ਭਾਰੀ ਜਾਮ ਨੂੰ ਲੈ ਕੇ ਜਲੰਧਰ ਟਰੈਫਿਕ ਪੁਲਸ ਨੇ ਲਿਆ ਵੱਡਾ ਫ਼ੈਸਲਾ

Wednesday, Jan 18, 2023 - 01:22 PM (IST)

ਭਾਰੀ ਜਾਮ ਨੂੰ ਲੈ ਕੇ ਜਲੰਧਰ ਟਰੈਫਿਕ ਪੁਲਸ ਨੇ ਲਿਆ ਵੱਡਾ ਫ਼ੈਸਲਾ

ਜਲੰਧਰ (ਵਰੁਣ)–ਟਰੈਫਿਕ ਪੁਲਸ ਨੇ 19 ਜਨਵਰੀ ਤੋਂ ਅਗਲੇ ਹੁਕਮਾਂ ਤੱਕ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਭਗਵਾਨ ਵਾਲਮੀਕਿ ਚੌਂਕ ਅਤੇ ਬਸਤੀ ਅੱਡਾ ਚੌਂਕ ਤੱਕ ਦੀ ਰੋਡ ਨੂੰ ‘ਨੋ ਆਟੋ ਜ਼ੋਨ’ ਐਲਾਨ ਦਿੱਤਾ ਹੈ। ਇਨ੍ਹਾਂ ਹੁਕਮਾਂ ਦੀ ਕਾਫ਼ੀ ਪਹਿਲਾਂ ਤੋਂ ਲੋੜ ਸੀ ਕਿਉਂਕਿ ਇਸ ਰੋਡ ’ਤੇ ਆਟੋਜ਼ ਅਤੇ ਈ-ਰਿਕਸ਼ਾ ਕਾਰਨ ਕਾਫ਼ੀ ਜਾਮ ਲੱਗਾ ਰਹਿੰਦਾ ਸੀ, ਜਿਸ ਕਾਰਨ ਸਿਵਲ ਹਸਪਤਾਲ ਵਿਚ ਆਉਣ-ਜਾਣ ਵਾਲੀ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਕਾਫ਼ੀ ਸਮੇਂ ਤੱਕ ਜਾਮ ਵਿਚ ਫਸਣਾ ਪੈਂਦਾ ਸੀ। ਏ. ਡੀ. ਸੀ. ਪੀ. ਟਰੈਫਿਕ ਕੰਵਲਪ੍ਰੀਤ ਿਸੰਘ ਚਾਹਲ ਅਤੇ ਏ. ਸੀ. ਪੀ. ਟਰੈਫਿਕ ਪ੍ਰੀਤ ਕੰਵਲਜੀਤ ਸਿੰਘ ਨੇ ਆਟੋ ਅਤੇ ਈ-ਰਿਕਸ਼ਾ ਯੂਨੀਅਨ ਦੇ ਅਹੁਦੇਦਾਰਾਂ ਨੂੰ ਮੀਟਿੰਗ ਲਈ ਬੁਲਾਇਆ ਅਤੇ ਸਿਵਲ ਹਸਪਤਾਲ ਦੇ ਬਾਹਰ ਗਲਤ ਢੰਗ ਨਾਲ ਖੜ੍ਹੇ ਹੋਣ ਵਾਲੇ ਆਟੋਜ਼ ਅਤੇ ਈ-ਰਿਕਸ਼ਾ ਕਾਰਨ ਜਾਮ ਲੱਗਣ ਦੀ ਗੱਲ ਕਹੀ। ਇਸੇ ਤਰ੍ਹਾਂ ਅਧਿਕਾਰੀਆਂ ਨੇ ਕਿਹਾ ਕਿ ਆਟੋ ਅਤੇ ਈ-ਰਿਕਸ਼ਾ ਵਾਲੇ ਆਪਣੀ ਮਨਮਰਜ਼ੀ ਨਾਲ ਕਿਤੇ ਵੀ ਆਟੋ ਅਤੇ ਈ-ਰਿਕਸ਼ਾ ਖੜ੍ਹੇ ਕਰਕੇ ਸਵਾਰੀਆਂ ਉਤਾਰਦੇ ਅਤੇ ਬਿਠਾਉਂਦੇ ਹਨ, ਜਿਸ ਨਾਲ ਸ਼ਹਿਰ ਦੀ ਟਰੈਫਿਕ ਵਿਵਸਥਾ ਵਿਗੜੀ ਹੋਈ ਹੈ।

