ਅਕਾਲੀ-ਭਾਜਪਾ ਦੇ ਕਾਟੋ-ਕਲੇਸ਼ 'ਤੇ ਭਗਵੰਤ ਮਾਨ ਨੇ ਵਿੰਨ੍ਹਿਆਂ ਨਿਸ਼ਾਨਾ (ਵੀਡੀਓ)

Monday, Feb 04, 2019 - 11:26 AM (IST)

ਬਰਨਾਲਾ (ਪੁਨੀਤ)— ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਬਰਨਾਲਾ ਵਿਚ ਇਕ ਨਿੱਜੀ ਸਮਾਗਮ ਵਿਚ ਹਿੱਸਾ ਲੈਣ ਲਈ ਪਹੁੰਚੇ ਸਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਨ ਨੇ ਕਿਹਾ ਕਿ ਬਹਿਬਲ ਕਲਾਂ ਗੋਲੀਕਾਂਡ ਦੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ 'ਤੇ ਰੋਕ ਲਗਾਉਣ ਤੋਂ ਅਦਾਲਤ ਨੇ ਇਨਕਾਰ ਕਰ ਦਿੱਤਾ ਹੈ, ਜਿਸ ਨਾਲ ਐਸ.ਆਈ.ਟੀ. ਖੁੱਲ ਕੇ ਆਪਣਾ ਕੰਮ ਕਰ ਸਕਦੀ ਹੈ। ਕਿਉਂਕਿ ਲੋਕਾਂ ਨੂੰ ਐਸ.ਆਈ.ਟੀ. ਤੋਂ ਬਹੁਤ ਉਮੀਦਾਂ ਹਨ। ਮਾਨ ਨੇ ਕਿਹਾ ਕਿ ਸਿਰਫ ਪੁਲਸ ਅਧਿਕਾਰੀਆਂ ਨੂੰ ਫੜਨ ਨਾਲ ਕੋਈ ਫਾਇਦਾ ਨਹੀਂ ਹੋਣਾ ਸਗੋਂ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ 'ਜਨਰਲ ਡਾਇਰ' ਨੂੰ ਵੀ ਫੜਨਾ ਚਾਹੀਦਾ ਹੈ।

ਉਥੇ ਹੀ ਗੁਰਦੁਆਰਿਆਂ ਵਿਚ ਕੀਤੇ ਜਾ ਰਹੇ ਦਖਲ 'ਤੇ ਬੋਲਦੇ ਹੋਏ ਕਿ ਮਾਨ ਨੇ ਕਿਹਾ ਕਿ ਇਹ ਭਾਜਪਾ ਲਈ ਬਹੁਤ ਗਲਤ ਹੈ। ਇਸ ਸਬੰਧੀ ਅਕਾਲੀ ਦਲ ਦੇ ਸਿਰਫ ਦੂਜੀ ਕਤਾਰ ਦੇ ਨੇਤਾ ਹੀ ਭਾਜਪਾ ਵਿਰੁੱਧ ਬੋਲ ਰਹੇ ਹਨ ਪਰ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਭਾਜਪਾ ਦੀ ਮੰਤਰੀ ਸਮਰਿਤੀ ਇਰਾਨੀ ਨਾਲ ਕਿਕਲੀ ਪਾ ਰਹੀ ਹੈ। ਮਾਨ ਨੇ ਕਿਹਾ ਕਿ ਬਾਦਲਾਂ ਨੂੰ ਸਿਰਫ ਸੀਟਾਂ ਦੀ ਚਿੰਤਾ ਹੈ ਪੰਜਾਬ ਦੀ ਨਹੀਂ। ਇਸ ਦੌਰਾਨ ਮਾਨ ਨੇ ਕੇਵਲ ਸਿੰਘ ਢਿੱਲੋਂ ਬਾਰੇ ਬੋਲਦੇ ਹੋਏ ਕਿਹਾ ਕਿ ਉਹ 'ਜੁਆਕ' ਤਾਂ ਪਹਿਲਾਂ ਹੀ ਮੇਰੇ ਤੋਂ ਹਾਰਿਆ ਹੋਇਆ ਹੈ। ਕੇਵਲ ਸਿੰਘ ਢਿੱਲੋਂ ਦਾ ਸਵਾਗਤ ਕਰਦੇ ਹੋਏ ਮਾਨ ਨੇ ਕਿਹਾ ਕਿ ਹਰ ਇਕ ਵਿਅਕਤੀ ਨੂੰ ਚੋਣ ਲੜਨ ਦਾ ਹੱਕ ਹੈ ਪਰ ਇਹ ਪਹਿਲਾਂ ਆਪਸੀ ਲੜਾਈ ਤਾਂ ਛੱਡਣ।


author

cherry

Content Editor

Related News