'ਜਗਮੀਤ ਸਿੰਘ' ਹਨ ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ

Thursday, Feb 28, 2019 - 12:16 PM (IST)

'ਜਗਮੀਤ ਸਿੰਘ' ਹਨ ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)— ਮਹਾਨ ਸ਼ਹੀਦ ਪ੍ਰਜਾ ਮੰਡਲ ਲਹਿਰ ਦੇ ਪ੍ਰਮੁੱਖ ਆਗੂ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਜਗਮੀਤ ਸਿੰਘ ਧਾਲੀਵਾਲ ਦੇ ਕੈਨੇਡਾ ਵਿਚ ਨਿਊ ਡੈਮੋਕ੍ਰੇਟਿਕ ਪਾਰਟੀ ਦੀ ਟਿਕਟ ਤੇ ਕੈਨੇਡਾ ਦਾ ਸਾਂਸਦ ਚੁਣੇ ਜਾਣ 'ਤੇ ਪਿੰਡ ਠੀਕਰੀਵਾਲਾ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪਿੰਡ ਵਾਸੀ ਗੁਰਮੀਤ ਸਿੰਘ ਅਤੇ ਕਾਲਾ ਸਿੰਘ ਨੇ ਕਿਹਾ ਕਿ ਅੱਜ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ। ਬੇਸ਼ੱਕ ਪਿਛਲੇ ਕਈ ਸਾਲਾਂ ਤੋਂ ਭਾਰਤ ਸਰਕਾਰ ਵਲੋਂ ਉਨ੍ਹਾਂ ਦਾ ਭਾਰਤ ਆਉਣ ਲਈ ਵੀਜਾ ਨਹੀਂ ਲਗਾਇਆ ਜਾ ਰਿਹਾ ਪਰ ਉਹ ਫੇਸਬੁੱਕ 'ਤੇ ਪਿੰਡ ਵਾਸੀਆਂ ਨਾਲ ਜੁੜੇ ਰਹਿੰਦੇ ਹਨ। ਉਨ੍ਹਾਂ ਦੇ ਮਨ ਵਿਚ ਪਿੰਡ ਲਈ ਕੁੱਝ ਕਰਨ ਦੀ ਵੀ ਚਾਹ ਹੈ। ਹੁਣ ਸਾਨੂੰ ਉਮੀਦ ਹੈ ਕਿ ਉਹ ਕੈਨੇਡਾ ਦੇ ਸਾਂਸਦ ਬਣ ਗਏ ਹਨ ਹੁਣ ਉਹ ਭਾਰਤ ਆ ਕੇ ਜਲਦੀ ਹੀ ਪਿੰਡ ਠੀਕਰੀਵਾਲਾ ਦਾ ਦੌਰਾ ਕਰਨਗੇ ਅਤੇ ਪਿੰਡ ਦੇ ਵਿਕਾਸ 'ਚ ਆਪਣਾ ਅਹਿਮ ਯੋਗਦਾਨ ਪਾਉਣਗੇ।

ਜਗਮੀਤ ਸਿੰਘ ਦੇ ਪਿਤਾ ਸ਼ਮਸ਼ੇਰ ਸਿੰਘ ਪੇਸ਼ੇ 'ਚ ਡਾਕਟਰ ਸਨ ਪਰ ਉਹ ਕੈਨੇਡਾ ਚਲੇ ਗਏ। ਕੈਨੇਡਾ 'ਚ 2 ਜਨਵਰੀ 1979 ਨੂੰ ਜਗਮੀਤ ਸਿੰਘ ਦਾ ਜਨਮ ਹੋਇਆ। ਉਹ ਪੇਸ਼ੇ 'ਚ ਵਕੀਲ ਹਨ। ਉਨ੍ਹਾਂ ਦਾ ਨਾਂ ਕੈਨੇਡਾ ਦੇ 25 ਸਭ ਤੋਂ ਵੱਧ ਸਟਾਈਲਿਸ਼ਟ ਵਿਅਕਤੀਆਂ 'ਚ ਆਉਂਦਾ ਹੈ। ਬਚਪਨ 'ਚ ਉਹ ਪਟਿਆਲਾ ਵਿਖੇ ਵੀ ਰਹਿ ਚੁੱਕੇ ਹਨ। ਉਹ ਕੈਨੇਡਾ 'ਚ ਬਹੁਤ ਹੀ ਹਰਮਨਪਿਆਰੇ ਹਨ। ਜਗਮੀਤ ਨੇ 2017 ਵਿਚ ਚੋਣ ਲੜੀ ਸੀ ਅਤੇ 53.6 ਫੀਸਦੀ ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਸੀ। ਉਹ 2011 ਤੋਂ ਲਗਾਤਾਰ ਓਨਟਾਰੀਓ ਦੀ ਬਰੈਮਲੀ ਗੋਰ ਮਾਲਟਨ ਰਾਈਡਿੰਗ ਤੋਂ ਵਿਧਾਇਕ ਦੀ ਚੋਣ ਜਿੱਤ ਰਹੇ ਹਨ। ਉਹ ਅਸੈਂਬਲੀ 'ਚ ਵਿਰੋਧੀ ਦੇ ਉਪ ਨੇਤਾ ਵੀ ਰਹੇ ਹਨ। ਹੁਣ ਉਸ ਸਾਂਸਦ ਬਣ ਚੁੱਕੇ ਹਨ, ਜਿਸ ਦਾ ਪਿੰਡ ਵਾਸੀਆਂ ਨੂੰ ਬਹੁਤ ਵੱਡਾ ਮਾਣ ਹੈ ਕਿ ਪਿੰਡ ਠੀਕਰੀਵਾਲਾ ਦੇ ਵਾਸੀ ਨੇ ਕੈਨੇਡਾ ਵਿਚ ਵੀ ਆਪਣਾ ਪਰਚਮ ਲਹਿਰਾਇਆ ਹੈ।


author

cherry

Content Editor

Related News