ਬਰਨਾਲਾ ''ਚ ਸਵਾਈਨ ਫਲੂ ਨੇ ਪਸਾਰੇ ਪੈਰ, ਇਕ ਹੋਰ ਸ਼ੱਕੀ ਮਹਿਲਾ ਮਰੀਜ਼ ਆਈ ਸਾਹਮਣੇ

02/20/2020 10:56:08 AM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਜ਼ਿਲਾ ਬਰਨਾਲਾ 'ਚ ਸਵਾਈਨ ਫਲੂ ਦੀ ਬੀਮਾਰੀ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਕਾਰਨ ਜ਼ਿਲੇ ਦੇ ਲੋਕਾਂ 'ਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਪਿਛਲੇ ਹਫ਼ਤੇ ਸਵਾਈਨ ਫਲੂ ਦੇ ਮਰੀਜ਼ ਸਾਬਕਾ ਫੌਜੀ ਜਸਵਿੰਦਰ ਸਿੰਘ ਦੀ ਮੌਤ ਹੋ ਗਈ ਸੀ। ਉਸ ਦੀ ਮੌਤ ਹੋਣ ਤੋਂ ਬਾਅਦ ਇਕ ਔਰਤ ਜੋ ਕਿ ਸਵਾਈਨ ਫਲੂ ਦੀ ਸ਼ੱਕੀ ਮਰੀਜ਼ ਹੈ, ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਟਿਆਲਾ ਰੈਫਰ ਕਰ ਦਿੱਤਾ। ਪੂਨਮ ਦੇਵੀ ਵਾਸੀ ਬਰਨਾਲਾ ਜਿਸ ਨੂੰ ਖੰਘ, ਜ਼ੁਕਾਮ ਦੀ ਸ਼ਿਕਾਇਤ ਸੀ, ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਤੇਜ਼ੀ ਨਾਲ ਵਿਗੜਨੀ ਸ਼ੁਰੂ ਹੋ ਗਈ। ਡਾਕਟਰਾਂ ਨੇ ਉਸ ਨੂੰ ਸ਼ੱਕੀ ਸਵਾਈਨ ਫਲੂ ਦਾ ਮਰੀਜ਼ ਮੰਨ ਕੇ ਪਟਿਆਲਾ ਰੈਫਰ ਕਰ ਦਿੱਤਾ।

ਸਵਾਈਨ ਫਲੂ ਦਾ ਹਸਪਤਾਲ 'ਚ ਵੀ ਵੇਖਣ ਨੂੰ ਮਿਲਿਆ ਅਸਰ, ਸਾਰੇ ਸਟਾਫ ਨੂੰ ਵੰਡੇ ਮਾਸਕ
ਸਵਾਈਨ ਫਲੂ ਦਾ ਅਸਰ ਸਿਵਲ ਹਸਪਤਾਲ 'ਚ ਵੀ ਵੇਖਣ ਨੂੰ ਮਿਲਿਆ। ਸਿਵਲ ਹਸਪਤਾਲ ਦੇ ਸਾਰੇ ਸਟਾਫ ਨੂੰ ਹਸਪਤਾਲ ਪ੍ਰਸ਼ਾਸਨ ਵੱਲੋਂ ਮਾਸਕ ਵੰਡੇ ਗਏ। ਲਗਭਗ ਸਾਰੇ ਓ. ਪੀ. ਡੀ. 'ਚ ਡਾਕਟਰ ਮਾਸਕ ਪਾ ਕੇ ਮਰੀਜ਼ਾਂ ਦਾ ਚੈੱਕਅਪ ਕਰ ਰਹੇ ਸਨ। ਡਾਕਟਰਾਂ ਦੇ ਸਹਾਇਕਾਂ ਨੇ ਵੀ ਮਾਸਕ ਪਾਇਆ ਸੀ। ਸਿਵਲ ਹਸਪਤਾਲ ਦੇ ਡਾ. ਮਨਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਸਾਡੀ ਪਲਾਨਿੰਗ ਹੈ ਕਿ ਜੋ ਮਰੀਜ਼ ਖਾਂਸੀ, ਜ਼ੁਕਾਮ ਦੇ ਚੈੱਕਅਪ ਕਰਵਾਉਣ ਲਈ ਆਉਂਦੇ ਹਨ, ਨੂੰ ਵੀ ਮਾਸਕ ਪਾਇਆ ਜਾਵੇ ਤਾਂ ਕਿ ਖਾਂਸੀ, ਜ਼ੁਕਾਮ ਦੀ ਬੀਮਾਰੀ ਅੱਗੇ ਨਾ ਫੈਲੇ।

