ਹੜਤਾਲ ਕਾਰਨ ਸ਼ਹਿਰ ''ਚ ਪ੍ਰਭਾਵਿਤ ਹੋਇਆ ਕਰੋੜਾਂ ਰੁਪਏ ਦਾ ਕਾਰੋਬਾਰ

08/23/2017 12:40:59 PM

ਨਵਾਂਸ਼ਹਿਰ(ਤ੍ਰਿਪਾਠੀ)— ਯੂਨਾਈਟਿਡ ਫੋਰਮ ਬੈਂਕ ਯੂਨੀਅਨ ਦੇ ਸੱਦੇ 'ਤੇ ਬੀਤੇ ਦਿਨ ਦੇਸ਼ ਭਰ ਵਿਚ ਆਯੋਜਿਤ ਕੀਤੀ ਜਾ ਰਹੀ 1 ਰੋਜ਼ਾ ਹੜਤਾਲ ਤਹਿਤ ਨਵਾਂਸ਼ਹਿਰ 'ਚ ਸਥਿਤ ਪਬਲਿਕ ਸੈਕਟਰ ਦੇ ਸਾਰੇ ਬੈਂਕ ਬੰਦ ਰਹੇ, ਜਿਸ ਕਾਰਨ ਬੈਂਕ ਗਾਹਕਾਂ ਨੂੰ ਜਿੱਥੇ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਸ਼ਹਿਰ ਦੇ ਬੈਂਕਾਂ 'ਚ ਅਨੁਮਾਨਿਤ 10 ਕਰੋੜ ਰੁਪਏ ਦਾ ਬੈਂਕ ਕਾਰੋਬਾਰ ਵੀ ਪ੍ਰਭਾਵਿਤ ਹੋਇਆ। 
ਸਟੇਟ ਬੈਂਕ ਆਫ ਇੰਡੀਆ ਦੀ ਰੇਲਵੇ ਰੋਡ ਬ੍ਰਾਂਚ 'ਚ ਪੁੱਜੇ ਨੌਜਵਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਬੈਂਕ 'ਚ ਇਕ ਜ਼ਰੂਰੀ ਡਰਾਫਟ ਬਣਾਉਣਾ ਸੀ ਪਰ ਉਸ ਨੂੰ ਇਥੇ ਆ ਕੇ ਪਤਾ ਲੱਗਾ ਕਿ ਬੈਂਕਾਂ ਦੀ ਹੜਤਾਲ ਹੈ। ਇਸ ਤਰ੍ਹਾਂ ਬੈਂਕ 'ਚ ਆਪਣੇ ਕੰਮ ਲਈ ਪੁੱਜੀ ਰੇਸ਼ਮ ਕੌਰ, ਜੁਗਿੰਦਰ ਸਿੰਘ ਅਤੇ ਬਲਵੀਰ ਕੁਮਾਰ ਨੇ ਦੱਸਿਆ ਕਿ ਬੈਂਕ ਦੀ ਹੜਤਾਲ ਕਾਰਨ ਉਨ੍ਹਾਂ ਨੂੰ ਆਪਣੇ ਲੈਣ-ਦੇਣ ਸਬੰਧੀ ਸਮੱਸਿਆ ਆ ਰਹੀ ਹੈ। 
ਇਸ ਤਰ੍ਹਾਂ ਦੇ ਹਾਲਾਤ ਸ਼ਹਿਰ ਦੇ ਹੋਰਨਾਂ ਸਥਾਨਾਂ 'ਚ ਸਥਿਤ ਪਬਲਿਕ ਸੈਕਟਰ ਦੇ ਬੈਂਕਾਂ 'ਚ ਦੇਖਣ ਨੂੰ ਵੀ ਮਿਲੇ। ਚੈੱਕ ਕਲੀਅਰਸ ਅਤੇ ਡੀਲ ਕਰਨ ਵਾਲੇ ਬੈਂਕ ਅਧਿਕਾਰੀ ਨੇ ਦੱਸਿਆ ਕਿ ਪ੍ਰਤੀ ਦਿਨ 2 ਕਰੋੜ ਦੇ ਚੈੱਕ ਕਲੀਅਰਸ ਲਈ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੂਰੇ ਬੈਂਕਿਗ ਸਿਸਟਮ ਦਾ ਅਨੁਮਾਨ ਲਗਾਇਆ ਜਾਵੇ ਤਾਂ ਨਵਾਂਸ਼ਹਿਰ 'ਚ 8-10 ਕਰੋੜ ਰੁਪਏ ਦਾ ਕਾਰੋਬਾਰ ਪ੍ਰਤੀ ਦਿਨ ਹੁੰਦਾ ਹੈ ਜਦੋਂਕਿ ਜ਼ਿਲੇ 'ਚ 60-70 ਕਰੋੜ ਰੁਪਏ ਦਾ ਕਾਰੋਬਾਰ ਹੁੰਦਾ ਹੈ। 
ਸ਼ਹਿਰ 'ਚ 50 ਕਰੋੜ ਦੇ ਕਾਰੋਬਾਰ ਦਾ ਨੁਕਸਾਨ
ਬੈਂਕਾਂ 'ਚ ਹੜਤਾਲ ਕਾਰਨ ਬੀਤੇ ਦਿਨ ਬੈਂਕਾਂ ਦਾ ਲੈਣ-ਦੇਣ ਜਿੱਥੇ ਠੱਪ ਰਿਹਾ ਅਤੇ ਗਾਹਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਸ਼ਹਿਰ ਦੇ ਉਕਤ 33 ਬੈਂਕਾਂ 'ਚ 50 ਕਰੋੜ ਰੁਪਏ ਦਾ ਕਾਰੋਬਾਰ ਪ੍ਰਭਾਵਿਤ ਹੋਇਆ। ਇਸ ਸਬੰਧੀ ਕਲੀਅਰਿੰਗ ਹਾਊਸ ਦੇ ਇੰਚਾਰਜ ਹਰਮੀਤ ਨੇ ਦੱਸਿਆ ਕਿ ਕਲੀਅਰਿੰਗ ਨਾ ਹੋਣ ਕਾਰਨ ਵੀ ਬੈਂਕਾਂ ਦਾ ਲੈਣ-ਦੇਣ ਠੱਪ ਰਿਹਾ ਕਿਉਂਕਿ ਅੱਜਕਲ ਜ਼ਿਆਦਾਤਰ ਕਾਰੋਬਾਰ ਚੈੱਕਾਂ ਦੁਆਰਾ ਕੀਤਾ ਜਾਂਦਾ ਹੈ। ਦੂਜੇ ਪਾਸੇ ਪੰਜਾਬ ਐਂਡ ਸਿੰਧ ਬੈਂਕ ਦੀ ਮੁੱਖ ਸ਼ਾਖਾ 'ਚ ਕੰਮਕਾਜ ਆਮ ਦੀ ਤਰ੍ਹਾਂ ਚੱਲਦਾ ਰਿਹਾ।


Related News