ਪੰਜਾਬ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ, ਹੋਸ਼ ਉਡਾ ਦੇਵੇਗੀ ਇਹ ਖ਼ਬਰ
Tuesday, Mar 25, 2025 - 03:53 PM (IST)

ਪਟਿਆਲਾ/ਸਨੌਰ (ਮਨਦੀਪ ਜੋਸਨ) : ਆਧੁਨਿਕ ਯੁੱਗ ’ਚ ਹਰ ਕਿਸੇ ਦੇ ਹੱਥ ’ਚ ਮੋਬਾਈਲ ਹੈ, ਮੋਬਾਈਲ ਦੀਆਂ ਐਪਸ ’ਤੇ ਜਿੱਥੇ ਬਹੁਤ ਸਾਰੇ ਫਾਇਦੇ ਹਨ, ਉੱਥੇ ਵੱਡੇ ਨੁਕਸਾਨ ਵੀ ਨਜ਼ਰ ਆ ਰਹੇ ਹਨ। ਹੈਕਰਾਂ ਨੇ ਲੋਕਾਂ ਨੂੰ ਠੱਗਣ ਦੇ ਅਜਿਹੇ ਤਰੀਕੇ ਕੱਢ ਲਏ ਹਨ ਕਿ ਜਿਨ੍ਹਾਂ ਨੂੰ ਦੇਖ ਸੁਣ ਕੇ ਹਰ ਕੋਈ ਹੈਰਾਨ ਹੈ। ਪਿਛਲੇ 15 ਦਿਨਾਂ ਤੋਂ ਦੇਸ਼-ਵਿਦੇਸ਼ ਦੇ ਕਿਸੇ ਵੀ ਕੋਨੇ ’ਚ ਬੈਠੇ ਹੈਕਰਾਂ ਨੇ ਪਟਿਆਲਾ ਦੀਆਂ ਨਾਮਵਰ ਹਸਤੀਆਂ ਦੇ ਵਟਸਐਪ ਹੈਕ ਕਰਕੇ ਲੱਖਾਂ ਰੁਪਏ ਬਟੋਰ ਲਏ ਹਨ, ਜਿਸ ਨਾਲ ਚਾਰੇ ਪਾਸੇ ਹਫੜਾ-ਦਫੜੀ ਵਾਲਾ ਮਾਹੌਲ ਹੈ। ਹੈਕਰ ਬੜੇ ਹੀ ਸੁਚੱਜੇ ਢੰਗ ਨਾਲ ਵਟਸਐਪ ਹੈਕ ਕਰ ਰਹੇ ਹਨ। ਮੋਬਾਈਲ ਨੰਬਰ ਨੂੰ ਕਿਸੇ ਤਰ੍ਹਾਂ ਸਰਚ ਕਰ ਕੇ ਚੈੱਕ ਕਰ ਲੈਂਦੇ ਹਨ ਕਿ ਇਸ ਵਟਸਐਪ ਨੰਬਰ ਤੋਂ ਉਸ ਦੇ ਨਜ਼ਦੀਕੀ ਦੋਸਤ ਕਿਹੜੇ ਹਨ। ਸਭ ਤੋਂ ਪਹਿਲਾਂ ਹੈਕਰ ਕਿਸੇ ਵੀ ਇਕ ਨਾਮਵਰ ਵਿਅਕਤੀ ਦਾ ਮੋਬਾਈਲ ਹੈਕ ਕਰ ਦਿੰਦਾ ਹੈ, ਉਸ ਤੋਂ ਬਾਅਦ ਉਸ ਦੇ ਵਟਸਐਪ ਮੈਸਜ਼ ਅਤੇ ਵਟਸਐਪ ਕਾਲਿੰਗ ਨੂੰ ਸਿੱਧਾ ਡੀਲ ਕਰਦਾ ਹੈ।
ਇਹ ਵੀ ਪੜ੍ਹੋ : ਡਿਫਾਲਟਰ ਖਪਤਕਾਰਾਂ 'ਤੇ ਵੱਡਾ ਐਕਸ਼ਨ, ਬਿਜਲੀ ਵਿਭਾਗ ਨੇ ਆਖਿਰ ਸ਼ੁਰੂ ਕੀਤੀ ਕਾਰਵਾਈ
