ਹੜ੍ਹਾਂ ਲਈ ਜ਼ਿੰਮੇਵਾਰ ਕਾਲੀਆਂ ਭੇਡਾਂ ਦੀ ਹੋਵੇ ਜਾਂਚ : ਢਿੱਲੋਂ

08/25/2019 1:47:55 PM

ਰੂਪਨਗਰ (ਵਿਜੇ ਸ਼ਰਮਾ) - ਜਿਨ੍ਹਾਂ ਕਾਲੀਆਂ ਭੇਡਾਂ ਕਾਰਣ ਲੋਕਾਂ ਨੂੰ ਹੜ੍ਹਾਂ ਦੀ ਮਾਰ ਸਹਿਣੀ ਪਈ ਉਨ੍ਹਾਂ ਦੀ ਪਛਾਣ ਕਰ ਕੇ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਜੋ ਨੁਕਸਾਨ ਲੋਕਾਂ ਦਾ ਹੋਇਆ ਹੈ ਉਸ 'ਚ ਇਨ੍ਹਾਂ ਦੀਆਂ ਤਨਖਾਹਾਂ ਦਾ ਹਿੱਸਾ ਵੀ ਪਾਇਆ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਨਦੀਆਂ ਦੀ ਲੰਬੇ ਸਮੇਂ ਤੋਂ ਸਫਾਈ ਵੱਲ ਧਿਆਨ ਨਾ ਦੇਣਾ ਹੜ੍ਹ ਦਾ ਵੱਡਾ ਕਾਰਨ ਹੈ ਤੇ ਇਸ ਲਈ ਸਬੰਧਤ ਵਿਭਾਗਾਂ ਦੀ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਹੋਣੀ ਬਣਦੀ ਹੈ। ਵਿਭਾਗਾਂ ਦੀਆਂ ਕਮੀਆਂ ਕਾਰਣ ਲੋਕਾਂ 'ਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਜ਼ਰੂਰਤ ਹੈ ਕਿ ਨਦੀ ਟੁੱਟਣ ਕਾਰਨ ਤੇ ਅਣਗਹਿਲੀ ਵਰਤਣ ਵਾਲਿਆਂ ਸਬੰਧੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਤੌਰ 'ਤੇ ਹੋਈਆਂ ਅਣਗਹਿਲੀਆਂ ਬਾਰੇ ਉਹ ਮੁੱਖ ਮੰਤਰੀ ਤੇ ਸਬੰਧਤ ਵਿਭਾਗਾਂ ਦੇ ਮੰਤਰੀਆਂ ਨੂੰ ਵੀ ਲਿਖਣਗੇ। ਪ੍ਰਸ਼ਾਸਨ ਨੇ ਕਈ ਥਾਵਾਂ 'ਤੇ ਚੰਗਾ ਕੰਮ ਕੀਤਾ ਹੈ ਪਰ ਕੁਝ ਕਾਲੀਆਂ ਭੇਡਾਂ ਵਲੋਂ ਕੀਤੇ ਗਲਤ ਕੰਮਾਂ ਕਾਰਣ ਲੋਕਾਂ ਨੂੰ ਨੁਕਸਾਨ ਹੋਇਆ। 

ਇਨ੍ਹਾਂ ਕਾਲੀਆਂ ਭੇਡਾਂ ਕਾਰਣ ਲੋਕ ਮੁੱਖ ਮੰਤਰੀ ਵੱਲ ਉਂਗਲਾਂ ਚੁੱਕਦੇ ਹਨ ਜਦੋਂ ਕਿ ਮੁੱਖ ਮੰਤਰੀ ਹੜ੍ਹਾਂ ਨਾਲ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਪੀੜਤ ਲੋਕਾਂ ਦੀ ਸਹਾਇਤਾ 'ਚ ਜੁਟੇ ਹਨ। ਢਿੱਲੋਂ ਨੇ ਕਿਹਾ ਕਿ ਬੁੱਧਕੀ ਨਦੀ ਦਾ ਬੰਨ੍ਹ ਟੁੱਟਣ ਦੇ ਕਾਰਣਾਂ ਦੀ ਜਾਂਚ ਹੋਵੇ। ਉਨ੍ਹਾਂ ਕਿਹਾ ਕਿ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਜਾਂਚ ਕਰ ਕੇ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਜਦੋਂ ਕਿ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਦਾ ਮਾਈਨਿੰਗ ਵੱਲ ਜ਼ਿਆਦਾ ਧਿਆਨ ਸੀ ਪਰ ਲੋਕਾਂ ਦੇ ਨੁਕਸਾਨ ਵੱਲ ਘੱਟ ਧਿਆਨ ਸੀ। ਉਨ੍ਹਾਂ ਕੇਂਦਰ ਸਰਕਾਰ ਬਾਰੇ ਬੋਲਦੇ ਕਿਹਾ ਕਿ ਪ੍ਰਧਾਨ ਮੰਤਰੀ ਪੰਜਾਬ ਵੱਲ ਧਿਆਨ ਕਿਉਂ ਨਹੀਂ ਦਿੰਦੇ ਤੇ ਇਥੇ ਵਿਸ਼ੇਸ਼ ਪੈਕੇਜ ਦੇਣ ਦਾ ਐਲਾਨ ਕਿਉਂ ਨਹੀਂ ਕੀਤਾ ਜਾਂਦਾ। ਇਸ ਮੌਕੇ ਜ਼ਿਲਾ ਪ੍ਰੀਸ਼ਦ ਮੈਂਬਰ ਕਰਮ ਸਿੰਘ ਭੰਗਾਲਾ, ਪੰਜਾਬ ਕਾਂਗਰਸ ਦੇ ਸਕੱਤਰ ਅਮਰਜੀਤ ਸਿੰਘ ਭੁੱਲਰ, ਬਲਾਕ ਕਾਂਗਰਸ ਪ੍ਰਧਾਨ ਜਰਨੈਲ ਸਿੰਘ ਕਾਬੜਵਾਲ, ਰਾਜਨ ਬੱਬਰ ਆਦਿ ਹਾਜ਼ਰ ਸਨ।


rajwinder kaur

Content Editor

Related News