ਸਵਾਈਨ ਫਲੂ ਦਾ ਤੇਜ਼ੀ ਨਾਲ ਫੈਲਦਾ ਹੈ ਵਾਇਰਸ
ਸਿਵਲ ਹਸਪਤਾਲ ਦੇ ਡਾਕਟਰ ਮਨਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਸਵਾਈਨ ਫਲੂ ਦਾ ਵਾਇਰਸ ਬੜੀ ਤੇਜ਼ੀ ਨਾਲ ਫੈਲਦਾ ਹੈ। ਜੇਕਰ ਸਵਾਈਨ ਫਲੂ ਦਾ ਮਰੀਜ਼ ਇਕ ਵਾਰ ਖੰਘਦਾ ਹੈ ਤਾਂ ਉਸ ਦਾ ਵਾਇਰਸ ਤਿੰਨ ਘੰਟੇ ਹਵਾ 'ਚ ਰਹਿੰਦਾ ਹੈ ਅਤੇ ਦੂਜੇ ਵਿਅਕਤੀ ਨੂੰ ਵੀ ਸਵਾਈਨ ਫਲੂ ਹੋਣ ਦਾ ਖਤਰਾ ਵਧ ਜਾਂਦਾ ਹੈ, ਖਾਸ ਕਰਕੇ ਦਮੇ ਦੇ ਮਰੀਜ਼ਾਂ, ਸ਼ੂਗਰ ਦੇ ਮਰੀਜ਼ਾਂ ਨੂੰ ਇਹ ਬੀਮਾਰੀ ਜਲਦੀ ਆਪਣੀ ਲਪੇਟ 'ਚ ਲੈ ਸਕਦੀ ਹੈ। ਸਵਾਈਨ ਫਲੂ ਦੇ ਮਰੀਜ਼ਾਂ ਨੂੰ ਸਾਹ ਔਖਾ ਆਉਂਦਾ ਹੈ। ਤੇਜ਼ ਬੁਖਾਰ ਰਹਿੰਦਾ ਹੈ, ਖਾਂਸੀ, ਜ਼ੁਕਾਮ ਬੜੀ ਤੇਜ਼ੀ ਨਾਲ ਫੈਲਦਾ ਹੈ। ਇਸ ਤੋਂ ਬਚਾਅ ਲਈ ਸਾਨੂੰ ਜਨਤਕ ਥਾਵਾਂ 'ਤੇ ਜਾਣ ਲੱਗਿਆ ਮਾਸਕ ਪਾ ਕੇ ਜਾਣਾ ਚਾਹੀਦਾ ਹੈ, ਜਿਸ ਕਿਸੇ ਮਰੀਜ਼ ਨੂੰ ਖਾਂਸੀ, ਜ਼ੁਕਾਮ ਹੋਵੇ, ਨੂੰ ਵੀ ਆਪਣਾ ਮੂੰਹ ਢੱਕ ਕੇ ਰੱਖਣਾ ਚਾਹੀਦਾ ਹੈ। ਜੇਕਰ ਖਾਂਸੀ, ਜ਼ੁਕਾਮ ਹੋ ਜਾਵੇ ਤਾਂ ਫੌਰੀ ਤੌਰ 'ਤੇ ਡਾਕਟਰਾਂ ਤੋਂ ਆਪਣਾ ਚੈੱਕਅਪ ਕਰਵਾਉਣਾ ਚਾਹੀਦਾ ਹੈ। ਸਵਾਈਨ ਫਲੂ ਦਾ ਇਲਾਜ ਉਪਲੱਬਧ ਹੈ। ਜੇਕਰ ਸਮੇਂ ਸਿਰ ਇਸਦਾ ਇਲਾਜ ਹੋ ਜਾਵੇ ਤਾਂ ਮਰੀਜ਼ ਬੜੀ ਆਸਾਨੀ ਨਾਲ ਠੀਕ ਹੋ ਜਾਂਦਾ ਹੈ।

ਜ਼ਿਲੇ ਦੇ ਹਸਪਤਾਲਾਂ 'ਚ ਬਣਾਇਆ ਫਲੂ ਕਾਰਨਰ
ਸਵਾਈਨ ਫਲੂ ਦੀ ਬੀਮਾਰੀ ਦੇ ਮਰੀਜ਼ਾਂ ਲਈ ਜ਼ਿਲੇ 'ਚ ਕੀਤੇ ਗਏ ਪ੍ਰਬੰਧਾਂ ਬਾਰੇ ਸਿਵਲ ਸਰਜਨ ਜੁਗਲ ਕਿਸ਼ੋਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਵਾਈਨ ਫਲੂ ਦੇ ਮਰੀਜ਼ਾਂ ਲਈ ਫਲੂ ਕਾਰਨਰ ਬਣਾਇਆ ਗਿਆ ਹੈ। ਇਸ ਲਈ ਅਸੀਂ ਵਿਸ਼ੇਸ਼ ਇੰਤਜ਼ਾਮ ਕੀਤੇ ਹਨ। ਸਵਾਈਨ ਫਲੂ ਦੇ ਮਰੀਜ਼ਾਂ ਲਈ 4 ਬੈੱਡ ਸਿਵਲ ਹਸਪਤਾਲ ਬਰਨਾਲਾ 'ਚ, 2 ਬੈੱਡ ਸਿਵਲ ਹਸਪਤਾਲ ਤਪਾ 'ਚ, 1 ਬੈੱਡ ਸਿਵਲ ਹਸਪਤਾਲ ਮਹਿਲ ਕਲਾਂ 'ਚ, 1 ਬੈੱਡ ਸਿਵਲ ਹਸਪਤਾਲ ਧਨੌਲਾ 'ਚ ਕੁਲ 8 ਬੈੱਡ ਸਵਾਈਨ ਫਲੂ ਦੇ ਮਰੀਜ਼ਾਂ ਲਈ ਜ਼ਿਲੇ 'ਚ ਰੱਖੇ ਗਏ ਹਨ। ਏ ਅਤੇ ਬੀ ਕੈਟਾਗਰੀ ਵਾਲੇ ਮਰੀਜ਼ਾਂ ਨੂੰ ਚੈੱਕਅਪ ਕਰ ਕੇ ਉਨ੍ਹਾਂ ਨੂੰ ਦਵਾਈ ਦੇ ਕੇ ਘਰ ਭੇਜ ਦਿੱਤਾ ਜਾਂਦਾ ਹੈ। ਸੀ ਅਤੇ ਡੀ ਕੈਟਾਗਰੀ ਦੇ ਸੀਰੀਅਸ ਮਰੀਜ਼ਾਂ ਨੂੰ ਹਸਪਤਾਲ 'ਚ ਦਾਖਲ ਕਰ ਕੇ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ।


cherry

Content Editor

Related News