ਸਾਰਥਕ ਹਨ 85 ਸਾਲ ਪਹਿਲਾਂ ਕਹੀਆਂ ਬਾਪੂ ਦੀਆਂ ਗੱਲਾਂ, ਓਨੇ ਹੀ ਪਾਣੀ ਦੀ ਵਰਤੋਂ ਕਰਦੇ ਸਨ ਜਿੰਨੀ ਹੁੰਦੀ ਸੀ ਲੋੜ

08/22/2023 12:56:34 PM

ਜਲੰਧਰ (ਇੰਟ.) : ਸੋਮਵਾਰ ਤੋਂ ਵਿਸ਼ਵ ਜਲ ਹਫਤਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ’ਤੇ ਤੁਹਾਨੂੰ ਦੱਸਦੇ ਹਾਂ ਕਿ ਪਾਣੀ ਦੀ ਅਹਿਮੀਅਤ ਨੂੰ ਲੈ ਕੇ ਲਗਭਗ 85 ਸਾਲ ਪਹਿਲਾਂ ਕਹੀਆਂ ਗਈਆਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀਆਂ ਗੱਲਾਂ ਅੱਜ ਵੀ ਸਾਰਥਕ ਹਨ, ਹਾਲਾਂਕਿ ਇਹ ਬਹੁਤ ਹੀ ਦੁੱਖਦਾਇਕ ਹੈ ਕਿ ਅਸੀਂ ਉਨ੍ਹਾਂ ਨੂੰ ਨਮਨ ਤਾਂ ਕਰਦੇ ਹਾਂ ਪਰ ਉਨ੍ਹਾਂ ਦੀਆਂ ਗੱਲਾਂ ’ਤੇ ਅਮਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਪਾਣੀ ਨੂੰ ਲੈ ਕੇ ਬਾਪੂ ਦੀ ਸੋਚ ਵਿਲੱਖਣ ਸੀ। ਉਹ ਕਹਿੰਦੇ ਸਨ ਕਿ ਮੀਂਹ ਦਾ ਪਾਣੀ ਕੁਦਰਤ ਦਾ ਵੱਡਮੁੱਲਾ ਖਜ਼ਾਨਾ ਹੈ, ਜਿਸ ਨੂੰ ਬੇਕਾਰ ਨਹੀਂ ਜਾਣ ਦੇਣਾ ਚਾਹੀਦਾ। ਉਹ ਇਸ ਪਾਣੀ ਨੂੰ ਪੀਣਯੋਗ ਬਣਾਉਣ ਅਤੇ ਇਸ ਦੀ ਵਰਤੋਂ ਸਿੰਚਾਈ ਲਈ ਕਰਨ ਦੀ ਵਕਾਲਤ ਕਰਦੇ ਸਨ। ਇੱਥੇ ਅਹਿਮ ਗੱਲ ਇਹ ਵੀ ਹੈ ਕਿ ਮਹਾਤਮਾ ਗਾਂਧੀ ਵੀ ਓਨੇ ਹੀ ਪਾਣੀ ਦੀ ਵਰਤੋਂ ਕਰਦੇ ਸਨ ਜਿੰਨੀ ਉਨ੍ਹਾਂ ਨੂੰ ਲੋੜ ਹੁੰਦੀ ਸੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਆਂਗਨਵਾੜੀ ਵਰਕਰਾਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ, ਜਾਰੀ ਕੀਤੇ ਇਹ ਆਦੇਸ਼