ਹੈਕਰ ਜਿਸ ਵੀ ਵਟਸਐਪ ਉੱਪਰ ਤੁਸੀਂ ਵਧ ਕਾਲਿੰਗ ਜਾਂ ਵਟਸਐਪ ਲੈਣ-ਦੇਣ ਕਰਦੇ ਹੋ, ਉਸ ਤੋਂ ਤੁਹਾਨੂੰ ਮੈਸਜ ਭੇਜਦਾ ਹੈ ਕਿ ਤੁਹਾਨੂੰ ਇਕ 6 ਡਿਜ਼ਿਟ ਦਾ ਟੈਕਸਟ ਮੈਸੇਜ ਭੇਜਿਆ ਹੈ। ਮੇਰੇ ਫੋਨ ਉੱਪਰ ਖਰਾਬੀ ਹੋ ਗਈ ਹੈ, ਕ੍ਰਿਪਾ ਕਰ ਕੇ ਇਹ ਮੈਨੂੰ ਭੇਜ ਦਿਓ। ਸਾਨੂੰ ਇਹ ਪਤਾ ਨਹੀਂ ਚੱਲਦਾ ਕਿ ਜਿਹੜਾ ਹੈਕਰ ਸਾਡੇ ਇਕ ਚੰਗੇ ਦੋਸਤ ਦੇ ਵਟਸਐਪ ਰਾਹੀਂ ਸਾਡੇ ਕੋਲੋਂ ਇਹ 6 ਨੰਬਰਾਂ ਵਾਲਾ ਡਿਜ਼ਿਟ ਮੰਗ ਰਿਹਾ ਹੈ, ਉਹ ਸਾਡੇ ਦੋਸਤ ਦਾ ਵਟਸਐਪ ਨਹੀਂ ਹੈ। ਉਹ ਤਾਂ ਹੈਕਰ ਨੇ ਹੈਕ ਕਰ ਕੇ ਆਪਣੇ ਅਧੀਨ ਕਰ ਲਿਆ ਹੈ। ਅਸੀਂ ਗਲਤੀ ਨਾਲ ਜਦੋਂ ਉਸ ਨੂੰ 6 ਨੰਬਰਾਂ ਦਾ ਕੋਡ ਭੇਜ ਦਿੰਦੇ ਹਾਂ ਜਾਂ ਉਸ ਵੱਲੋਂ ਵਟਸਐਪ ’ਤੇ ਮੰਗੀ ਕੋਈ ਵੀ ਜਾਣਕਾਰੀ ਉਸ ਨੂੰ ਦੇ ਦਿੰਦੇ ਹਾਂ ਤਾਂ ਉਹ ਤੁਰੰਤ ਤੁਹਾਡਾ ਵੀ ਵਟਸਐਪ ਹੈਕ ਕਰ ਜਾਂਦਾ ਹੈ। ਹੈਕਰ ਇਸ ਤਰ੍ਹਾਂ ਤੁਹਾਡੇ ਵਟਸਐਪ ’ਤੇ ਜਾਂਦੇ ਮੈਸੇਜਾਂ ਨੂੰ ਦੇਖ ਕੇ ਅੰਦਾਜ਼ਾ ਲਗਾ ਲੈਂਦਾ ਹੈ ਕਿ ਇਹ ਵਿਅਕਤੀ ਕਿੱਥੇ-ਕਿੱਥੇ ਲੈਣ-ਦੇਣ ਕਰਦਾ ਹੈ ਜਾਂ ਇਸ ਦੇ ਕਿਹੜੇ-ਕਿਹੜੇ ਵੱਡੇ ਵਿਅਕਤੀਆਂ ਨਾਲ ਸੰਬੰਧ ਹਨ। ਫਿਰ ਉਹ ਫੋਨ ਰਾਹੀਂ ਹੀ ਤੁਹਾਡੇ ਟੱਚ ’ਚ ਆਏ ਵੱਡੇ-ਛੋਟੇ ਵਿਅਕਤੀਆਂ ਨੂੰ ਉਲਝਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਤਰ੍ਹਾਂ ਬਹੁਤ ਸਾਰੀਆਂ ਨਾਮਵਰ ਹਸਤੀਆਂ ਦੇ ਫੋਨ ਪਟਿਆਲਾ ਅੰਦਰ ਹੈਕ ਹੋ ਚੁਕੇ ਹਨ ਅਤੇ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਇਸ ਤਰ੍ਹਾਂ ਲੱਖਾਂ ਰੁਪਏ ਹੈਕਰ ਬਟੋਰ ਚੁੱਕੇ ਹਨ।
ਇਹ ਵੀ ਪੜ੍ਹੋ : ਵਾਹਨਾਂ ਲਈ ਨਵੀਂ ਰਜਿਸਟਰੇਸ਼ਨ ਨੰਬਰ ਪਲੇਟ ਕੀਤੀ ਗਈ ਤਿਆਰ, ਖਾਸੀਅਤ ਜਾਣ ਉੱਡਣਗੇ ਹੋਸ਼
ਡਾ. ਪੁਸ਼ਪਿੰਦਰ ਗਿੱਲ ਅਤੇ ਢਿੱਲੋਂ ਫਨ ਵਰਲਡ ਦੇ ਮਾਲਕ ਦਾ ਫੋਨ ਵਟਸਐਪ ਵੀ ਹੈਕ
