ਬੈਂਕਾਂ ਪ੍ਰਾਥਮਿਕ ਸੈਕਟਰ ਨੂੰ ਵਿੱਤੀ ਮੱਦਦ ਮੁਹੱਈਆਂ ਕਰਵਾਉਣ ਨੂੰ ਦੇਣ ਤਰਜੀਹ : ਸਰਾਂ
Tuesday, Mar 20, 2018 - 04:46 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ ਚਾਲੂ ਵਿੱਤੀ ਸਾਲ ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ਦੌਰਾਨ ਬੈਂਕਾਂ ਵਲੋਂ ਖੇਤੀ ਸੈਕਟਰ ਨੂੰ 2,32,454 ਲੱਖ ਦੇ ਕਰਜ਼ ਮੁਹੱਈਆ ਕਰਵਾਏ ਗਏ ਹਨ, ਇਹ ਜਾਣਕਾਰੀ ਅੱਜ ਇੱਥੇ ਬੈਂਕਿੰਗ ਸਲਾਹਕਾਰ ਕਮੇਟੀ ਦੀ ਤਿਮਾਹੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਐਚ.ਐਸ. ਸਰਾਂ ਨੇ ਦਿੱਤੀ।
ਇਸ ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਬੈਂਕਾਂ ਨੂੰ ਸਖਤੀ ਨਾਲ ਹਦਾਇਤ ਕੀਤੀ ਕਿ ਸਮਾਜ ਦੇ ਲੋੜਵੰਦ ਲੋਕਾਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰਨ ਲਈ ਵਿੱਤੀ ਮੱਦਦ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਔਰਤਾਂ ਅਤੇ ਪਿਛੜੇ ਵਰਗਾਂ ਦੀ ਆਰਥਿਕ ਤਰੱਕੀ ਲਈ ਬੈਂਕ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ।
ਉਨ੍ਹਾਂ ਨੇ ਇਸ ਬੈਠਕ ਦੌਰਾਨ ਬੈਂਕ ਅਧਿਕਾਰੀਆਂ ਨੂੰ ਰੁਜ਼ਗਾਰ ਉਤਪਤੀ ਸਬੰਧੀ ਸਕੀਮਾਂ ਜਿਵੇਂ ਮੁਦਰਾ, ਆਰਸੇਟੀ ਆਦਿ ਤਹਿਤ ਵੱਧ ਤੋਂ ਵੱਧ ਕਰਜ ਨੌਜਵਾਨਾਂ ਨੂੰ ਉਪਲਬੱਧ ਕਰਵਾਉਣ ਲਈ ਕਿਹਾ ਤਾਂ ਜੋ ਸਾਡੇ ਨੌਜਵਾਨ ਸਵੈ ਰੁਜ਼ਗਾਰ ਸ਼ੁਰੂ ਕਰ ਸਕਣ। ਇਸੇ ਤਰ੍ਹਾਂ ਉਨ੍ਹਾਂ ਨੇ ਸਵੈ ਸਹਾਇਤਾ ਸਮੂਹ ਦਾ ਗਠਨ ਕਰਕੇ ਉਨ੍ਹਾਂ ਨੂੰ ਕਰੈਡਿਟ ਲਿੰਕ ਕਰਨ ਦੀ ਹਦਾਇਤ ਵੀ ਬੈਂਕਾ ਨੂੰ ਕੀਤੀ।
ਬੈਠਕ ਦੌਰਾਨ ਜ਼ਿਲਾ ਲੀਡ ਬੈਂਕ ਮੈਨੇਜਰ ਨਵੀਨ ਪ੍ਰਕਾਸ਼ ਨੇ ਦੱਸਿਆਂ ਕਿ ਨੈਸ਼ਨਲ ਅਰਬਨ ਲਾਇਵਲੀਹੁਡ ਮਿਸ਼ਨ ਤਹਿਤ 7 ਫੀਸਦੀ ਤੋਂ ਉਪਰਲੇ ਵਿਆਜ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਜ਼ਿਲੇ 'ਚ ਬੈਂਕਾਂ ਵਲੋਂ 94 ਡੇਅਰੀ ਯੂਨਿਟਾਂ ਦੀ ਸਥਾਪਨਾ ਲਈ ਵਿੱਤੀ ਮੱਦਦ ਮੁਹੱਈਆ ਕਰਵਾਈ ਗਈ ਹੈ।
ਇਸੇ ਤਰ੍ਹਾਂ ਜ਼ਿਲੇ 'ਚ 3576 ਨਵੇਂ ਕਿਸਾਨਾਂ ਨੂੰ ਕਿਸਾਨ ਕਰੈਡਿਟ ਕਾਰਡ ਜਾਰੀ ਕੀਤੇ ਗਏ ਹਨ। ਉਨ੍ਹਾਂ ਬੈਂਕਾਂ ਨੂੰ ਹਦਾਇਤ ਕੀਤੀ ਕਿ ਹਰ ਇਕ ਯੋਗ ਕਿਸਾਨ ਨੂੰ ਕਿਸਾਨ ਕਰੈਡਿਟ ਕਾਰਡ ਜਾਰੀ ਕੀਤਾ ਜਾਵੇ। ਬੈਠਕ ਦੌਰਾਨ ਵਿੱਤੀ ਸਾਖਰਤਾ ਪ੍ਰੋਗਰਾਮ ਨੂੰ ਵੀ ਹੋਰ ਸੁਚਾਰੂ ਕਰਨ ਤੇ ਜ਼ੋਰ ਦਿੱਤਾ ਗਿਆ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਬੈਂਕਿੰਗ ਪ੍ਰਣਾਲੀ ਨਾਲ ਜੋੜਿਆ ਜਾ ਸਕੇ। ਬੈਠਕ ਦੌਰਾਨ ਬੈਂਕਾਂ ਵਿੱਚ ਸੁਰੱਖਿਆ ਤੇ ਵੀ ਚਰਚਾ ਕੀਤੀ ਗਈ।
ਬੈਠਕ 'ਚ ਹੋਰਨਾਂ ਤੋਂ ਇਲਾਵਾ ਡੀ.ਐੱਸ.ਪੀ ਗੁਰਜੀਤ ਸਿੰਘ, ਆਰ.ਬੀ.ਆਈ ਤੋਂ ਸੰਤੋਸ਼ ਕੁਮਾਰ, ਡੀ.ਡੀ.ਐਮ ਨਾਬਾਰਡ ਬਲਜੀਤ ਸਿੰਘ ਆਦਿ ਵੀ ਹਾਜ਼ਰ ਸਨ।