ਪੰਥ ਤੇ ਪੰਜਾਬ ਹਿਤੈਸ਼ੀ ਅੱਗੇ ਆ ਕੇ ਅਕਾਲੀ ਦਲ ਦੀ ਮਜ਼ਬੂਤੀ ਲਈ ਹੰਭਲਾ ਮਾਰਨ : ਗੁਰਪ੍ਰਤਾਪ ਵਡਾਲਾ
Thursday, Mar 27, 2025 - 10:49 AM (IST)

ਜਲੰਧਰ (ਅਰੋੜਾ)-ਅੱਜ ਪੰਜਾਬ ਦੀ ਮਾਂ ਪਾਰਟੀ ਅਤੇ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਦੀ ਲੋੜ ਹੈ। ਸਮੁੱਚੇ ਪੰਥ ਅਤੇ ਪੰਜਾਬ ਹਿਤੈਸ਼ੀ ਲੋਕ ਅੱਗੇ ਆ ਕੇ ਆਪਣੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਹੰਭਲਾ ਮਾਰਨ। ਉਕਤ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਬਣੀ ਭਰਤੀ ਕਮੇਟੀ ਦੀ ਸਥਾਨਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਹੋਈ ਦੂਜੀ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਪ੍ਰਗਟ ਕੀਤੇ।
ਇਹ ਵੀ ਪੜ੍ਹੋ: ਪੰਜਾਬ 'ਚ 27 ਮਾਰਚ ਲਈ ਹੋ ਗਿਆ ਵੱਡਾ ਐਲਾਨ, ਵਧੀ ਹਲਚਲ
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਆਰੰਭੀ ਭਰਤੀ ਮੁਹਿੰਮ ਨੂੰ ਸੰਗਤ ਦਾ ਵੱਡਾ ਹੁੰਗਾਰਾ ਮਿਲ ਰਿਹਾ ਹੈ ਅਤੇ ਅੱਜ ਹਰ ਵਰਗ ਅੱਗੇ ਆ ਕੇ ਭਰਤੀ ਕਮੇਟੀ ਨਾਲ ਜੁੜ ਰਿਹਾ ਹੈ। ਅਸੀਂ ਹਮੇਸ਼ਾ ਪਾਰਟੀ ਪ੍ਰਤੀ ਸਮਰਪਿਤ ਭਾਵਨਾ ਦਿਖਾਈ ਪਰ ਸਾਡੇ ’ਤੇ ਵੱਖ-ਵੱਖ ਤਰ੍ਹਾਂ ਦੇ ਦੋਸ਼ ਲਾ ਕੇ ਸਾਡੀ ਕਿਰਦਾਰਕੁਸ਼ੀ ਤੱਕ ਕੀਤੀ ਗਈ। ਬੀਬੀ ਸਤਵੰਤ ਕੌਰ ਨੇ ਸੰਗਤਾਂ ਦੇ ਸਨਮੁੱਖ ਹੁੰਦਿਆਂ ਕੌਮ ਅਤੇ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਦਾ ਜ਼ਿਕਰ ਅਤੇ ਫ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਵਸਦਾ ਹੋਵੇ, ਉਸ ਦੀ ਸ਼ਕਤੀ ਦਾ ਧੁਰਾ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਰਹਿੰਦਾ ਹੈ ਪਰ ਅੱਜ ਅਸੀਂ ਆਪਣੀਆਂ ਸੰਸਥਾਵਾਂ ਦੇ ਹੋ ਰਹੇ ਨਿਘਾਰ ਦੇ ਚਸ਼ਮਦੀਦ ਗਵਾਹ ਬਣਨ ਲਈ ਮਜਬੂਰ ਹੋ ਰਹੇ ਹਾਂ। ਉੁਨ੍ਹਾਂ ਕਿਹਾ ਕਿ ਅੱਜ ਹਰ ਪਾਸੇ ਚਰਚਾ ਹੈ ਕਿ ਏਕਤਾ ਹੋਵੇ, ਸਿਆਸੀ ਤਾਕਤ ਮਜ਼ਬੂਤ ਹੋਵੇ, ਨਵੀਂ ਅਤੇ ਤਾਕਤਵਰ ਲੀਡਰਸ਼ਿਪ ਉੱਭਰੇ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਜਿਹੜੀ ਲੀਡਰਸ਼ਿਪ ਸਿਆਸੀ ਅਗਵਾਈ ਕਰਨ ਦਾ ਨੈਤਿਕ ਆਧਾਰ ਗੁਆ ਚੁੱਕੀ ਹੈ, ਉਸ ਨਾਲ ਏਕੇ ਦੀ ਗੱਲ ਕਿਵੇਂ ਹੋਵੇ, ਇਸ ਬਾਰੇ ਪੰਥ ਅਤੇ ਕੌਮ ਨੂੰ ਸੋਚਣਾ ਪਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਪ੍ਰਸ਼ਾਸਨਿਕ ਪੱਧਰ 'ਤੇ ਵੱਡਾ ਫੇਰਬਦਲ, ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ
ਸੰਤਾ ਸਿੰਘ ਉਮੈਦਪੁਰ ਨੇ ਕਿਹਾ ਕਿ 2 ਦਸੰਬਰ ਨੂੰ ਇਤਿਹਾਸਕ ਹੁਕਮਨਾਮੇ ਜਾਰੀ ਹੋਏ ਪਰ ਕੁਝ ਲੋਕਾਂ ਨੂੰ ਇਹ ਭਾਉਂਦੇ ਨਹੀਂ ਸਨ, ਇਸੇ ਕਰ ਕੇ ਹੁਕਮਨਾਮਿਆਂ ਪ੍ਰਤੀ ਸਿਰ ਨਿਵਾਉਣ ਦੀ ਬਜਾਏ ਤਖਤ ਸਾਹਿਬਾਨ ਦੇ ਜਥੇਦਾਰਾਂ ਪ੍ਰਤੀ ਬਦਲਾ-ਲਊ ਭਾਵਨਾ ਤਹਿਤ ਵਰਤਾਰਾ ਕੀਤਾ ਗਿਆ। ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਜਿਸ ਜਮਾਤ ਦਾ ਜਨਮ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਧਾਂਤਾਂ ਦੀ ਰਾਖੀ ਵਾਸਤੇ ਹੋਇਆ ਸੀ, ਅੱਜ ਉਹੀ ਜਮਾਤ ਸਿੱਖਾਂ ਦੀ ਸੁਪਰੀਮ ਕੋਰਟ ’ਤੇ ਹਮਲੇ ਕਰ ਰਹੀ ਹੈ। ਮਨਪ੍ਰੀਤ ਸਿੰਘ ਇਯਾਲੀ ਨੇ ਭਰਤੀ ਕਮੇਟੀ ਨੂੰ ਮਿਲ ਰਹੇ ਹੁੰਗਾਰੇ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਵੱਲ ਵਧਦਾ ਕਦਮ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਅੱਜ ਹਰ ਪੰਜਾਬ ਅਤੇ ਪੰਥ ਪ੍ਰਸਤ ਸ਼ਖਸ ਸਮੇਂ ਦਾ ਹਾਣੀ ਬਣ ਰਿਹਾ ਹੈ। ਪੰਜਾਬ ਸਮੇਤ ਦੂਜੇ ਸੂਬਿਆਂ ਤੋਂ ਵੀ ਅਕਾਲੀ ਦਲ ਹਿਤੈਸ਼ੀ ਸੋਚ ਰੱਖਣ ਵਾਲੇ ਲੋਕ ਆਪਮੁਹਾਰੇ ਪਹੁੰਚ ਕਰ ਰਹੇ ਹਨ। ਅਸੀਂ ਕਿਸਾਨੀ ਅੰਦੋਲਨ ਵੇਲੇ ਸਥਿਤੀ ਅਤੇ ਭਾਵਨਾ ਨੂੰ ਨਹੀਂ ਸਮਝ ਸਕੇ, ਜਿਸ ਕਰ ਕੇ ਸਾਡਾ ਸਿਆਸੀ ਨੁਕਸਾਨ ਹੋਇਆ। ਉਨ੍ਹਾਂ ਮੁੜ ਦੁਹਰਾਇਆ ਕਿ ਸਾਡੀ ਆਪਣੀ ਕੋਈ ਲਾਲਸਾ ਨਹੀਂ, ਅਸੀ ਮਜ਼ਬੂਤ ਲੀਡਰਸ਼ਿਪ ਲੈ ਕੇ ਆਵਾਂਗੇ, ਜਿਸ ਲਈ ਸੰਗਤ ਦਾ ਮਿਲ ਰਿਹਾ ਹੁੰਗਾਰਾ ਸਾਡੀ ਤਾਕਤ ਬਣ ਰਿਹਾ ਹੈ। ਮੀਟਿੰਗ ਵਿਚ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਸਾਬਕਾ ਵਿਧਾਇਕ ਤੇ ਐੱਸ. ਜੀ. ਪੀ. ਸੀ. ਮੈਂਬਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਮੇਤ ਵੱਡੀ ਗਿਣਤੀ ਆਗੂ ਅਤੇ ਵਰਕਰ ਹਾਜ਼ਰ ਸਨ।
ਇਹ ਵੀ ਪੜ੍ਹੋ: ਪੰਜਾਬ ਬਜਟ: ਅਨੁਸੂਚਿਤ ਜਾਤੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਾਰੇ ਕਰਜ਼ੇ ਕੀਤੇ ਮੁਆਫ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e