ਏ. ਡੀ. ਸੀ. ਪੀ. ਚਾਹਲ ਨੇ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਬਸਤੀ ਅੱਡਾ ਚੌਕ ਰੋਡ ’ਤੇ ਟਰੈਫਿਕ ਜਾਮ ਲੱਗੇ ਰਹਿਣ ਨੂੰ ਵੀ ਗੰਭੀਰ ਦੱਸਿਆ, ਜਿਸ ਤੋਂ ਬਾਅਦ ਨਤੀਜਾ ਕੱਢਿਆ ਗਿਆ ਕਿ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਬਸਤੀ ਅੱਡਾ ਚੌਂਕ ’ਤੇ ਆਟੋਜ਼ ਅਤੇ ਈ-ਰਿਕਸ਼ਾ 19 ਜਨਵਰੀ ਤੋਂ ਐਂਟਰ ਨਹੀਂ ਹੋਣ ਦਿੱਤੇ ਜਾਣਗੇ। ਯੂਨੀਅਨ ਦੇ ਅਹੁਦੇਦਾਰਾਂ ਨੇ ਵੀ ਇਸ ਪ੍ਰਤੀ ਸਹਿਮਤੀ ਪ੍ਰਗਟਾਈ ਹੈ। ਏ. ਡੀ. ਸੀ. ਪੀ. ਚਾਹਲ ਨੇ ਇਸ ਤੋਂ ਇਲਾਵਾ ਕਿਹਾ ਕਿ ਜੇਕਰ 19 ਜਨਵਰੀ ਨੂੰ ਕੋਈ ਆਟੋ ਜਾਂ ਈ-ਰਿਕਸ਼ਾ ਵਾਲੇ ਨੇ ‘ਨੋ ਆਟੋ ਜ਼ੋਨ’ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇਸ ਨਿਯਮ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਜਾਣਾ ਹੈ। ਜੇਕਰ ‘ਨੋ ਆਟੋ ਜ਼ੋਨ’ ਨੂੰ ਟਰੈਫਿਕ ਪੁਲਸ ਬਹਾਲ ਰੱਖਦੀ ਹੈ ਤਾਂ ਰੋਡ ’ਤੇ 80 ਫ਼ੀਸਦੀ ਜਾਮ ਦੀ ਸਮੱਸਿਆ ਖ਼ਤਮ ਹੋ ਜਾਵੇਗੀ। ਏ. ਡੀ. ਸੀ. ਪੀ. ਚਾਹਲ ਨੇ ਕਿਹਾ ਕਿ ਉਕਤ ਰੋਡ ’ਤੇ ਜੇਕਰ ਕਿਸੇ ਨੇ ਆਪਣੀ ਗੱਡੀ ਗਲਤ ਢੰਗ ਨਾਲ ਖੜ੍ਹੀ ਕੀਤੀ ਤਾਂ ਉਸ ਖ਼ਿਲਾਫ਼ ਵੀ ਐਕਸ਼ਨ ਲਿਆ ਜਾਵੇਗਾ। ਟਰੈਫਿਕ ਪੁਲਸ ਦੀਆਂ ਟੀਮਾਂ ਹੁਣ ਰੁਟੀਨ ਵਿਚ ਉਕਤ ਰੋਡ ਦੀ ਚੈਕਿੰਗ ਕਰਦੀਆਂ ਰਹਿਣਗੀਆਂ।

