਕੁਮਾਰ ਵਾਸੀ ਅਜੀਤ ਨਗਰ ਅਲੀਵਾਲ ਰੋਡ ਬਟਾਲਾ ਭਾਰਤੀ ਕਰੰਸੀ ਦੇ ਵੱਖ-ਵੱਖ ਜਾਅਲੀ ਨੋਟ ਤਿਆਰ ਕਰ ਕੇ ਬਾਜ਼ਾਰ ’ਚ ਰੇਹੜੀ ਵਾਲਿਆਂ ਤੇ ਹੋਰ ਦੁਕਾਨਦਾਰਾਂ ਕੋਲ ਚਲਾਉਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸ਼ਮਸ਼ਾਨਘਾਟ ’ਚੋਂ ਲਾਸ਼ ਮਿਲਣ ’ਤੇ ਰੋ-ਰੋ ਬੇਹਾਲ ਹੋਇਆ ਪਰਿਵਾਰ
ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਵਿਅਕਤੀ ਨੂੰ ਟੀ. ਪੁਆਇੰਟ ਨਿਊ ਸੰਤ ਨਗਰ ਪੁੰਦਰ ਰੋਡ ਬਟਾਲਾ ਤੋਂ ਕਾਬੂ ਕਰ ਕੇ ਉਸ ਪਾਸੋਂ 2 ਹਜ਼ਾਰ ਦੇ 150 ਨੋਟ, 500 ਦੇ 420 ਅਤੇ 100 ਰੁਪਏ 60 ਜਾਅਲੀ ਨੋਟ, ਜੋ ਕੁਲ ਰਕਮ 5,16,000 ਰੁਪਏ ਬਣਦੀ ਹੈ, ਬਰਾਮਦ ਕੀਤੇ ਹਨ। ਉਕਤ ਵਿਅਕਤੀ ਨੇ ਦੱਸਿਆ ਕਿ 2016 ਵਿੱਚ ਵੀ ਉਸ ਕੋਲੋਂ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਲੋਂ 1 ਲੱਖ 16 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਫੜੀ ਗਈ ਸੀ, ਜਿਸਦੀ ਉਹ ਸਜ਼ਾ ਵੀ ਭੁਗਤ ਚੁੱਕਾ ਹੈ ਅਤੇ ਬਾਹਰ ਆ ਕੇ ਉਸਨੇ ਫਿਰ ਜਾਅਲੀ ਨੋਟ ਤਿਆਰ ਕਰਨ ਦਾ ਧੰਦਾ ਸ਼ੁਰੂ ਕਰ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ
ਪੁਲਸ ਅਧਕਾਰੀ ਨੇ ਦੱਸਿਆ ਕਿ ਜਾਅਲੀ ਨੋਟ ਤਿਆਰ ਕਰਨ ਉਪਰੰਤ ਉਹ ਖਾਸ ਕਰਕੇ ਰੇਹੜੀ ਸ਼ਾਪ ਦੁਕਾਨਦਾਰਾਂ ਨੂੰ ਦੇ ਕੇ ਉਨ੍ਹਾਂ ਪਾਸੋ ਸਮਾਨ ਖਰੀਦਦਾ ਸੀ। ਹੁਣ ਤੱਕ ਉਹ ਬਟਾਲਾ ਏਰੀਆ ਵਿੱਚ ਕਰੀਬ 10 ਤੋਂ 15 ਲੱਖ ਜਾਅਲੀ ਕਰੰਸੀ ਨੋਟ ਚਲਾ ਚੁੱਕਾ ਹੈ। ਮਨੋਜ ਕੁਮਾਰ ਦੀ ਨਿਸ਼ਾਨਦੇਹੀ 'ਤੇ ਉਸਦੇ ਘਰੋਂ ਕਲਰ ਪ੍ਰਿੰਟਰ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਸ ਨੇ ਉਕਤ ਵਿਅਕਤੀ ਵਿਰੁੱਧ ਥਾਣਾ ਸਿਵਲ ਲਾਈਨ ’ਚ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਵਿਆਹ ਦੀਆਂ ਖ਼ੁਸ਼ੀਆਂ ਬਦਲੀਆਂ ਮਾਤਮ ’ਚ, 4 ਸਾਲਾ ਬੱਚੇ ਦੀ ਗੋਲੀ ਲੱਗਣ ਕਾਰਣ ਮੌਤ