ਬਰਨਾਲਾ ਦੇ ਨੇੜਲੇ ਪਿੰਡ ਚੁਬਾਰੇ ’ਤੇ ਡਿੱਗੀ ਅਸਮਾਨੀ ਬਿਜਲੀ, ਹੋਇਆ ਵੱਡਾ ਧਮਾਕਾ
Wednesday, Oct 27, 2021 - 11:53 AM (IST)
ਬਰਨਾਲਾ (ਬਿਊਰੋ): ਅੱਜ ਸਵੇਰੇ ਤਪਾ ਮੰਡੀ ਦੇ ਨੇੜਲੇ ਪਿੰਡ ਘੁੰਨਸ ਵਿਖੇ ਚੁਬਾਰੇ ’ਚ ਅਸਮਾਨੀ ਬਿਜਲੀ ਡਿੱਗਣ ਕਾਰਨ ਧਮਾਕਾ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਚੁਬਾਰੇ ਵਿੱਚ ਪਰਿਵਾਰ ਸਮੇਤ ਸੌਂਦੇ ਸਨ ਪਰ ਮੌਸਮ ਨੂੰ ਦੇਖਦੇ ਹੋਏ ਉਹ ਅੱਜ ਹੇਠਾਂ ਹੀ ਪੈ ਗਏ।ਕਰੀਬ ਅੱਜ ਸਵੇਰੇ ਸਾਢੇ ਚਾਰ ਵਜੇ ਉਨ੍ਹਾਂ ਦੇ ਚੁਬਾਰੇ ਉੱਪਰ ਅਸਮਾਨੀ ਬਿਜਲੀ ਡਿੱਗਣ ਕਾਰਨ ਵੱਡਾ ਧਮਾਕਾ ਹੋ ਗਿਆ। ਜਿਸ ਦੀ ਆਵਾਜ਼ ਸੁਣ ਕੇ ਜਦ ਉਪਰ ਆਏ ਤਾਂ ਕਾਫੀ ਨੁਕਸਾਨ ਹੋ ਚੁੱਕਾ ਸੀ।
ਪੀੜਤ ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਉਨ੍ਹਾਂ ਦੇ ਘਰ ਦੀ ਸਾਰੀ ਬਿਜਲੀ ਫਿਟਿੰਗ,ਕੰਧਾਂ ਤੋਂ ਪਲੱਸਤਰ ਉੱਠਣ, ਚੁਬਾਰੇ ਦਾ ਫਰਸ਼ ਵੀ ਪੱਟਣ,ਚੁਬਾਰੇ ਦੀਆਂ ਤਾਕੀਆਂ ਦਰਵਾਜ਼ੇ ਦੇ ਸ਼ੀਸ਼ੇ ਭੰਨਣ ਤੋਂ ਇਲਾਵਾ ਪਾਣੀ ਵਾਲੀ ਟੈਂਕੀ ਅਤੇ ਪਾਈਪਾਂ ਸਮੇਤ ਬਿਜਲੀ ਉਪਕਰਨ ਮੱਚ ਕੇ ਸਵਾਹ ਹੋ ਗਏ ਹਨ।
ਘਰ ਦੇ ਮਾਲਕ ਪੀੜਤ ਮਨਜੀਤ ਸਿੰਘ ਨੇ ਕਿਹਾ ਕਿ ਉਹ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਸਬਜ਼ੀ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਉਸ ਦਾ ਸੱਠ ਹਜ਼ਾਰ ਦੇ ਕਰੀਬ ਨੁਕਸਾਨ ਹੋ ਗਿਆ ਹੈ, ਜਿਸ ਲਈ ਉਸ ਨੂੰ ਆਰਥਿਕ ਮਦਦ ਲਈ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਘਰ ਦੀ ਮੁਰੰਮਤ ਕਰਾ ਸਕੇ।ਇਸ ਮੌਕੇ ਪਿੰਡ ਦੇ ਸਰਪੰਚ ਜਗਤਾਰ ਸਿੰਘ ਅਤੇ ਸਮਾਜ ਸੇਵੀ ਦਰਸ਼ਨ ਸਿੰਘ ਨੇ ਕਿਹਾ ਕਿ ਧਮਾਕਾ ਇੰਨਾਂ ਜ਼ਬਰਦਸਤ ਸੀ ਕਿ ਸਾਰੇ ਪਿੰਡ ਵਿੱਚ ਉਸ ਦੀ ਆਵਾਜ਼ ਸੁਣਾਈ ਦਿੱਤੀ। ਉਨ੍ਹਾਂ ਕਿਹਾ ਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਕਾਫੀ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਸਰਕਾਰ ਅਤੇ ਪ੍ਰਸ਼ਾਸਨ ਇਸ ਪਰਿਵਾਰ ਦੀ ਮਦਦ ਲਈ ਅੱਗੇ ਆਵੇ।