ਪਾਣੀ ’ਤੇ ਡੂੰਘੀ ਸੀ ਸੋਚ
ਮਹਾਤਮਾ ਗਾਂਧੀ ਨੇ ਆਪਣੀ ਪੁਸਤਕ ‘ਕੀ ਟੂ ਹੈਲਥ’ ਵਿਚ ਕਿਹਾ ਹੈ ਕਿ ਜੀਵਨ ਲਈ ਪਾਣੀ ਬੇਹੱਦ ਅਹਿਮ ਹੈ। ਇਹ ਇੰਨਾ ਜ਼ਰੂਰੀ ਹੈ ਕਿ ਈਸ਼ਵਰ ਨੇ ਸਾਨੂੰ ਖੂਬ ਪਾਣੀ ਦਿੱਤਾ ਹੈ। ਬਿਨਾਂ ਪਾਣੀ ਦੇ ਮਾਰੂਥਲ ’ਚ ਮਨੁੱਖ ਵਸ ਨਹੀਂ ਸਕਦਾ। ਸਹਾਰਾ ਦੇ ਰੇਗਿਸਤਾਨ ਵਰਗੀ ਥਾਂ ’ਤੇ ਬਸਤੀ ਦਿਖਾਈ ਹੀ ਨਹੀਂ ਦਿੰਦੀ। ਧਰਤੀ ਦਾ 70 ਫੀਸਦੀ ਹਿੱਸਾ ਪਾਣੀ ਨਾਲ ਭਰਿਆ ਹੋਇਆ ਹੈ ਪਰ ਉਸ ਵਿਚ ਪੀਣਯੋਗ ਪਾਣੀ ਸਿਰਫ 1 ਫੀਸਦੀ ਹੈ, ਜਿਸ ’ਤੇ ਸਮੁੱਚੀ ਦੁਨੀਆ ਦੀ ਆਬਾਦੀ ਨਿਰਭਰ ਕਰਦੀ ਹੈ। ਪੀਣ ਵਾਲਾ ਪਾਣੀ ਹਮੇਸ਼ਾ ਸ਼ੁੱਧ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਥਾਵਾਂ ’ਤੇ ਪਾਣੀ ਸਾਫ ਨਹੀਂ ਹੁੰਦਾ। ਖੂਹ ਦਾ ਪਾਣੀ ਪੀਣ ’ਚ ਹਮੇਸ਼ਾ ਖਤਰਾ ਰਹਿੰਦਾ ਹੈ। ਘੱਟ ਡੂੰਘੇ ਖੂਹ ਦਾ ਪਾਣੀ ਪੀਣਯੋਗ ਨਹੀਂ ਹੁੰਦਾ। ਦੁੱਖ ਦੀ ਗੱਲ ਇਹ ਹੈ ਕਿ ਅਸੀਂ ਦੇਖ ਕੇ ਜਾਂ ਚੱਖ ਕੇ ਇਹ ਨਹੀਂ ਕਹਿ ਸਕਦੇ ਕਿ ਪਾਣੀ ਪੀਣ ਲਾਇਕ ਹੈ ਜਾਂ ਨਹੀਂ। ਦੇਖਣ ’ਚ ਅਤੇ ਚੱਖਣ ’ਚ ਜੋ ਪਾਣੀ ਚੰਗਾ ਲੱਗਦਾ ਹੈ, ਉਹ ਅਸਲ ’ਚ ਜ਼ਹਿਰੀਲਾ ਵੀ ਹੋ ਸਕਦਾ ਹੈ। ਇਸ ਲਈ ਅਣਜਾਣੇ ਘਰ ਜਾਂ ਅਣਜਾਣੇ ਖੂਹ ਦਾ ਪਾਣੀ ਨਾ ਪੀਣ ਦੀ ਪ੍ਰਥਾ ਦੀ ਪਾਲਣਾ ਕਰਨਾ ਚੰਗਾ ਹੈ।

ਮੀਂਹ ਦੇ ਪਾਣੀ ਨੂੰ ਬਚਾਉਣ ਦੇ ਪੱਖ ’ਚ
ਇਸ ਤੋਂ ਇਕ ਗੱਲ ਤਾਂ ਸਪਸ਼ਟ ਹੈ ਕਿ ਪਾਣੀ ਪ੍ਰਤੀ ਮਹਾਤਮਾ ਗਾਂਧੀ ਦਾ ਨਜ਼ਰੀਆ ਸਪਸ਼ਟ ਸੀ ਅਤੇ ਉਨ੍ਹਾਂ ਨੂੰ ਪਤਾ ਸੀ ਕਿ ਜੇ ਪਾਣੀ ਦੀ ਦੁਰਵਰਤੋਂ ਹੁੰਦੀ ਰਹੀ ਤਾਂ ਇਕ ਦਿਨ ਇਹ ਵੀ ਲੋਕਾਂ ਨਸੀਬ ਹੋਣਾ ਮੁਸ਼ਕਲ ਹੋ ਜਾਵੇਗਾ। ਸਾਲ 1938 ’ਚ ਪ੍ਰਾਰਥਨਾ ਸਭਾ ਵਿਚ ਮੀਂਹ ਦੇ ਪਾਣੀ ਦੀ ਸੰਭਾਲ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਸੀ ਕਿ ਮੀਂਹ ਦਾ ਪਾਣੀ ਨਦੀ-ਨਾਲਿਆਂ ਦੇ ਮਾਧਿਅਮ ਰਾਹੀਂ ਵਹਿ ਕੇ ਵਿਅਰਥ ਚਲਾ ਜਾਂਦਾ ਹੈ। ਸਾਨੂੰ ਇਸ ਪਾਣੀ ਦੀ ਸੰਭਾਲ ਕਰ ਕੇ ਆਪਣੇ ਜਲ ਸੋਮਿਆਂ ਨੂੰ ਵਧਾਉਣਾ ਚਾਹੀਦਾ ਹੈ। ਇਸ ਦੇ ਲਈ ਮੀਂਹ ਦੇ ਪਾਣੀ ਦੇ ਵਹਾਅ ਦੇ ਰਸਤੇ ਵਿਚ ਨਦੀ, ਤਲਾਬ ਆਦਿ ਦਾ ਨਿਰਮਾਣ ਕਰਨਾ ਚਾਹੀਦਾ ਹੈ। ਇਸ ਦੀ ਵਰਤੋਂ ਪੀਣ ਵਾਲੇ ਪਾਣੀ ਦੇ ਨਾਲ ਹੀ ਫਸਲਾਂ ਦੀ ਸਿੰਚਾਈ ਵਿਚ ਵੀ ਸਹਿਜ ਤੌਰ ’ਤੇ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਸੁਸ਼ੀਲ ਰਿੰਕੂ ਦਾ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਲੋਕ ਸਭਾ ’ਚ ਆਵਾਜ਼ ਉਠਾਉਣ ਲਈ ਸਨਮਾਨ 

