ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਾ ਛੁਡਾਓ ਕੇਂਦਰ ਦੀ ਫੇਸਫੁੱਕ ''ਤੇ ਕੀਤੀ ਸ਼ਲਾਘਾ
Sunday, Jun 30, 2019 - 10:42 AM (IST)

ਪੱਟੀ (ਸੌਰਭ) : ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਛੁਡਾਓ ਕੇਂਦਰ ਭੱਗੂਪੁਰ ਦੇ ਸੈਂਟਰ ਵਲੋਂ ਨਸ਼ੇ ਨੂੰ ਠੱਲ੍ਹ ਪਾਉਣ ਵਿਚ ਪਾਏ ਜਾ ਰਹੇ ਅਹਿਮ ਯੋਗਦਾਨ 'ਤੇ ਸੈਂਟਰ ਇੰਚਾਰਜ ਡਾ. ਜਸਪ੍ਰੀਤ ਸਿੰਘ ਅਤੇ ਸਟਾਫ ਦੀ ਫੇਸਬੁੱਕ 'ਤੇ ਸ਼ਲਾਘਾ ਕੀਤੀ ਗਈ ਹੈ ਤਾਂ ਜੋ ਪੰਜਾਬ ਅੰਦਰ ਚੱਲ ਰਹੇ ਨਸ਼ਾ ਛੁਡਾਓ ਕੇਂਦਰਾਂ ਅੱਗੇ ਮਿਸਾਲ ਦੇ ਕੇ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਮੌਕੇ ਡਾ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪੰਜਾਬ 'ਚੋਂ ਨਸ਼ੇ ਦੇ ਖਾਤਮੇ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਅਤੇ ਨਸ਼ਾ ਛੁਡਾਓ ਕੇਂਦਰ ਦੀ ਕਾਰਗੁਜ਼ਰੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੇ ਖਾਤਮੇ ਲਈ ਯਤਨਸ਼ੀਲ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਅੰਦਰ ਜਿਹੜੇ ਵੀ ਸੈਂਟਰ ਪੂਰੀ ਮਿਹਨਤ ਅਤੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢਣ ਲਈ ਉਪਰਾਲੇ ਕਰ ਰਹੇ ਹਨ, ਉਨ੍ਹਾਂ ਦੀ ਮੁੱਖ ਮੰਤਰੀ ਪੰਜਾਬ ਵੱਲੋਂ ਪੀ. ਆਰ. ਟੀਮ ਰਾਹੀਂ ਨਸ਼ਾ ਛੁਡਾਓ ਕੇਂਦਰਾਂ ਦੀ ਕਾਰਗੁਜ਼ਾਰੀ 'ਤੇ ਨਜ਼ਰ ਰੱਖੀ ਜਾ ਰਹੀ ਹੈ, ਤਾਂ ਜੋ ਨਸ਼ੇ ਨੂੰ ਪ੍ਰਭਾਵੀ ਢੰਗ ਨਾਲ ਖਤਮ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਵਿਚੋਂ ਭੱਗੂਪੁਰ ਸੈਂਟਰ ਮੂਹਰਲੀਆਂ ਕਤਾਰਾਂ 'ਤੇ ਹੈ। ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਭੱਗੂਪੁਰ ਸੈਂਟਰ ਦੇ ਠੀਕ ਹੋਏ ਮਰੀਜ਼ਾਂ ਨਾਲ ਗੱਲਬਾਤ ਕਰਦੇ ਹੋਏ ਦੀ ਵੀਡੀਓ ਫੇਸਬੁੱਕ ਰਾਹੀਂ ਸ਼ੇਅਰ ਕੀਤੀ ਹੈ, ਤਾਂ ਜੋ ਬਾਕੀ ਸੈਂਟਰ ਵੀ ਇਸੇ ਤਰੀਕੇ ਨਾਲ ਕੰਮ ਕਰਕੇ ਨਸ਼ੇ ਨੂੰ ਪੰਜਾਬ 'ਚੋਂ ਬਾਹਰ ਕੱਢਣ। ਡਾ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸੈਂਟਰ ਵਿਚ 7500 ਮਰੀਜ਼ਾਂ ਦੀ ਰਜਿਸਟਰੇਸ਼ਨ, ਰੋਜ਼ਾਨਾ ਸੱਤ ਸੌ ਮਰੀਜ਼ ਦਵਾਈ ਖਾ ਰਹੇ ਹਨ ਅਤੇ ਤਕਰੀਬਨ ਇਕ ਹਜ਼ਾਰ ਮਰੀਜ਼ਾਂ ਦੀ ਦਵਾਈ ਘਟਾਈ ਜਾ ਚੁੱਕੀ ਹੈ। ਇਸ ਮੌਕੇ ਡਾਕਟਰ ਨੇ ਦੱਸਿਆ ਕਿ ਸਾਡੇ ਸਾਰਿਆਂ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਪੰਜਾਬ ਵਿਚੋਂ ਨਸ਼ੇ ਦੇ ਖਾਤਮੇ ਲਈ ਉਪਰਾਲੇ ਕੀਤੇ ਜਾਣ ਤਾਂ ਜੋ ਨੌਜਵਾਨ ਨਸ਼ੇ ਦੀ ਦਲਦਲ ਵਿਚੋਂ ਨਿਕਲ ਸਕਣ। ਇਸ ਮੌਕੇ ਉਨ੍ਹਾਂ ਕਿਹਾ ਕਿ ਭੱਗੂਪੁਰ ਸੈਂਟਰ ਨੂੰ ਮੋਹਰੀ ਕਤਾਰ ਵਿਚ ਪਹੁੰਚਾਣ ਲਈ ਸੈਂਟਰ ਦੇ ਸਟਾਫ ਦਾ ਵੀ ਅਹਿਮ ਯੋਗਦਾਨ ਹੈ। ਇਸ ਮੌਕੇ ਪਰਮਿੰਦਰਪਾਲ ਸਿੰਘ ਕੌਂਸਲਰ, ਕਿੰਦਰਬੀਰ ਸਿੰਘ, ਇਕਬਾਲ ਸਿੰਘ, ਵਰਿੰਦਰ ਸਿੰਘ, ਜਸਜੋਤ ਸਿੰਘ, ਰਵੀ ਪ੍ਰਤਾਪ ਸਿੰਘ, ਆਦਿ ਹਾਜ਼ਰ ਸਨ।