ਪੰਜਾਬੀ ਯੂਨੀਵਰਸਿਟੀ ਦੇ ਅਕੈਡਮਿਕ ਡੀਨ ਵਰਗੇ ਅਹੁਦਿਆਂ ਉੱਪਰ ਤਾਇਨਾਤ ਰਹੇ ਅਤੇ ਵਾਈਸ ਚਾਂਸਲਰ ਦੇ ਮੁੱਖ ਦਾਅਵੇਦਾਰਾਂ ’ਚੋਂ ਇਕ ਡਾ. ਪੁਸ਼ਪਿੰਦਰ ਸਿੰਘ ਗਿੱਲ ਦੇ ਫੋਨ ਦਾ ਵਟਸਐਪ ਹੈਕ ਹੋ ਚੁੱਕਾ ਹੈ। ਹੈਕਰ ਨੇ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਦੇ ਵੈਟਸਐਪ ਨੂੰ ਹੈਕ ਕਰਕੇ ਉਨ੍ਹਾਂ ਦੇ ਨੇੜਲੇ ਦੋਸਤਾਂ ਨੂੰ ਮੈਸਜ ਪਾਏ, ਜਿਸ ’ਚ ਲਿਖਿਆ ਕਿ ਉਨ੍ਹਾਂ ਨੂੰ 15 ਹਜ਼ਾਰ ਰੁਪਏ ਦੀ ਲੋੜ ਹੈ ਕਿਉਂਕਿ ਉਨ੍ਹਾਂ ਦੇ ਅਕਾਊਂਟ ਵਿਚ ਕੋਈ ਸਮੱਸਿਆ ਆ ਗਈ ਹੈ। ਮੈਂ ਤੁਹਾਨੂੰ ਇਕ ਵਟਸਐਪ ਨੰਬਰ ਭੇਜ ਰਿਹਾ ਹਾਂ। ਕ੍ਰਿਪਾ ਕਰ ਕੇ ਮੈਨੂੰ ਇਸ ਵਟਸਐਪ ’ਤੇ 15 ਹਜ਼ਾਰ ਰੁਪਏ ਭੇਜ ਦਿਓ। ਹੈਕਰ ਨੇ ਡਾ. ਪੁਸ਼ਪਿੰਦਰ ਗਿੱਲ ਦੇ ਨੇੜਲੇ ਸਾਥੀਆਂ ਨੂੰ ਬਹੁਤ ਸਾਰੇ ਮੈਸੇਜ ਭੇਜੇ ਤੇ ਆਪਣਾ ਗੂਗਲ ਨੰਬਰ ਵੀ ਭੇਜਿਆ, ਜਿਸ ਤੋਂ ਬਾਅਦ 2 ਦਰਜਨ ਤੋਂ ਵਧ ਡਾ. ਪੁਸ਼ਪਿੰਦਰ ਗਿੱਲ ਦੇ ਦੋਸਤਾਂ ਕੋਲੋਂ ਹੈਕਰ 15-15 ਹਜ਼ਾਰ ਰੁਪਏ ਲੈ ਕੇ ਲੱਖਾਂ ਰੁਪਏ ਡਕਾਰ ਗਿਆ। ਇਥੇ ਹੀ ਬੱਸ ਨਹੀਂ, ਹੈਕਰ ਤੁਹਾਡੀ ਆਵਾਜ਼ ’ਚ ਵੀ ਗੱਲ ਕਰ ਸਕਦਾ ਹੈ।
ਇਹ ਵੀ ਪੜ੍ਹੋ : ਇੰਸਪੈਕਟਰ ਸਮੇਤ ਪੰਜ ਮੁਲਾਜ਼ਮਾਂ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ, ਐੱਸ. ਐੱਸ. ਪੀ. ਤੋਂ ਮੰਗਿਆ ਹਲਫਨਾਮਾ