ਇਹ ਵੀ ਪੜ੍ਹੋ : ਜਲੰਧਰ: ASI ਦੀ ਬਹਾਦਰੀ ਨੂੰ ਸਲਾਮ, ਜਾਨ 'ਤੇ ਖੇਡ ਕੇ ਅੱਗ ਲੱਗੀ ਕਾਰ 'ਚੋਂ ਇੰਝ ਬਾਹਰ ਕੱਢਿਆ ਪਰਿਵਾਰ

ਆਟੋ ਦੇ ਅੰਦਰ ਡਰਾਈਵਰ ਦਾ ਨਾਂ-ਪਤਾ ਅਤੇ ਮੋਬਾਇਲ ਨੰਬਰ ਲਿਖਵਾਉਣਾ ਜ਼ਰੂਰੀ
ਏ. ਡੀ. ਸੀ. ਪੀ. ਚਾਹਲ ਨੇ ਕਿਹਾ ਕਿ ਸ਼ਹਿਰ ਦੀ ਹੱਦ ਵਿਚ ਚੱਲਣ ਵਾਲੇ ਆਟੋਜ਼ ਦੇ ਡਰਾਈਵਰ ਆਪਣੇ ਆਟੋ ਦੇ ਅੰਦਰ, ਅੱਗੇ ਅਤੇ ਪਿੱਛੇ ਨਾਂ-ਪਤਾ ਅਤੇ ਮੋਬਾਇਲ ਨੰਬਰ ਲਿਖਵਾਉਣਗੇ। ਇਸ ਤੋਂ ਇਲਾਵਾ ਆਟੋ ਦੇ ਅੰਦਰ ਪੁਲਸ ਹੈਲਪਲਾਈਨ ਨੰਬਰ 112 ਅਤੇ ਵੂਮੈਨ ਹੈਲਪਲਾਈਨ ਨੰਬਰ 1091 ਲਿਖਵਾਉਣਾ ਵੀ ਜ਼ਰੂਰੀ ਹੈ। ਉਨ੍ਹਾਂ ਬੁੱਧਵਾਰ ਦਾ ਸਮਾਂ ਦਿੰਦਿਆਂ ਕਿਹਾ ਕਿ ਜੇਕਰ ਵੀਰਵਾਰ ਤੱਕ ਅਜਿਹਾ ਨਾ ਹੋਇਆ ਤਾਂ ਟਰੈਫਿਕ ਪੁਲਸ ਅਜਿਹੇ ਆਟੋ ਚਾਲਕਾਂ ਦੇ ਚਲਾਨ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਆਟੋ ਦੇ ਅੱਗੇ-ਪਿੱਛੇ ਸਹੀ ਢੰਗ ਨਾਲ ਨੰਬਰ ਪਲੇਟ ਲਾਈ ਜਾਵੇ। ਜਿਹੜੇ ਆਟੋਜ਼ ਅਤੇ ਈ-ਰਿਕਸ਼ਾ ਵਾਲਿਆਂ ਕੋਲ ਡਰਾਈਵਰ ਲਾਇਸੈਂਸ ਨਹੀਂ ਹੈ, ਉਨ੍ਹਾਂ ਖ਼ਿਲਾਫ਼ ਵੀ ਿਵਸ਼ੇਸ਼ ਤੌਰ ’ਤੇ ਮੁਹਿੰਮ ਛੇੜੀ ਜਾ ਰਹੀ ਹੈ, ਜਦਕਿ ਆਟੋਜ਼ ਅਤੇ ਈ-ਰਿਕਸ਼ਾ ਵਾਲੇ ਆਪਣੇ ਕੋਲ ਗੱਡੀਆਂ ਦੇ ਸਾਰੇ ਦਸਤਾਵੇਜ਼ ਰੱਖਣਗੇ, ਨਹੀਂ ਤਾਂ ਉਨ੍ਹਾਂ ਦੇ ਚਲਾਨ ਹੋਣਗੇ। ਜੇਕਰ ਕਿਸੇ ਆਟੋ ਜਾਂ ਈ-ਰਿਕਸ਼ਾ ਚਾਲਕ ਨੇ ਮਨਮਰਜ਼ੀ ਨਾਲ ਆਟੋ ਆਦਿ ਰੋਕ ਕੇ ਸਵਾਰੀ ਚੁੱਕੀ ਜਾਂ ਬਿਠਾਈ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਹੋਵੇਗੀ। ਆਟੋ ਅਤੇ ਈ-ਰਿਕਸ਼ਾ ਨਿਰਧਾਰਿਤ ਸਟੈਂਡ ’ਤੇ ਹੀ ਖੜ੍ਹੇ ਹੋਣਗੇ।

