ਫੋਟੋਗ੍ਰਾਫਰਾਂ ਨੂੰ ਵਿਆਹ ਸਮਾਗਮਾਂ 'ਚ ਡਰੋਨ ਵਰਤਣ ਲਈ ਲੈਣੀ ਪਵੇਗੀ ਲਿਖਤੀ ਮਨਜ਼ੂਰੀ

Saturday, Oct 12, 2019 - 01:00 PM (IST)

ਫੋਟੋਗ੍ਰਾਫਰਾਂ ਨੂੰ ਵਿਆਹ ਸਮਾਗਮਾਂ 'ਚ ਡਰੋਨ ਵਰਤਣ ਲਈ ਲੈਣੀ ਪਵੇਗੀ ਲਿਖਤੀ ਮਨਜ਼ੂਰੀ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ''ਪਿਛਲੇ ਦਿਨੀਂ ਗੁਆਂਢੀ ਮੁਲਕ ਵੱਲੋਂ ਡਰੋਨ ਦੁਆਰਾ ਪੰਜਾਬ 'ਚ ਹਥਿਆਰ ਅਤੇ ਨਸ਼ਾ ਭੇਜਣ ਦੀਆਂ ਵਾਪਰੀਆਂ ਘਟਨਾਵਾਂ ਤੋਂ ਬਾਅਦ ਸਰਕਾਰ ਵੱਲੋਂ ਡਰੋਨ ਦੀ ਵਰਤੋਂ 'ਤੇ ਸਖਤੀ ਕੀਤੀ ਗਈ ਹੈ, ਜਿਸ ਦਾ ਪ੍ਰਭਾਵ ਪੰਜਾਬ ਦੇ ਫੋਟੋਗ੍ਰਾਫਰਾਂ ਵੱਲੋਂ ਵਿਆਹ ਸਮਾਗਮਾਂ ਦੀ ਵੀਡੀਓਗ੍ਰਾਫੀ ਕਰਨ ਲਈ ਵਰਤੇ ਜਾਂਦੇ ਡ੍ਰੋਨ 'ਤੇ ਵੀ ਪਿਆ ਹੈ।'' ਇਹ ਵਿਚਾਰ ਗੁਰਨਾਮ ਸਿੰਘ ਸ਼ੇਰਪੁਰ ਪ੍ਰਧਾਨ ਪੰਜਾਬ ਫੋਟੋਗ੍ਰਾਫਰਜ਼ ਐਸੋ. ਪੰਜਾਬ ਨੇ ਐੱਸ. ਐੱਸ. ਪੀ. ਹਰਜੀਤ ਸਿੰਘ ਬਰਨਾਲਾ ਨਾਲ ਇਕ ਗੈਰ ਰਸਮੀ ਮਿਲਣੀ ਸਮੇਂ ਸਾਂਝੇ ਕੀਤੇ।

PunjabKesari

ਐੱਸ. ਐੱਸ. ਪੀ. ਹਰਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਫੋਟੋਗ੍ਰਾਫਰਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਪਰ ਸੁਰੱਖਿਆ ਦੇ ਮੱਦੇਨਜ਼ਰ ਫੋਟੋਗ੍ਰਾਫਰਾਂ ਨੂੰ ਡਰੋਨ ਦੀ ਵਰਤੋਂ ਸਬੰਧੀ ਪੂਰੀ ਜਾਣਕਾਰੀ ਸਬੰਧਤ ਪੁਲਸ ਸਟੇਸ਼ਨ ਵਿਖੇ ਲਿਖਤੀ ਦੇਣੀ ਹੋਵੇਗੀ। ਫੋਟੋਗ੍ਰਾਫਰ ਆਪਣਾ ਆਧਾਰ ਕਾਰਡ, ਵਿਆਹ ਦਾ ਕਾਰਡ ਅਤੇ ਕਿੱਤੇ ਦਾ ਪਛਾਣ ਕਾਰਡ ਪੇਸ਼ ਕਰ ਕੇ ਲਿਖਤੀ ਮਨਜ਼ੂਰੀ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਡਰੋਨ ਪ੍ਰੋਗਰਾਮ ਵਾਲੀ ਥਾਂ ਦੇ 100 ਮੀਟਰ ਦੇ ਘੇਰੇ ਅੰਦਰ ਅਤੇ ਵੱਧ ਤੋਂ ਵੱਧ 35 ਮੀਟਰ ਉਚਾਈ 'ਤੇ ਹੀ ਉਡਾਇਆ ਜਾ ਸਕਦਾ ਹੈ। ਫੋਟੋਗ੍ਰਾਫਰ ਸ਼ਰਤਾਂ ਦਾ ਪਾਬੰਦ ਹੋਵੇਗਾ।

ਗੁਰਨਾਮ ਸਿੰਘ ਨੇ ਪ੍ਰਸ਼ਾਸਨ ਨੂੰ ਭਰੋਸਾ ਦਿਵਾਇਆ ਕਿ ਉਹ ਸਾਰੇ ਪੰਜਾਬ ਦੇ ਫੋਟੋਗ੍ਰਾਫਰਾਂ ਨੂੰ ਇਸ ਸਬੰਧੀ ਜਾਗਰੂਕ ਕਰਨਗੇ ਅਤੇ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਕੈਸ਼ੀਅਰ ਪੰਜਾਬ ਵਰਿੰਦਰ ਕੁਮਾਰ, ਸਾਊਥ ਜ਼ੋਨ ਦੇ ਸੈਕਟਰੀ ਰਣਜੀਤ ਅਨਮੋਲ ਅਤੇ ਜ਼ਿਲਾ ਪ੍ਰਧਾਨ ਜਸਵੀਰ ਸ਼ਰਮਾ ਵੀ ਹਾਜ਼ਰ ਸਨ।


author

cherry

Content Editor

Related News