I.C.I.C.I. ਬੈਂਕ ਦੇ ਕਰਮਚਾਰੀ ਬਣ ਕੇ ਹੈਕਰ ਲੋਕਾਂ ਦੇ ਖਾਤਿਆਂ ਦੀ ਮੰਗ ਰਹੇ ਹਨ ਡਿਟੇਲ

Monday, Sep 03, 2018 - 06:23 PM (IST)

ਜਲੰਧਰ (ਅਮਿਤ) - ਡਿਜੀਟਲ ਇੰਡੀਆ ਤਹਿਤ ਜ਼ਿਆਦਾਤਰ ਬੈਂਕਾਂ ਨੇ ਡਿਜੀਟਲ ਲੈਣ-ਦੇਣ ਪ੍ਰਕਿਰਿਆ 'ਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਆਮ ਜਨਤਾ ਨੂੰ ਬਿਹਤਰ ਬੈਂਕਿੰਗ ਸਹੂਲਤਾਂ ਮਿਲ ਸਕਣ ਪਰ ਇਸ ਮੁਹਿੰਮ ਦੀ ਦੁਰਵਰਤੋਂ ਹੈਕਰ ਕਿਸਮ ਦੇ ਲੋਕ ਆਪਣੇ ਨਿੱਜੀ ਲਾਭ ਲਈ ਕਰ ਰਹੇ ਹਨ। ਉਹ ਭੋਲੀ-ਭਾਲੀ ਜਨਤਾ ਨੂੰ ਠੱਗ ਕੇ ਉਨ੍ਹਾਂ ਦੇ ਖਾਤਿਆਂ 'ਚੋਂ ਪੈਸੇ ਕੱਢ ਰਹੇ ਹਨ। ਹੁਣੇ ਜਿਹੇ ਜਲੰਧਰ 'ਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਆਈ. ਸੀ. ਆਈ. ਸੀ. ਆਈ. ਬੈਂਕ ਦਾ ਕਰਮਚਾਰੀ ਬਣ ਕੇ ਫੋਨ ਕਾਲ ਕਰ ਕੇ ਆਡਿਟ ਦੇ ਨਾਂ 'ਤੇ ਮਹੱਤਵਪੂਰਨ ਜਾਣਕਾਰੀ ਮੰਗ ਕੇ ਇਕ ਕਾਰੋਬਾਰੀ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਰੋਬਾਰੀ ਨੇ ਸੂਝ-ਬੂਝ ਨਾਲ ਉਸ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ।

