ਨਕਾਬਪੋਸ਼ ਲੁਟੇਰਿਆਂ ਨੇ ਗੰਨ ਪੁਆਇੰਟ 'ਤੇ ਬੈਂਕ 'ਚੋਂ ਲੁੱਟਿਆ 7 ਲੱਖ ਤੋਂ ਵੱਧ ਕੈਸ਼

08/11/2022 9:49:15 PM

ਮੁੱਲਾਂਪੁਰ ਦਾਖਾ (ਕਾਲੀਆ) : ਪਿੰਡ ਦੇਤਵਾਲ 'ਚ ਸਥਿਤ ਪੰਜਾਬ ਨੈਸ਼ਨਲ ਬੈਂਕ 'ਚ 5 ਹਥਿਆਰਬੰਦ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਗੰਨ ਪੁਆਇੰਟ 'ਤੇ 7,44,230 ਰੁਪਏ ਲੁੱਟ ਲਏ ਤੇ ਬੇਖੌਫ ਫਰਾਰ ਹੋ ਗਏ। ਜਾਣਕਾਰੀ ਅਨੁਸਾਰ 2 ਮੋਟਰਸਾਈਕਲਾਂ 'ਤੇ ਸਵਾਰ 5 ਲੁਟੇਰੇ ਜਿਨ੍ਹਾਂ ਦੇ ਹੱਥਾਂ ਵਿੱਚ ਰਿਵਾਲਵਰ, ਗੰਨ, ਦਾਤ ਆਦਿ ਮਾਰੂ ਹਥਿਆਰ ਸਨ, ਪਿੰਡ ਦੇਤਵਾਲ ਦੀ ਪੰਜਾਬ ਨੈਸ਼ਨਲ ਬੈਂਕ 'ਚ ਪੁੱਜੇ। 4 ਲੁਟੇਰੇ ਬੈਂਕ ਅੰਦਰ ਦਾਖਲ ਹੋ ਗਏ ਅਤੇ ਇਕ ਬਾਹਰ ਖੜ੍ਹਾ ਰਿਹਾ। ਸ਼ਾਮ ਕਰੀਬ 3.58 ਮਿੰਟ ਲੁਟੇਰਿਆਂ ਨੇ ਬੈਂਕ ਮੁਲਾਜ਼ਮਾਂ ਨੂੰ ਹੱਥ ਖੜ੍ਹੇ ਕਰਕੇ ਖੜ੍ਹਨ ਲਈ ਕਿਹਾ ਅਤੇ ਉਨ੍ਹਾਂ ਦੇ ਮੋਬਾਇਲ ਖੋਹ ਲਏ ਤੇ ਕੈਸ਼ ਕਾਊਂਟਰ 'ਤੇ ਜਾ ਕੇ ਕੈਸ਼ੀਅਰ ਕਮਲਪ੍ਰੀਤ ਕੋਲੋਂ 7,44,230 ਰੁਪਏ ਦੀ ਨਕਦੀ ਬੈਗ 'ਚ ਭਰ ਕੇ ਫਰਾਰ ਹੋ ਗਏ।

ਖ਼ਬਰ ਇਹ ਵੀ : ਨਹੀਂ ਮਿਲਿਆ ਨਾਲੇ 'ਚ ਡਿੱਗਾ ਬੱਚਾ, ਉਥੇ ਮਿੱਲਾਂ ਦੀ ਪ੍ਰਾਪਰਟੀ ਵੇਚ ਕੀਤਾ ਜਾਵੇਗਾ ਕਿਸਾਨਾਂ ਦਾ ਭੁਗਤਾਨ, ਪੜ੍ਹੋ TOP 10

ਬੈਂਕ ਅਫ਼ਸਰ ਮੈਡਮ ਰਿਪਸ਼ੀ ਅਰੋੜਾ ਨੇ ਦੱਸਿਆ ਕਿ ਮੈਂ ਮੋਬਾਇਲ 'ਤੇ ਕਸਟਮਰ ਨਾਲ ਗੱਲ ਕਰ ਰਹੀ ਸੀ ਤਾਂ ਲੁਟੇਰਿਆਂ ਨੇ ਮੈਨੂੰ ਮੋਬਾਇਲ ਫੜਾਉਣ ਅਤੇ ਸਾਰੇ ਮੁਲਾਜ਼ਮਾਂ ਨੂੰ ਹੱਥ ਉਪਰ ਕਰਕੇ ਖੜ੍ਹੇ ਹੋਣ ਲਈ ਲਈ ਕਿਹਾ, ਅਜਿਹਾ ਕਰਨ 'ਤੇ ਗੋਲੀ ਮਾਰਨ ਦੀ ਧਮਕੀ ਦਿੱਤੀ। ਅਸੀਂ ਡਰਦਿਆਂ ਨੇ ਹੱਥ ਖੜ੍ਹੇ ਕਰ ਲਏ। ਲੁਟੇਰਿਆਂ ਨੇ ਸਾਡੇ 4 ਮੋਬਾਇਲ ਲੈ ਲਏ। 3 ਮੋਬਾਇਲ ਜਾਂਦੇ ਹੋਏ ਏ.ਟੀ.ਐੱਮ. ਵਿੱਚ ਸੁੱਟ ਗਏ ਅਤੇ ਇਕ ਨਾਲ ਲੈ ਗਏ। ਘਟਨਾ ਦੀ ਸੂਚਨਾ ਮਿਲਦਿਆਂ ਐੱਸ.ਪੀ. (ਡੀ) ਹਰਿੰਦਰਪਾਲ ਸਿੰਘ ਪਰਮਾਰ, ਡੀ.ਐੱਸ.ਪੀ. ਪਵਨਜੀਤ ਤੇ ਸਬ-ਇੰਸਪੈਕਟਰ ਸੁਖਜਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਡਾਗ ਸਕੁਐਡ, ਫਿੰਗਰ ਪ੍ਰਿੰਟ ਮਾਹਿਰ ਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਪੜਤਾਲ ਕਰਕੇ ਜਲਦੀ ਲੁਟੇਰੇ ਕਾਬੂ ਕਰਨ ਦਾ ਦਾਅਵਾ ਕੀਤਾ ਕਿਉਂਕਿ ਲੁਟੇਰਿਆਂ ਦੀ ਹਰ ਹਰਕਤ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਦੱਸਣਯੋਗ ਹੈ ਕਿ ਬੈਂਕ ਮੈਨੇਜਰ ਮਨਿੰਦਰ ਸਿੰਘ ਅੱਜ ਛੁੱਟੀ 'ਤੇ ਸਨ ਅਤੇ ਬੈਂਕ 'ਚ ਕੋਈ ਸਕਿਓਰਿਟੀ ਗਾਰਡ ਵੀ ਤਾਇਨਾਤ ਨਹੀਂ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News