ਇਹ ਰਹੇਗਾ ਆਟੋ ਅਤੇ ਈ-ਰਿਕਸ਼ਾ ਵਾਲਿਆਂ ਦਾ ਰੂਟ
ਏ. ਡੀ. ਸੀ. ਪੀ. ਚਾਹਲ ਨੇ ਦੱਸਿਆ ਕਿ ਆਟੋ ਅਤੇ ਈ-ਰਿਕਸ਼ਾ ਵਾਲੇ ਸ਼੍ਰੀ ਰਾਮ ਚੌਂਕ ਤੱਕ ਆ ਸਕਣਗੇ, ਜਦੋਂ ਕਿ ਜਿਹੜੀਆਂ ਸਵਾਰੀਆਂ ਨੇ ਭਗਵਾਨ ਵਾਲਮੀਕਿ ਚੌਂਕ, ਸਿਵਲ ਹਸਪਤਾਲ, ਸ਼ੇਖਾਂ ਬਾਜ਼ਾਰ ਜਾਂ ਫਿਰ ਨੇੜੇ-ਤੇੜੇ ਕਿਤੇ ਜਾਣਾ ਹੈ ਤਾਂ ਉਨ੍ਹਾਂ ਨੂੰ ਲਵਲੀ ਸਵੀਟਸ ਨਜ਼ਦੀਕ ਉਤਾਰਨਾ ਹੋਵੇਗਾ। ਇਸੇ ਤਰ੍ਹਾਂ ਦਿਲਕੁਸ਼ਾ ਮਾਰਕੀਟ ਵਿਚ ਆਉਣ ਵਾਲੀਆਂ ਸਵਾਰੀਆਂ ਨੂੰ ਫ੍ਰੈਂਡਜ਼ ਪੀ. ਵੀ. ਆਰ. ਨੇੜੇ ਉਤਾਰਨਾ ਹੋਵੇਗਾ। ਬਸਤੀ ਅੱਡਾ ਚੌਂਕ ਜਾਣ ਲਈ ਆਟੋ, ਈ-ਰਿਕਸ਼ਾ ਚਿਕਚਿਕ ਚੌਂਕ ਤੋਂ ਅੰਦਰ ਆਉਣਗੇ। ‘ਨੋ ਆਟੋ ਜ਼ੋਨ’ ਦੇ ਨੇੜੇ-ਤੇੜੇ ਹਰ ਕੱਟ ’ਤੇ ਟਰੈਫਿਕ ਪੁਲਸ ਦਾ ਵਿਸ਼ੇਸ਼ ਨਾਕਾ ਹੋਵੇਗਾ, ਜਿਹੜਾ ਆਟੋ ਵਾਲਿਆਂ ਨੂੰ ਐਂਟਰ ਨਹੀਂ ਹੋਣ ਦੇਵੇਗਾ। ਸਕੂਲ ਅਤੇ ਮਰੀਜ਼ ਨੂੰ ਲੈ ਕੇ ਆਉਣ ਵਾਲੇ ਆਟੋ ਅਤੇ ਈ-ਰਿਕਸ਼ਾ ਨੂੰ ਹੀ ਨੋ ਜ਼ੋਨ ਵਿਚ ਦਾਖ਼ਲ ਹੋਣ ਦੀ ਛੂਟ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : 'ਹਵੇਲੀ' 'ਤੇ ਚਲਿਆ ਜਲੰਧਰ ਨਗਰ ਨਿਗਮ ਦਾ ਬੁਲਡੋਜ਼ਰ, ਟੀਮ ਨਾਲ ਹੋਈ ਤਕਰਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News