ਬਜਟ ''ਚ ਹੋਏ ਐਲਾਨ ਤੋਂ ਕਿਸਾਨ ''ਨਾਖੁਸ਼''

02/01/2019 5:10:33 PM

ਬਰਨਾਲਾ (ਪੁਨੀਤ)— ਕੇਂਦਰ ਦੀ ਮੋਦੀ ਸਰਕਾਰ ਨੇ ਆਪਣੇ ਆਖਰੀ ਬਜਟ ਵਿਚ ਕਿਸਾਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿਚ 'ਪ੍ਰਧਾਨ ਮੰਤਰੀ ਕਿਸਾਨ ਸਪੋਰਟ ਯੋਜਨਾ' ਪੇਸ਼ ਕੀਤੀ ਹੈ। ਇਸ ਯੋਜਨਾ ਦੇ ਅਧੀਨ ਕਿਸਾਨਾਂ ਨੂੰ ਸਰਕਾਰ ਵੱਲੋਂ ਹਰ ਸਾਲ 6 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਏਗੀ ਪਰ ਕਿਸਾਨਾਂ ਨੇ ਇਸ ਰਕਮ ਨੂੰ ਘੱਟ ਕਰਾਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਤੋਂ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ ਉਮੀਦ ਸੀ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਹੋਣ ਦੀ ਵੀ ਉਮੀਦ ਸੀ, ਪਰ ਸਰਕਾਰ ਨੇ ਇਸ ਬਜਟ ਵਿਚ ਕਿਸਾਨਾਂ ਨਾਲ ਮਜ਼ਾਕ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਦੱਸਿਆ ਕਿ 6 ਹਜ਼ਾਰ ਦੀ ਰਕਮ ਬਹੁਤ ਘੱਟ ਹੈ ਅਤੇ ਇਹ ਰਕਮ ਵੀ ਕਿਸ਼ਤਾਂ ਵਿਚ ਹੀ ਦਿੱਤੀ ਜਾਣੀ ਹੈ, ਜਿਸ ਨਾਲ ਕਿਸਾਨਾਂ ਨੂੰ ਕੋਈ ਖਾਸ ਫਾਇਦਾ ਨਹੀਂ ਮਿਲਿਆ। ਉਨ੍ਹਾਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਬਿਨਾਂ ਵਿਆਜ ਦੇ 3 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਏ ਅਤੇ ਡੀਜ਼ਲ ਸਮੇਤ ਕਿਸਾਨੀ ਲਾਗਤਾਂ 'ਤੇ ਸਬਸਿਡੀ ਵੀ ਦਿੱਤੀ ਜਾਏ।

ਬਜਟ ਵਿਚ ਕਿਸਾਨਾਂ ਤੋਂ ਇਲਾਵਾ ਮਜ਼ਦੂਰਾਂ ਲਈ ਵੀ ਯੋਜਨਾ ਪੇਸ਼ ਕੀਤੀ ਗਈ, ਜਿਸ ਵਿਚ ਮਜ਼ਦੂਰਾਂ ਨੂੰ 60 ਸਾਲ ਦੀ ਉਮਰ ਵਿਚ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਏਗੀ। ਇਸ ਸਬੰਧ ਵਿਚ ਜਦੋਂ ਮਜ਼ਦੂਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਰਕਾਰੀ ਯੋਜਨਾਵਾਂ ਦਾ ਫਾਇਦਾ ਤਾਂ ਹੀ ਮਿਲ ਸਕਦਾ ਹੈ ਜੇਕਰ ਸਰਕਾਰ ਉਨ੍ਹਾਂ ਨੂੰ ਕੁੱਝ ਦੇਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਰੋਜ਼ਗਾਰ ਘੱਟ ਹੈ ਅਤੇ ਜੇਕਰ ਰੋਜ਼ਗਾਰ ਮਿਲਦਾ ਹੈ ਤਾਂ ਉਨ੍ਹਾਂ ਨੂੰ 300 ਰੁਪਏ ਹੀ ਮਜ਼ਦੂਰੀ ਮਿਲਦੀ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਘੱਟ ਤੋਂ ਘੱਟ 500 ਰੁਪਏ ਦੀ ਮਜ਼ਦੂਰੀ ਦਿੱਤੀ ਜਾਏ।


cherry

Content Editor

Related News