ਇਸ ਤੋਂ ਬਾਅਦ ਢਿੱਲੋਂ ਫਨ ਵਰਲਡ ਦੇ ਮਾਲਕ ਬਲਜਿੰਦਰ ਸਿੰਘ ਢਿੱਲੋਂ ਦਾ ਫੋਨ ਵਟਸਐਪ ਵੀ ਹੈਕ ਹੋ ਚੁੱਕਾ ਹੈ। ਹੈਕਰ ਨੇ ਉਨ੍ਹਾਂ ਦੇ ਨੇੜਲੇ ਸਾਥੀਆਂ ਤੋਂ ਜਿੱਥੇ ਪੈਸੇ ਬਟੋਰੇ ਹਨ, ਉੱਥੇ ਉਹ ਬਲਜਿੰਦਰ ਸਿੰਘ ਢਿੱਲੋਂ ਦੇ ਨੇੜਲੇ ਸਾਥੀਆਂ ਨੂੰ ਇਕ 6 ਡਿਜ਼ਿਟ ਦਾ ਕੋਡ ਭੇਜ ਰਿਹਾ ਹੈ ਕਿ ਉਹ ਇਕ ਮੁਸੀਬਤ ’ਚ ਫਸੇ ਹੋਏ ਹਨ, ਉਨ੍ਹਾਂ ਦੇ ਵਟਸਐਪ ’ਚ ਪ੍ਰਾਬਲਮ ਆ ਗਈ ਹੈ। ਤੁਹਾਨੂੰ ਹੁਣੇ ਮੈਂ ਇਕ ਮੈਸੇਜ ਭੇਜਿਆ ਹੈ। ਕ੍ਰਿਪਾ ਕਰ ਕੇ ਤੁਸੀਂ ਵਟਸਐਪ ਨੰਬਰ ’ਤੇ ਮੈਨੂੰ ਪੈਸੇ ਪਾ ਦਿਓ ਤਾਂ ਜੋ ਮੈਂ ਵਟਸਐਪ ਚਾਲੂ ਕਰ ਸਕਾ। ਜੇਕਰ ਹੈਕਰ 40-50 ਮੈਂਬਰਾਂ ਨੂੰ ਇਹ ਮੈਸੇਜ ਬਲਜਿੰਦਰ ਸਿੰਘ ਢਿੱਲੋਂ ਕਰ ਕੇ ਭੇਜਦਾ ਹੈ ਤਾਂ ਇਸ ’ਚੋਂ 10-15 ਮੈਂਬਰ ਉਸ ਦੀ ਲੁੱਟ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤਰ੍ਹਾਂ ਪਟਿਆਲਾ ਦੇ ਕਈ ਦਰਜਨ ਨਾਮਵਰ ਹਸਤੀਆਂ ਦੇ ਵਟਸਐਪ ਹੈਕ ਹੋ ਚੁੱਕੇ ਹਨ। ਡਾ. ਪੁਸ਼ਪਿੰਦਰ ਸਿੰਘ ਗਿੱਲ ਅਤੇ ਬਲਜਿੰਦਰ ਸਿੰਘ ਢਿੱਲੋਂ ਨੇ ਇਸ ਸਬੰਧੀ ਸਾਈਬਰ ਕ੍ਰਾਈਮ ਨੂੰ ਕੰਪਲੇਟ ਦਰਜ ਕਰਵਾਈ ਹੈ, ਜਿਸ ਉੱਪਰ ਜਾਂਚ ਚੱਲ ਰਹੀ ਹੈ।
ਹਰ ਵਿਅਕਤੀ ਵਟਸਐਪ ਉੱਪਰ ਤੁਰੰਤ 2 ਫੈਕਟਰ ਅਥੈਂਟੀਕੇਸ਼ਨ ਆਨ ਕਰੇ : ਡੀ. ਐੱਸ. ਪੀ. ਅਸ਼ਵੰਤ ਧਾਲੀਵਾਲ
ਇਸ ਸਬੰਧੀ ਜਦੋਂ ਪਟਿਆਲਾ ਸਾਈਬਰ ਵਿੰਗ ਦੇ ਡਿਪਟੀ ਸੁਪਰਡੈਂਟ ਆਫ ਪੁਲਸ ਅਸ਼ਵੰਤ ਧਾਲੀਵਾਲ ਨਾਲ ਸੰਪਰਕ ਬਣਾਇਆ ਤਾਂ ਉਨ੍ਹਾਂ ਆਖਿਆ ਕਿ ਸਾਈਬਰ ਵਿੰਗ ਨੂੰ ਅਜਿਹੀਆਂ ਕਈ ਸ਼ਿਕਾਇਤਾਂ ਮਿਲੀਆਂ ਹਨ, ਜਿਸ ਉੱਪਰ ਬੜੀ ਬਰੀਕੀ ਨਾਲ ਜਾਂਚ ਜਾਰੀ ਹੈ ਅਤੇ ਦੋਸ਼ੀ ਜਲਦ ਹੀ ਸ਼ਿਕੰਜੇ ਹੇਠ ਹੋਣਗੇ। ਉਨ੍ਹਾਂ ਆਖਿਆ ਕਿ ਪਹਿਲੀ ਜਾਂਚ ਤੋਂ ਇਹ ਸਾਬਿਤ ਹੋ ਰਿਹਾ ਹੈ ਕਿ ਹੈਕਰ ਕੰਬੋਡੀਆ ਵਰਗੇ ਦੇਸ਼ਾਂ ਤੋਂ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਨੂੰ ਵੀ ਆਪਦੇ ਵਟਸਐਪ ’ਤੇ ਜਾਂਚ ਟੈਕਸ ਮੈਸੇਜ ’ਤੇ ਆਇਆ ਮੈਸੇਜ ਨਾ ਭੇਜਣ।
