5 ਮੈਂਬਰੀ ਕਮੇਟੀ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਪਹੁੰਚੀ ਧਨੌਲਾ

09/11/2017 12:07:48 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) - ਸਰਕਾਰੀ ਅੰਕੜਿਆਂ ਅਨੁਸਾਰ ਜ਼ਿਲਾ ਬਰਨਾਲਾ 'ਚ ਪਿਛਲੇ ਤਿੰਨ ਸਾਲਾਂ 'ਚ 199 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਇਸ ਸਾਲ ਅਪ੍ਰੈਲ ਮਹੀਨੇ ਤੋਂ ਲੈ ਕੇ 8 ਸਤੰਬਰ ਤੱਕ 18 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਪੰਜਾਬ ਦੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੀ ਰਿਪੋਰਟ ਲੈਣ ਲਈ ਵਿਧਾਨ ਸਭਾ ਵੱਲੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਗਠਿਤ ਕੀਤੀ ਗਈ ਕਮੇਟੀ ਦੇ ਮੈਂਬਰ ਦਫਤਰ ਮਾਰਕੀਟ ਕਮੇਟੀ ਧਨੌਲਾ ਵਿਖੇ ਖੁਦਕੁਸ਼ੀਆਂ ਕਰ ਚੁੱਕੇ ਪਰਿਵਾਰਾਂ ਨੂੰ ਮਿਲਣ ਲਈ ਪਹੁੰਚੇ।
ਕਮੇਟੀ ਚੇਅਰਮੈਨ ਵਜੋਂ ਸੁਖਬਿੰਦਰ ਸਿੰਘ ਸੁੱਖਸਰਕਾਰੀਆ, ਮੈਂਬਰ ਨੱਥੂ ਰਾਮ ਬੱਲੂਆਣਾ, ਮੈਂਬਰ ਕੁਲਜੀਤ ਸਿੰਘ ਨਾਗਰਾ, ਆਮ ਆਦਮੀ ਪਾਰਟੀ ਤੋਂ ਨਾਜਰ ਸਿੰਘ ਮਾਨਸਾਹੀਆ ਅਤੇ ਮੈਂਬਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਕਾਲੀ ਦਲ ਨੇ ਧਨੌਲਾ ਇਲਾਕੇ 'ਚ 2012 ਤੋਂ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਚੁੱਕੇ ਕਿਸਾਨ-ਮਜ਼ਦੂਰ ਆਦਿ ਦੇ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਦੁੱਖ-ਤਕਲੀਫਾਂ ਸੁਣੀਆਂ ਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਸਰਕਾਰ ਵੱਲੋਂ ਇਨ੍ਹਾਂ ਪਰਿਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਤਾਂ ਉਨ੍ਹਾਂ ਮੌਕੇ 'ਤੇ ਹਾਜ਼ਰ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਅਧਿਕਾਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਨੀਲੇ ਕਾਰਡ, ਬੱਚਿਆਂ ਦੀਆਂ ਪੈਨਸ਼ਨਾਂ ਤੇ ਸਰਕਾਰ ਵੱਲੋਂ ਹੋਰ ਮਿਲਣ ਵਾਲੀਆਂ ਸਹੂਲਤਾਂ ਨੂੰ ਤੁਰੰਤ ਲਾਗੂ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ। 
