ਪੰਜਾਬ ਸਰਕਾਰ ਬਰਗਾੜੀ ਕਾਂਡ ਦੇ ਹੱਲ ਸਬੰਧੀ ਗੰਭੀਰ ਨਹੀਂ: ਜਥੇ. ਦਾਦੂਵਾਲ

Thursday, Jun 21, 2018 - 07:33 AM (IST)

ਬਰਗਾੜੀ (ਜ. ਬ.) - ਪੰਥਕ ਮੰਗਾਂ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ  ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ 'ਚ ਬਰਗਾੜੀ ਵਿਖੇ ਲਾਇਆ ਗਿਆ ਇਨਸਾਫ ਮੋਰਚਾ ਅੱਜ 20ਵੇਂ ਦਿਨ ਵੀ ਜਾਰੀ ਹੈ। ਇਸ ਮੋਰਚੇ ਵਿਚ ਹਰ ਰੋਜ਼ ਸੰਗਤਾਂ ਪੰਜਾਬ ਦੇ ਕੋਨੇ-ਕੋਨੇ ਤੋਂ ਵੱਡੀ ਗਿਣਤੀ ਵਿਚ ਹਾਜ਼ਰੀ ਭਰ ਰਹੀਆਂ ਹਨ। ਇਸ  ਮੋਰਚੇ ਵਿਚ ਰਾਗੀ, ਢਾਡੀ, ਕਵੀਸ਼ਰੀ ਅਤੇ ਕੀਰਤਨੀ ਜਥੇ ਗੁਰੂ ਦਾ ਜਾਪ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਰਵੱਈਆ ਵੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵਾਲਾ ਹੀ ਜਾਪਦਾ ਹੈ। ਉਹ ਬਰਗਾੜੀ ਬੇਅਦਬੀ ਕਾਂਡ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਛੋਟੇ-ਛੋਟੇ ਮਸਲਿਆਂ ਸਬੰਧੀ ਪ੍ਰੈੱਸ ਕਾਨਫਰੰਸਾਂ ਕਰਕੇ ਲੋਕਾਂ ਨੂੰ ਜਾਣੂ ਕਰਵਾਉਂਦਾ ਰਹਿੰਦਾ ਹੈ। ਪੰ੍ਰਤੂ ਬਰਗਾੜੀ ਬੇਅਦਬੀ ਕਾਂਡ ਦੇ ਇਨਸਾਫ ਲਈ ਪਿਛਲੇ 20 ਦਿਨਾਂ ਤੋਂ ਮੋਰਚਾ ਲੱਗਾ ਹੋਇਆ ਹੈ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਨੇ ਇਕ ਦਿਨ ਵੀ ਕੋਈ ਬਿਆਨ ਜਾਂ ਐਲਾਨ ਨਹੀਂ ਕੀਤਾ। ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਇਸ ਮਸਲੇ ਦੇ ਹੱਲ ਲਈ ਗੰਭੀਰ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਵੱਲੋਂ ਰਸਮੀਂ ਤੌਰ 'ਤੇ ਦੋਸ਼ੀਆਂ ਸਬੰਧੀ ਲੋਕਾਂ ਨੂੰ ਜਾਣੂ ਨਹੀਂ ਕਰਵਾਉਂਦੇ ਅਤੇ ਪੰਥਕ ਆਗੂਆਂ ਨਾਲ ਬਰਗਾੜੀ ਵਿਖੇ ਆਣ ਕੇ ਗੱਲਬਾਤ ਨਹੀ ਕਰਦੇ। ਉਸ ਸਮੇਂ ਤੱਕ ਇਹ ਇਨਸਾਫ ਮੋਰਚਾ ਜਾਰੀ ਰਹੇਗਾ। ਇਸ ਤੋਂ ਇਲਾਵਾ ਰੋਜ਼ਾਨਾ 'ਪਹਿਰੇਦਾਰ' ਦੇ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ।
ਇਸ ਇਨਸਾਫ ਮੋਰਚੇ ਵਿਚ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਦੀਪ ਸਿੰਘ ਬਠਿੰਡਾ, ਗੁਰਸੇਵਕ ਸਿੰਘ ਭਾਣਾ, ਅਮਰ ਸਿੰਘ ਖਾਲਸਾ, ਰਣਜੀਤ ਸਿੰਘ ਵਾਂਦਰ, ਬੂਟਾ ਸਿੰਘ ਰਣਸ਼ੀਂਹਕੇ, ਬਾਬਾ ਫੌਜਾ ਸਿੰਘ ਸੁਭਾਨੇਵਾਲੇ, ਬਾਬਾ ਮੋਹਨ ਦਾਸ, ਬਾਬਾ ਚਮਕੌਰ ਸਿੰਘ ਭਾਈਰੂਪਾ, ਬਾਬਾ ਅਵਤਾਰ ਸਿੰਘ ਧੂੜਕੋਟ, ਬਾਬਾ ਹਰਵਿੰਦਰ ਸਿੰਘ ਰੌਲੀ, ਗੁਰਪ੍ਰੀਤ ਸਿੰਘ ਬਹਿਬਲ, ਸੁਖਪਾਲ ਸਿੰਘ ਬਰਗਾੜੀ, ਪ੍ਰਿਤਪਾਲ ਬਰਗਾੜੀ, ਮਨਦੀਪ ਸਿੰਘ ਬਹਿਬਲ, ਕੁਲਵੰਤ ਸਿੰਘ ਰਾਊਕੇ, ਗੁਰਮੁੱਖ ਸਿੰਘ ਬਰਗਾੜੀ ਨੇ ਸ਼ਮੂਲੀਅਤ ਕੀਤੀ।


Related News