ਇਹ ਵੀ ਪੜ੍ਹੋ : ਪੰਜਾਬ ਦੇ ਮਾਲੀਏ ਵਿਚ ਰਿਕਾਰਡ ਵਾਧਾ, ਆਬਕਾਰੀ ਨੀਤੀਆਂ ਨੇ ਭਰ 'ਤਾ ਸਰਕਾਰ ਦਾ ਖਜ਼ਾਨਾ
ਮੈਸੇਜ ਤੋਂ ਪਹਿਲਾਂ ਫੋਨ ਕਾਲ ਕਰਕੇ ਇਹ ਪੱਕਾ ਕਰਨ ਕਿ ਜਿਹੜੇ ਵਟਸਐਪ ’ਤੇ ਜਾਂ ਟੈਕਸਟ ਮੈਸੇਜ ਆਇਆ ਹੈ ਕਿ ਉਨ੍ਹਾਂ ਦੇ ਦੋਸਤ ਨੇ ਹੀ ਭੇਜਿਆ ਹੈ। ਜੇਕਰ ਉਹ ਬਿਨਾਂ ਕਨਫਰਮ ਕਰੇ ਵਟਸਐਪ ’ਤੇ ਆਪਣੇ ਦੋਸਤ ਨੂੰ ਇਹ ਮੈਸੇਜ ਭੇਜ ਦਿੰਦੇ ਹਨ ਤਾਂ ਉਨ੍ਹਾਂ ਦਾ ਵਟਸਐਪ ਵੀ ਹੈਕ ਹੋ ਜਾਵੇਗਾ, ਇਥੋਂ ਤੱਕ ਕਿ ਹੈਕਰ ਉਨ੍ਹਾਂ ਦੇ ਅਕਾਊਂਟ ਤੱਕ ਜਾਣ ਦੀ ਕੋਸ਼ਿਸ਼ ਕਰੇਗਾ। ਉਨ੍ਹਾਂ ਕਿਹਾ ਕਿ ਤੁਹੰਤ ਅਜਿਹੀ ਸਥਿਤੀ ’ਚ ਸਾਈਬਰ ਸੈੱਲ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਡੀ. ਐੱਸ. ਪੀ. ਅਸ਼ਵੰਤ ਧਾਲੀਵਾਲ ਨੇ ਪਟਿਆਲਾ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਆਪਣੀ ਵਟਸਐਪ ਦੀ ਸੈਟਿੰਗ ’ਤੇ ਜਾ ਕੇ 2 ਫੈਕਟਰ ਅਥੈਂਟੀਕੇਸ਼ਨ ਆਨ ਕਰੇ। ਫਿਰ ਇਸ ਉੱਪਰ 6 ਡਿਜ਼ਿਟ ਦਾ ਆਪਣਾ ਲੋਕ ਕੋਡ ਲਾਵੇ ਅਤੇ ਬਕਾਇਦਾ ਇਸ ਨੂੰ ਆਪਣੀ ਮੇਲ ਨਾਲ ਅਟੈਚ ਕਰੇ। ਜਦੋਂ ਤੁਸੀਂ ਇਸ ਤਰ੍ਹਾਂ ਦਾ ਇਹ ਡਿਜ਼ੀਟਲ ਲਾਕ ਲਗਾ ਦਿੰਦੇ ਹੋ ਤਾਂ ਜੇਕਰ ਕੋਈ ਹੈਕਰ ਤੁਹਾਡੇ ਵਟਸਐਪ ਨੂੰ ਹੈਕ ਕਰਦਾ ਹੈ ਤਾਂ ਉਸ ਨੂੰ ਤੁਹਾਡੇ ਇਸ ਕੋਡ ਦੀ ਲੋੜ ਪਵੇਗੀ। ਇਸ ਕੋਡ ਨਾਲ ਤੁਹਾਡਾ ਵੱਡਾ ਬਚਾਅ ਹੋ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e