ਕੀ ਹੈ ਮਾਮਲਾ?
ਸਕਾਈਲਾਈਨ ਨਾਮਕ ਕੰਪਨੀ 'ਚ ਸਰਜੀਕਲ ਇੰਸਟਰੂਮੈਂਟਸ ਦਾ ਕੰਮ ਕਰਨ ਵਾਲੇ ਆਨੰਦ ਵਰਮਾ ਕੋਲ ਮੋਬਾਇਲ ਨੰ. 98786-89517 ਤੋਂ ਇਕ ਫੋਨ ਆਇਆ ਅਤੇ ਉਕਤ ਵਿਅਕਤੀ ਨੇ ਖੁਦ ਨੂੰ ਆਈ. ਸੀ. ਆਈ. ਸੀ. ਆਈ. ਬੈਂਕ ਨਕੋਦਰ ਰੋਡ ਦਾ ਕਰਮਚਾਰੀ ਦੱਸਿਆ। ਮੁਲਜ਼ਮ ਨੇ ਕਿਹਾ ਕਿ ਉਨ੍ਹਾਂ ਦੇ ਬੈਂਕ 'ਚ ਆਡਿਟ ਚੱਲ ਰਿਹਾ ਹੈ। ਇਸ ਲਈ ਤੁਹਾਡੇ ਖਾਤੇ ਦੀ ਥੋੜ੍ਹੀ ਜਾਣਕਾਰੀ ਚਾਹੀਦੀ ਹੈ। ਉਸ ਨੇ ਸਭ ਤੋਂ ਪਹਿਲਾਂ ਖਾਤੇ ਦੇ ਆਖਰੀ 5 ਅੱਖਰ ਪੁੱਛੇ ਤੇ ਕਿਹਾ ਕਿ ਤੁਸੀਂ ਆਪਣੇ ਪਾਰਟਨਰ ਦੇ ਨਾਂ 'ਤੇ ਹੋਰ ਜਾਣਕਾਰੀ ਦਿਓ। ਬਾਅਦ 'ਚ ਭੇਦ ਖੁੱਲ੍ਹਣ 'ਤੇ ਉਸ ਨੇ ਮੁਆਫੀ ਮੰਗੀ ਤੇ ਕਿਹਾ ਕਿ ਉਹ ਐੱਮ. ਸੀ. ਏ. ਹੈ ਤੇ ਅੱਜ ਉਸ ਦੀ ਨੌਕਰੀ ਦਾ ਪਹਿਲਾ ਦਿਨ ਹੈ। ਇੰਟਰਵਿਊ ਲੈਣ ਵਾਲੇ ਉਸ ਦੇ ਬੌਸ ਨੇ ਇਹ ਸਾਰੀ ਜਾਣਕਾਰੀ ਲੈਣ ਲਈ ਕਿਹਾ ਸੀ। ਖੁਦ ਨੂੰ ਸਾਹਨੇਵਾਲ ਕੋਲ ਸਥਿਤ ਦਫਤਰ ਤੋਂ ਬੋਲਣ ਵਾਲੇ ਕਥਿਤ ਬੈਂਕ ਕਰਮਚਾਰੀ ਨੇ ਜਲੰਧਰ ਬੱਸ ਸਟੈਂਡ ਆ ਕੇ ਮੁਆਫੀ ਮੰਗਣ ਦੀ ਗੱਲ ਕਹੀ ਪਰ ਬਾਅਦ 'ਚ ਕਈ ਵਾਰ ਫੋਨ ਕਰਨ 'ਤੇ ਨਾ ਤਾਂ ਉਸ ਨੇ ਫੋਨ ਚੁੱਕਿਆ ਤੇ ਨਾ ਹੀ ਖੁਦ ਆਇਆ।
ਬੈਂਕ ਕਰਮਚਾਰੀ ਹੀ ਵੇਚ ਰਹੇ ਖਾਤਾਧਾਰਕਾਂ ਦਾ ਡਾਟਾ
ਸੂਤਰਾਂ ਦੀ ਮੰਨੀਏ ਤਾਂ ਖਾਤਾਧਾਰਕਾਂ ਦਾ ਡਾਟਾ ਖੁਦ ਬੈਂਕ ਦੇ ਕੁਝ ਲਾਲਚੀ ਕਰਮਚਾਰੀ ਹੀ ਵੇਚ ਰਹੇ ਹਨ। ਲੋਕਾਂ ਕੋਲ ਜਾ ਕੇ ਖਾਤਾ ਖੋਲ੍ਹਣ ਵਾਲੇ, ਕ੍ਰੈਡਿਟ ਕਾਰਡ ਅਰਜ਼ੀ ਜਮ੍ਹਾ ਕਰਨ ਵਾਲੇ ਤੇ ਲੋਕਾਂ ਦੀ ਸੀ. ਪੀ. ਵੀ. (ਕਲਾਇੰਟ ਪਰਸਨਲ ਵੈਰੀਫਿਕੇਸ਼ਨ) ਕਰਨ ਵਾਲੇ ਕਰਮਚਾਰੀ ਇਸ ਰੈਕੇਟ 'ਚ ਸ਼ਾਮਲ ਹਨ। ਬੈਂਕਾਂ ਨੇ ਉਕਤ ਕੰਮ ਲਈ ਜੋ ਕਰਮਚਾਰੀ ਨਿਯੁਕਤ ਕੀਤੇ ਹਨ, ਉਹ ਘੱਟ ਪੜ੍ਹੇ-ਲਿਖੇ ਹਨ, ਜਿਸ ਕਾਰਨ ਅਜਿਹੇ ਕਰਮਚਾਰੀ ਆਸਾਨੀ ਨਾਲ ਹੈਕਰਾਂ ਦੇ ਹੱਥੇ ਚੜ੍ਹ ਜਾਂਦੇ ਹਨ।
ਬੈਂਕ ਕਦੇ ਨਹੀਂ ਮੰਗਦੇ ਖਾਤਾਧਾਰਕ ਦੀ ਨਿੱਜੀ ਜਾਣਕਾਰੀ
ਆਮ ਜਨਤਾ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ ਕਿਉਂਕਿ ਕੋਈ ਵੀ ਬੈਂਕ ਕਦੇ ਵੀ ਆਪਣੇ ਖਾਤਾਧਾਰਕ ਦੀ ਨਿੱਜੀ ਜਾਣਕਾਰੀ ਨਹੀਂ ਮੰਗਦਾ ਕਿਉਂਕਿ ਬੈਂਕ ਕੋਲ ਪਹਿਲਾਂ ਹੀ ਖਾਤਾਧਾਰਕ ਦੀ ਸਾਰੀ ਜਾਣਕਾਰੀ ਮੌਜੂਦ ਰਹਿੰਦੀ ਹੈ। ਸਿਰਫ ਉਸੇ ਹਾਲਤ 'ਚ ਨਿੱਜੀ ਜਾਣਕਾਰੀ ਮੰਗੀ ਜਾਂਦੀ ਹੈ ਜਦੋਂ ਕੋਈ ਖਾਤਾਧਾਰਕ ਖੁਦ ਬੈਂਕ ਨੂੰ ਕਿਸੇ ਕੰਮ ਲਈ ਫੋਨ ਕਰਦਾ ਹੈ।
ਲਿਖਤੀ ਸ਼ਿਕਾਇਤ ਕਰਵਾ ਦਿੱਤੀ ਹੈ ਦਰਜ : ਆਨੰਦ ਵਰਮਾ
ਸਕਾਈਲਾਈਨ ਕੰਪਨੀ ਦੇ ਮਾਲਕ ਆਨੰਦ ਵਰਮਾ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਬੈਂਕ ਮੈਨੇਜਰ ਬਾਰੇ ਪੁੱਛਿਆ ਤਾਂ ਖੁਦ ਨੂੰ ਬੈਂਕ ਕਰਮਚਾਰੀ ਦੱਸਣ ਵਾਲੇ ਨੇ ਕਿਹਾ ਕਿ ਮੈਨੇਜਰ ਛੁੱਟੀ 'ਤੇ ਹਨ। ਜਦੋਂ ਉਨ੍ਹਾਂ ਨੇ 2 ਹੋਰ ