ਮਨਜੀਤ ਸਿੰਘ ਧਨੇਰ ਦੇ ਸਵਾਗਤ ਲਈ ਇਕੱਠੇ ਹੋਏ ਹਜ਼ਾਰਾਂ ਲੋਕ (ਵੀਡੀਓ)

Friday, Nov 15, 2019 - 04:27 PM (IST)

ਬਰਨਾਲਾ (ਪੁਨੀਤ ਮਾਨ) : ਬਰਨਾਲਾ ਜੇਲ 'ਚੋਂ ਰਿਹਾਅ ਹੋਏ ਲੋਕ ਆਗੂ ਮਨਜੀਤ ਧਨੇਰ ਨੂੰ ਪੂਰੇ ਮਾਣ-ਸਤਿਕਾਰ ਨਾਲ ਮਹਿਲ ਕਲਾਂ ਨਜ਼ਦੀਕ ਉਨ੍ਹਾਂ ਦੇ ਪਿੰਡ ਧਨੇਰ ਛੱਡਣ ਲਈ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ ਹਨ। ਦੱਸ ਦੇਈਏ ਕਿ ਕਿਰਨਜੀਤ ਕੌਰ ਕਤਲ ਕਾਂਡ 'ਚ ਇਨਸਾਫ ਲਈ ਲੜਨ ਵਾਲੇ ਲੋਕ ਆਗੂ ਮਨਜੀਤ ਧਨੇਰ ਨੂੰ ਬੀਤੇ ਦਿਨ ਭਾਵ 14 ਨਵੰਬਰ ਨੂੰ ਜ਼ਿਲਾ ਪ੍ਰਸ਼ਾਸਨ ਦੇ ਹੁਕਮਾਂ 'ਤੇ ਸਾਢੇ 8 ਵਜੇ ਧਨੇਰ ਨੂੰ ਜੇਲ ਵਿਚੋਂ ਰਿਹਾਅ ਕਰ ਦਿੱਤਾ ਗਿਆ ਸੀ। ਰਿਹਾਅ ਹੋਣ ਤੋਂ ਬਾਅਦ ਧਨੇਰ ਪਹਿਲਾਂ ਮੋਰਚੇ 'ਚ ਬੈਠੇ ਸਾਥੀਆਂ ਨੂੰ ਮਿਲੇ ਅਤੇ ਉਨ੍ਹਾਂ ਕਿਹਾ ਸੀ ਕਿ ਉਹ ਅੱਜ ਦੀ ਰਾਤ ਸੰਘਰਸ਼ਸ਼ੀਲ ਸਾਥੀਆਂ ਨਾਲ ਮੋਰਚੇ ਵਿਚ ਹੀ ਕੱਟਣਗੇ। ਇਸ ਦੌਰਾਨ ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਕਿਸਾਨ ਆਗੂ ਧਨੇਰ ਨੂੰ 15 ਨਵੰਬਰ ਭਾਵ ਸ਼ੁੱਕਰਵਾਰ ਦੀ ਸਵੇਰ ਨੂੰ 11 ਵਜੇ ਵੱਡੇ ਕਾਫਲੇ ਦੇ ਰੂਪ ਵਿਚ ਪੂਰੇ ਮਾਣ-ਸਤਿਕਾਰ ਨਾਲ ਮਹਿਲ ਕਲਾਂ ਨਜ਼ਦੀਕ ਉਨ੍ਹਾਂ ਦੇ ਪਿੰਡ ਧਨੇਰ ਲੈ ਕੇ ਜਾਣਗੇ।

PunjabKesari

ਜਾਣੋ ਕੀ ਸੀ ਮਾਮਲਾ
ਬਰਨਾਲਾ ਜ਼ਿਲੇ ਦੀ ਰਹਿਣ ਵਾਲੀ ਕਿਰਨਜੀਤ ਕੌਰ, ਮਹਿਲ ਕਲਾਂ ਦੇ ਹੀ ਇਕ ਕੁੜੀਆਂ ਦੇ ਕਾਲਜ ਵਿਚ 12ਵੀਂ ਜਮਾਤ ਦੀ ਵਿਦਿਆਰਥਣ ਸੀ, ਜਿਸ ਨੂੰ ਅਗਵਾ ਕਰਕੇ ਬਲਾਤਕਾਰ ਮਗਰੋਂ ਕਤਲ ਕਰ ਦਿੱਤਾ ਗਿਆ ਸੀ। ਕਿਰਨਜੀਤ ਕੌਰ 29 ਜੁਲਾਈ, 1997 ਨੂੰ ਲਾਪਤਾ ਹੋਈ ਸੀ ਜਿਸ ਦੀ ਲਾਸ਼ ਕੁੱਝ ਦਿਨਾਂ ਬਾਅਦ ਪਿੰਡ ਦੇ ਹੀ ਇਕ ਖੇਤ ਵਿਚੋਂ ਪੁਲਸ ਨੂੰ ਦੱਬੀ ਹੋਈ ਮਿਲੀ ਸੀ।

PunjabKesari

ਇਸ ਮਾਮਲੇ ਦੀ ਜਲਦੀ ਸੁਣਵਾਈ ਲਈ ਐਕਸ਼ਨ ਕਮੇਟੀ ਬਣਾਈ ਗਈ ਸੀ ਜਿਸ ਵਿਚ ਮਨਜੀਤ ਧਨੇਰ, ਮਾਸਟਰ ਪ੍ਰੇਮ ਕੁਮਾਰ ਅਤੇ ਨਾਰਾਇਣ ਦੱਤ ਸ਼ਾਮਲ ਸੀ ਅਤੇ ਇਨ੍ਹਾਂ ਨੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਪੁਲਸ 'ਤੇ ਦਬਾਅ ਬਣਾਇਆ ਸੀ। ਇਸੇ ਦੌਰਾਨ ਕਿਰਨਜੀਤ ਕੌਰ ਕੇਸ ਦੇ ਮੁਲਜ਼ਮ ਧਿਰ ਨਾਲ ਸਬੰਧਤ ਮੁਲਜ਼ਮਾਂ ਦੇ ਇਕ ਪਰਿਵਾਰਕ ਮੈਂਬਰ ਦਲੀਪ ਸਿੰਘ ਉੱਤੇ ਹਮਲਾ ਹੋ ਗਿਆ। ਇਸ ਹਮਲੇ ਤੋਂ 9 ਦਿਨਾਂ ਬਾਅਦ ਦਲੀਪ ਸਿੰਘ ਦੀ ਮੌਤ ਹੋ ਗਈ ਸੀ, ਜਿਸ ਦਾ ਇਲਜ਼ਾਮ ਨਰਾਇਣ ਦੱਤ, ਮਨਜੀਤ ਸਿੰਘ ਧਨੇਰ ਅਤੇ ਪ੍ਰੇਮ ਕੁਮਾਰ ਅਤੇ ਹੋਰਾਂ ਨੂੰ ਮੁਲਜ਼ਮ ਨਾਮਜ਼ਦ ਕਰ ਦਿੱਤਾ ਗਿਆ ਸੀ। 30 ਮਾਰਚ 2005 ਨੂੰ ਬਰਨਾਲਾ ਸੈਸ਼ਨ ਕੋਰਟ ਵੱਲੋਂ ਇਨ੍ਹਾਂ ਤਿੰਨ ਆਗੂਆਂ ਸਮੇਤ ਸੱਤੇ ਨਾਮਜ਼ਦ ਵਿਅਕਤੀਆਂ ਨੂੰ ਦਲੀਪ ਸਿੰਘ ਦੇ ਕਤਲ ਦੇ ਦੋਸ਼ ਵਿਚ ਉਮਰ-ਕੈਦ ਦੀ ਸਜ਼ਾ ਸੁਣਾਈ ਗਈ ਸੀ।

PunjabKesari

ਜਨਤਕ ਜਥੇਬੰਦੀਆਂ ਇਸ ਮਾਮਲੇ ਨੂੰ ਪੰਜਾਬ ਰਾਜਪਾਲ ਕੋਲ ਲੈ ਗਈਆਂ। 24 ਅਗਸਤ 2007 ਨੂੰ ਰਾਜਪਾਲ ਨੇ ਇਨ੍ਹਾਂ ਨੂੰ ਨਿਰਦੋਸ਼ ਮੰਨਦਿਆਂ ਸਜ਼ਾ ਮਾਫ਼ ਕਰ ਦਿੱਤੀ। ਗਵਰਨਰ ਪੰਜਾਬ ਦੇ ਇਸ ਫ਼ੈਸਲੇ ਖ਼ਿਲਾਫ਼ ਮ੍ਰਿਤਕ ਦਲੀਪ ਸਿੰਘ ਦੇ ਵਾਰਸਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅਪੀਲ ਪਾਈ ਗਈ ਸੀ। ਇਸ ਅਪੀਲ ਦੇ ਅਧਾਰ 'ਤੇ ਹਾਈ ਕੋਰਟ ਵੱਲੋਂ 11 ਫਰਵਰੀ 2008 ਨੂੰ ਨਰਾਇਣ ਦੱਤ ਅਤੇ ਪ੍ਰੇਮ ਕੁਮਾਰ ਨੂੰ ਬਰੀ ਕਰ ਦਿੱਤਾ ਸੀ ਜਦਕਿ ਮਨਜੀਤ ਧਨੇਰ ਦੀ ਸਜ਼ਾ ਬਹਾਲ ਕਰ ਦਿੱਤੀ ਸੀ। ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਗਈ ਅਤੇ ਸੁਪਰੀਮ ਕੋਰਟ ਨੇ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ।


author

cherry

Content Editor

Related News