200 ਕਿਸਾਨਾਂ ਨੇ ਕੀਤੀ ਖੁਦਕੁਸ਼ੀ, ਟੀਮ ਨੇ ਮੁਲਾਕਾਤ ਕੀਤੀ ਸਿਰਫ 20 ਪਰਿਵਾਰਾਂ ਨਾਲ : ਪੰਜ ਮੈਂਬਰੀ ਕਮੇਟੀ ਵੱਲੋਂ ਅੱਜ ਜ਼ਿਲਾ ਬਰਨਾਲਾ ਦੇ ਵੱਖ-ਵੱਖ ਪਿੰਡਾਂ ਧਨੌਲਾ, ਸੰਘੇੜਾ, ਵਜ਼ੀਦਕੇ ਕਲਾਂ, ਚੀਮਾ, ਸ਼ਹਿਣਾ ਅਤੇ ਦਰਕਾਪੱਤੀ ਦੇ ਕਰੀਬ 20 ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰ ਕੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ ਅਤੇ ਵੇਰਵੇ ਇਕੱਠੇ ਕੀਤੇ ਗਏ। ਲਗਭਗ ਜ਼ਿਲੇ ਵਿਚ 200 ਕਿਸਾਨਾਂ ਨੇ ਆਤਮਹੱਤਿਆ ਕੀਤੀ ਹੈ ਪਰ ਟੀਮ ਵੱਲੋਂ ਸਿਰਫ 20 ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨਾ ਇੰਝ ਜਾਪਦਾ ਹੈ ਕਿ ਟੀਮ ਦਾ ਦੌਰਾ ਸਿਰਫ ਖਾਨਾਪੂਰਤੀ ਹੀ ਸੀ। 
ਵਾਅਦੇ ਪੂਰੇ ਨਾ ਹੋਣ ਕਾਰਨ ਜ਼ਿਆਦਾ ਕਿਸਾਨ ਕਰ ਰਹੇ ਹਨ ਖੁਦਕੁਸ਼ੀਆਂ : ਪੰਜ ਮੈਂਬਰੀ ਕਮੇਟੀ ਵਿਚ ਮੌਜੂਦ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਪ੍ਰੈਲ ਮਹੀਨੇ ਤੋਂ ਲੈ ਕੇ ਹੁਣ ਤੱਕ 150 ਤੋਂ ਵੀ ਵੱਧ ਕਿਸਾਨ ਪੰਜਾਬ ਵਿਚ ਆਤਮਹੱਤਿਆ ਕਰ ਚੁੱਕੇ ਹਨ। ਕਾਂਗਰਸ ਨੇ ਕਿਸਾਨਾਂ ਨਾਲ ਵਾਅਦੇ ਕੁਝ ਜ਼ਿਆਦਾ ਹੀ ਕਰ ਲਏ ਹਨ ਤੇ ਜੋ ਹੁਣ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਇਸ ਲਈ ਪੰਜਾਬ ਦਾ ਕਿਸਾਨ ਦੁਖੀ ਹੋ ਕੇ ਆਤਮਹੱਤਿਆ ਕਰ ਰਿਹਾ ਹੈ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਸਿਆਸੀ ਸਕੱਤਰ ਗੁਰਜੀਤ ਸਿੰਘ ਬਰਾੜ, ਐੱਸ. ਡੀ. ਐੱਮ. ਬਿਕਰਮਜੀਤ ਸਿੰਘ ਸ਼ੇਰਗਿੱਲ, ਮਨਕੰਵਲ ਸਿੰਘ ਚਹਿਲ ਸਹਾਇਕ ਕਮਿਸ਼ਨਰ ਬਰਨਾਲਾ, ਨਾਇਬ ਤਹਿਸੀਲਦਾਰ ਧਨੌਲਾ ਪਰਮਜੀਤ ਜਿੰਦਲ, ਐੱਸ. ਪੀ. ਬਰਨਾਲਾ ਸੁਰਿੰਦਰਪਾਲ ਸਿੰਘ, ਡੀ. ਐੱਸ. ਪੀ. ਬਰਨਾਲਾ ਰਾਜੇਸ਼ ਛਿੱਬਰ, ਸਬ-ਇੰਸਪੈਕਟਰ ਧਨੌਲਾ ਮੈਡਮ ਰੁਪਿੰਦਰ ਕੌਰ, ਮੈਡਮ ਦੀਪਇੰਦਰ ਕੌਰ ਡੀ. ਐੱਸ. ਐੱਸ. ਓ., ਮਾਰਕੀਟ ਕਮੇਟੀ ਧਨੌਲਾ ਦੇ ਸਕੱਤਰ ਜਸਵੰਤ ਸਿੰਘ, ਕਾਂਗਰਸੀ ਆਗੂ ਅਜੇ ਕੁਮਾਰ ਗਰਗ, ਬਰਜਿੰਦਰ ਸਿੰਘ ਟੀਟੂ ਵਾਲੀਆ, ਹਰਦੀਪ ਸਿੰਘ ਸੋਢੀ, ਸ਼ੰਭੂ ਰਾਮ ਆਦਿ ਹਾਜ਼ਰ ਸਨ।  


Related News