ਬੱਸੀ ਪਠਾਣਾਂ ਦੀ ਰੇਲਵੇ ਕਾਲੋਨੀ 'ਚ ਪ੍ਰਵਾਸੀ ਨੌਜਵਾਨ ਦਾ ਕਤਲ

Thursday, Feb 06, 2020 - 11:46 AM (IST)

ਬੱਸੀ ਪਠਾਣਾਂ ਦੀ ਰੇਲਵੇ ਕਾਲੋਨੀ 'ਚ ਪ੍ਰਵਾਸੀ ਨੌਜਵਾਨ ਦਾ ਕਤਲ

ਬੱਸੀ ਪਠਾਣਾਂ (ਰਾਜਕਮਲ, ਵਿਪਨ): ਬੱਸੀ ਪਠਾਣਾਂ ਦੀ ਰੇਲਵੇ ਕਾਲੋਨੀ 'ਚ ਅੱਜ ਸਵੇਰੇ ਕਰੀਬ ਸਾਢੇ 7 ਵਜੇ ਇਕ ਪ੍ਰਵਾਸੀ ਅਪਾਹਜ ਨੌਜਵਾਨ ਦਾ ਕਤਲ ਹੋਣ ਦੀ ਖਬਰ ਨੇ ਸਮੁੱਚੇ ਸ਼ਹਿਰ 'ਚ ਸਨਸਨੀ ਫੈਲਾ ਦਿੱਤੀ ਅਤੇ ਪੂਰੇ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮ੍ਰਿਤਕ ਦੀ ਪਛਾਣ ਸੁਵਿੰਦਰ ਕੁਮਾਰ ਪੁੱਤਰ ਨੱਥੂ ਸਿੰਘ (25) ਪਿੰਡ ਸਰਨਾਊ ਥਾਣਾ ਮਰੇਚੀ ਜ਼ਿਲਾ ਏਟਾ ਉੱਤਰ ਪ੍ਰਦੇਸ਼ ਵਜੋਂ ਹੋਈ ਹੈ, ਜੋ ਕਿ ਸਥਾਨਕ ਰੇਲਵੇ ਕਾਲੋਨੀ ਦੇ ਇਕ ਕਿਰਾਏ ਦੇ ਮਕਾਨ 'ਚ ਆਪਣੇ ਦੋ ਸਾਥੀਆਂ ਸਮੇਤ ਰਹਿੰਦਾ ਸੀ ਅਤੇ ਮੇਨ ਰੋਡ ਮਾਰਕੀਟ ਕਮੇਟੀ ਦੇ ਸਾਹਮਣੇ ਬਰਗਰ ਆਦਿ ਵੇਚਣ ਦਾ ਕੰਮ ਕਰਦਾ ਸੀ।

PunjabKesari

ਘਟਨਾ ਦਾ ਪਤਾ ਚਲਦਿਆਂ ਹੀ ਮੌਕੇ 'ਤੇ ਪਹੁੰਚੇ ਜ਼ਿਲਾ ਪੁਲਸ ਮੁਖੀ ਮੈਡਮ ਅਮਨੀਤ ਕੌਂਡਲ, ਐੱਸ. ਪੀ. ਡੀ. ਹਰਪਾਲ ਸਿੰਘ, ਐੱਸ. ਪੀ. ਕਵਰਦੀਪ ਸਿੰਘ, ਡੀ. ਐੱਸ. ਪੀ. ਜਸਵਿੰਦਰ ਸਿੰਘ, ਡੀ. ਐੱਸ. ਪੀ. ਸੁਖਮਿੰਦਰ ਸਿੰਘ ਚੌਹਾਨ, ਥਾਣਾ ਮੁਖੀ ਮਨਪ੍ਰੀਤ ਸਿੰਘ ਦਿਓਲ, ਸੀ. ਏ. ਇੰਚਾਰਜ ਭੁਪਿੰਦਰ ਸਿੰਘ ਅਤੇ ਪੁਲਸ ਚੌਕੀ ਮੁਖੀ ਬਲਜਿੰਦਰ ਸਿੰਘ ਕੰਗ ਵਲੋਂ ਜਿੱਥੇ ਘਟਨਾ ਵਾਲੀ ਥਾਂ ਦਾ ਦੌਰਾ ਕਰਦਿਆਂ ਹਰੇਕ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ, ਉਥੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ, ਮੁਹੱਲਾ ਨਿਵਾਸੀਆਂ ਤੇ ਮ੍ਰਿਤਕ ਸੁਵਿੰਦਰ ਕੁਮਾਰ ਦੇ ਨਾਲ ਰਹਿਣ ਵਾਲੇ ਪ੍ਰਵਾਸੀ ਸਾਥੀਆਂ ਅਜੇ ਕੁਮਾਰ ਅਤੇ ਵਿਜੇ ਕੁਮਾਰ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਸ. ਪੀ. ਡੀ. ਹਰਪਾਲ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਨੇ ਪੁਲਸ 'ਚ ਦਰਜ ਕਰਵਾਏ ਗਏ ਬਿਆਨਾਂ ਮੁਤਾਬਕ ਸਵੇਰੇ ਮ੍ਰਿਤਕ ਅਤੇ ਉਸ ਦੇ ਨਾਲ ਰਹਿਣ ਵਾਲੇ ਹੋਰ ਸਾਥੀਆਂ 'ਚ ਕੁਝ ਝਗੜਾ ਹੋਣ ਦੀ ਜਾਣਕਾਰੀ ਮਿਲੀ ਸੀ ਅਤੇ ਪੁਲਸ ਵਲੋਂ ਕਤਲ ਦਾ ਮਾਮਲਾ ਦਰਜ ਕਰਦਿਆਂ ਹਰੇਕ ਪਹਿਲੂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸਲਾਖਾਂ ਪਿੱਛੇ ਹੋਣਗੇ।


author

Shyna

Content Editor

Related News