ਮੌਜੂਦਾ ਭਾਰਤ ’ਚ ਪੀਣ ਵਾਲੇ ਪਾਣੀ ਦੀ ਸਥਿਤੀ
ਭਾਰਤ ਵਿਚ ਕੁਲ 19.36 ਕਰੋੜ ਪੇਂਡੂ ਪਰਿਵਾਰ ਹਨ। ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਵਿਚ ਇਨ੍ਹਾਂ ਵਿਚੋਂ ਸਿਰਫ 16.7 ਫੀਸਦੀ ਕੋਲ ਹੀ ਟੂਟੀਆਂ ਦੇ ਪਾਣੀ ਦਾ ਕੁਨੈਕਸ਼ਨ ਹੈ। ਹਾਲਾਂਕਿ 3 ਜਨਵਰੀ, 2023 ਤਕ ਡੈਸ਼ਬੋਰਡ ’ਚ ਜਾਰੀ ਅੰਕੜਿਆਂ ਅਨੁਸਾਰ ਇਹ ਅੰਕੜਾ ਵਧ ਕੇ 10.87 ਕਰੋੜ ’ਤੇ ਪਹੁੰਚ ਗਿਆ ਸੀ, ਜੋ 56.14 ਫੀਸਦੀ ਘਰਾਂ ਤਕ ਟੂਟੀਆਂ ਵਾਲੇ ਪਾਣੀ ਦੀ ਪਹੁੰਚ ਨੂੰ ਦਰਸਾਉਂਦਾ ਹੈ। ਇਸ ਦਾ ਮਤਲਬ ਹੈ ਕਿ ਇਸ ਮਿਸ਼ਨ ਨੂੰ ਅਗਲੇ 2 ਸਾਲਾਂ ਵਿਚ 7.63 ਕਰੋੜ ਭਾਵ 47.3 ਫੀਸਦੀ ਘਰਾਂ ਤਕ ਟੂਟੀਆਂ ਦੇ ਪਾਣੀ ਦੀ ਵਿਵਸਥਾ ਕਰਨੀ ਪਵੇਗੀ। ਇਹ ਤਾਂ ਅੱਜ ਦੇ ਭਾਰਤ ਦੀ ਤਸਵੀਰ ਹੈ। ਜੇ ਅਸੀਂ ਬਾਪੂ ਦੀਆਂ ਗੱਲਾਂ ’ਤੇ ਆਜ਼ਾਦੀ ਦੇ ਬਾਅਦ ਤੋਂ ਹੀ ਸਹੀ ਢੰਗ ਨਾਲ ਅਮਲ ਕਰਦੇ ਤਾਂ ਇਹ ਅੰਕੜੇ ਕੁਝ ਹੋਰ ਹੀ ਦੱਸ ਰਹੇ ਹੁੰਦੇ।

