ਬੈਂਕ ਮੈਨੇਜਰ ਵੱਲੋਂ ਮੁਲਾਜ਼ਮ ਨਾਲ ਕੁੱਟਮਾਰ! ਜਾਨੋਂ ਮਾਰਨ ਦੀਆਂ ਧਮਕੀਆਂ ਮਗਰੋਂ ਪੁਲਸ ਕੋਲ ਪਹੁੰਚਿਆ ਮਾਮਲਾ
Saturday, Jan 31, 2026 - 07:08 PM (IST)
ਭਵਾਨੀਗੜ੍ਹ (ਵਿਕਾਸ): ਰਾਧਾ ਕ੍ਰਿਸ਼ਨ ਮੰਦਰ ਦੇ ਸਾਹਮਣੇ ਹਾਈਵੇਅ 'ਤੇ ਸਥਿਤ ਇਕ ਨਿੱਜੀ ਬੈਂਕ ਦੇ ਸੇਲਜ਼ ਮੈਨੇਜਰ ਵੱਲੋਂ ਬੈਂਕ ਦੇ ਇਕ ਕਰਮਚਾਰੀ ਨਾਲ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ।
ਮਾਮਲੇ ਸਬੰਧੀ ਦਿੱਤੀ ਗਈ ਸ਼ਿਕਾਇਤ ਵਿਚ ਗੁਰਪ੍ਰੀਤ ਸਿੰਘ ਪੁੱਤਰ ਰਾਜਪਾਲ ਵਾਸੀ ਕਕਰਾਲਾ (ਨਾਭਾ) ਨੇ ਦੱਸਿਆ ਕਿ ਉਹ ਜਨਾ ਸਮਾਲ ਫਾਇਨਾਂਸ ਬੈਂਕ ਭਵਾਨੀਗੜ੍ਹ ਵਿਚ ਰਿਲੇਸ਼ਨਸ਼ਿਪ ਮੈਨੇਜਰ ਦੇ ਅਹੁਦੇ 'ਤੇ ਤਾਇਨਾਤ ਹੈ। ਬੀਤੀ ਸ਼ਾਮ ਉਹ ਆਪਣੀ ਡਿਊਟੀ ਖ਼ਤਮ ਕਰਕੇ ਘਰ ਚਲਾ ਗਿਆ ਸੀ, ਜਿਸ ਤੋਂ ਬਾਅਦ ਬੈਂਕ ਦੇ ਸੇਲਜ਼ ਮੈਨੇਜਰ ਅਮਰੀਕ ਸਿੰਘ ਨੇ ਉਸ ਨੂੰ ਫ਼ੋਨ ਕਰਕੇ ਬੈਂਕ ਆ ਕੇ ਕੰਮ ਕਰਨ ਲਈ ਕਿਹਾ। ਪੀੜਤ ਨੇ ਸਾਫ਼ ਤੌਰ 'ਤੇ ਕਹਿ ਦਿੱਤਾ ਕਿ ਉਸ ਦੀ ਡਿਊਟੀ ਦਾ ਸਮਾਂ ਖ਼ਤਮ ਹੋ ਚੁੱਕਾ ਹੈ ਅਤੇ ਉਹ ਸਵੇਰੇ ਨਿਰਧਾਰਤ ਸਮੇਂ 'ਤੇ ਹੀ ਕੰਮ ਕਰੇਗਾ। ਸ਼ਿਕਾਇਤਕਰਤਾ ਅਨੁਸਾਰ ਅਗਲੇ ਦਿਨ ਸਵੇਰੇ ਕਰੀਬ ਸਵਾ 11 ਵਜੇ ਉਕਤ ਸੇਲਜ਼ ਮੈਨੇਜਰ ਬੈਂਕ ਵਿਚ ਆਇਆ ਅਤੇ ਉਸ ਨਾਲ ਕੁੱਟਮਾਰ ਕਰਨ ਲੱਗਾ। ਇਲਜ਼ਾਮ ਹੈ ਕਿ ਗਾਲੀ-ਗਲੋਚ ਕਰਦੇ ਹੋਏ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਦੌਰਾਨ ਬੈਂਕ ਦੇ ਹੋਰ ਕਰਮਚਾਰੀਆਂ ਨੇ ਬੜੀ ਮੁਸ਼ਕਲ ਨਾਲ ਉਸ ਦੀ ਜਾਨ ਬਚਾਈ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੈਂਕ ਦੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇਖ ਕੇ ਪੂਰੀ ਘਟਨਾ ਦੀ ਸੱਚਾਈ ਸਾਹਮਣੇ ਲਿਆਂਦੀ ਜਾ ਸਕਦੀ ਹੈ। ਪੀੜਤ ਨੇ ਪੁਲਸ ਤੋਂ ਮੁਲਜ਼ਮ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਬੈਂਕ ਦੇ ਸੇਲਜ਼ ਮੈਨੇਜਰ ਅਮਰੀਕ ਸਿੰਘ ਨੇ ਆਪਣੇ ਉੱਪਰ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਗੁਰਪ੍ਰੀਤ ਸਿੰਘ ਨੇ ਹੀ ਉਸ 'ਤੇ ਮੁੱਕੇ ਮਾਰੇ ਜਿਸ ਨਾਲ ਉਸ ਦੀ ਨੱਕ ਵਿਚੋਂ ਖੂਨ ਵਗਣ ਲੱਗਾ।
ਵਿਭਾਗੀ ਜਾਂਚ ਕੀਤੀ ਜਾਵੇਗੀ : ਬ੍ਰਾਂਚ ਹੈੱਡ
ਮਾਮਲੇ ਨੂੰ ਲੈ ਕੇ ਜਦੋਂ ਬੈਂਕ ਦੇ ਬ੍ਰਾਂਚ ਹੈੱਡ ਸੁਰਿੰਦਰ ਕੁਮਾਰ ਪ੍ਰਜਾਪਤੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਫਿਲਹਾਲ ਫੀਲਡ ਵਿਚ ਹਨ। ਬੈਂਕ ਵਿਚ ਕਰਮਚਾਰੀਆਂ ਵਿਚਕਾਰ ਹੋਏ ਵਿਵਾਦ ਦੀ ਜਾਣਕਾਰੀ ਉਨ੍ਹਾਂ ਨੂੰ ਮਿਲ ਚੁੱਕੀ ਹੈ, ਜਿਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਅਧਿਕਾਰੀਆਂ ਵੱਲੋਂ ਮਾਮਲੇ ਦੀ ਵਿਭਾਗੀ ਜਾਂਚ ਕਰਨ ਦੀ ਗੱਲ ਕਹੀ ਗਈ ਹੈ।