ਜ਼ਿਆਦਾ ਪਾਣੀ ਦੀ ਵਰਤੋਂ ਕਰਨ ’ਤੇ ਜਦੋਂ ਦੁਖੀ ਹੋਏ ਬਾਪੂ
ਦੱਸਿਆ ਜਾਂਦਾ ਹੈ ਕਿ ਇਕ ਵਾਰ ਇਲਾਹਾਬਾਦ ’ਚ ਆਯੋਜਿਤ ਕਾਂਗਰਸ ਸੰਮੇਲਨ ਦੌਰਾਨ ਇਕ ਸਵੇਰੇ ਮਹਾਤਮਾ ਗਾਂਧੀ ਪਾਣੀ ਨਾਲ ਚੂਲੀ ਕਰਦੇ ਹੋਏ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਗੱਲਾਂ ਵੀ ਕਰ ਰਹੇ ਸਨ। ਅਚਾਨਕ ਉਨ੍ਹਾਂ ਨੂੰ ਹੋਰ ਪਾਣੀ ਦੀ ਲੋੜ ਪਈ ਤਾਂ ਉਨ੍ਹਾਂ ਦਾ ਚਿਹਰਾ ਗੰਭੀਰ ਤੇ ਦੁਖੀ ਨਜ਼ਰ ਆਉਣ ਲੱਗਾ। ਇਸ ’ਤੇ ਨਹਿਰੂ ਨੇ ਪੁੱਛਿਆ ਕਿ ਬਾਪੂ ਤੁਸੀਂ ਪ੍ਰੇਸ਼ਾਨ ਨਜ਼ਰ ਆ ਰਹੇ ਹੋ, ਕੀ ਕੋਈ ਸਮੱਸਿਆ ਹੈ ਤਾਂ ਬਾਪੂ ਨੇ ਕਿਹਾ ਕਿ ਮੈਂ ਅੱਜ ਲੋੜ ਤੋਂ ਵੱਧ ਪਾਣੀ ਦੀ ਵਰਤੋਂ ਕੀਤੀ ਅਤੇ ਮੈਨੂੰ ਇਹ ਨਹੀਂ ਚਾਹੀਦਾ ਸੀ। ਇਸ ’ਤੇ ਨਹਿਰੂ ਨੇ ਕਿਹਾ ਕਿ ਬਾਪੂ, ਤੁਸੀਂ ਮਾਰੂਥਲ ਵਿਚ ਨਹੀਂ ਹੋ, ਇਲਾਹਾਬਾਦ ਵਿਚ ਤ੍ਰਿਵੇਣੀ ਸੰਗਮ ’ਚ ਹੋ ਜਿੱਥੇ ਪਾਣੀ ਦੀ ਕੋਈ ਕਮੀ ਨਹੀਂ। ਤੁਸੀਂ ਜਿੰਨੇ ਮਰਜ਼ੀ ਪਾਣੀ ਦੀ ਵਰਤੋਂ ਕਰ ਸਕਦੇ ਹੋ। ਇੱਥੇ ਯਮੁਨਾ ’ਚ ਅਸੀਮਿਤ ਪਾਣੀ ਮੌਜੂਦ ਹੈ।

ਇਕ ਦਿਨ ਖਤਮ ਹੋ ਜਾਣਗੇ ਪਾਣੀ ਦੇ ਸਾਰੇ ਸੋਮੇ
ਨਹਿਰੂ ਦੀ ਗੱਲ ’ਤੇ ਬਾਪੂ ਨੇ ਕਿਹਾ ਕਿ ਗੰਗਾ-ਯਮੁਨਾ ਕਿਸ ਦੀ ਹੈ? ਸਾਨੂੰ ਉਨ੍ਹਾਂ ਦੇ ਅਸੀਮਿਤ ਪਾਣੀ ਦੀ ਵਰਤੋਂ ਕਰਨ ਦਾ ਹੱਕ ਨਹੀਂ ਹੈ। ਸਾਨੂੰ ਉਨ੍ਹਾਂ ਵਿਚੋਂ ਓਨਾ ਹੀ ਪਾਣੀ ਲੈਣਾ ਚਾਹੀਦਾ ਹੈ ਜਿੰਨੀ ਸਾਡੀ ਲੋੜ ਹੈ। ਕੁਦਰਤ ਤੋਂ ਆਪਣੀ ਲੋੜ ਦੀ ਘੱਟ ਤੋਂ ਘੱਟ ਸਮੱਗਰੀ ਲੈਣੀ ਚਾਹੀਦੀ ਹੈ। ਇਸ ਨਾਲ ਕੁਦਰਤ ਖੁਸ਼ਹਾਲ ਰਹਿੰਦੀ ਹੈ। ਜੇ ਹਰ ਵਿਅਕਤੀ ਆਪਣੀ ਲੋੜ ਤੋਂ ਵੱਧ ਅਸੀਮਿਤ ਸੋਮਿਆਂ ਦੀ ਵਰਤੋਂ ਕਰਦਾ ਰਹੇ ਤਾਂ ਇਕ ਦਿਨ ਕੁਦਰਤ ਦੇ ਸਾਰੇ ਸੋਮੇ ਵੀ ਖਤਮ ਹੋ ਜਾਣਗੇ।

ਵਿਸ਼ਵ ਜਲ ਹਫਤਾ

ਇਹ ਵੀ ਪੜ੍ਹੋ : ਕੇਜਰੀਵਾਲ ਨੇ ਮੱਧ ਪ੍ਰਦੇਸ਼ ਦੇ ਲੋਕਾਂ ਲਈ ਜਾਰੀ ਕੀਤਾ ਗਾਰੰਟੀ ਕਾਰਡ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News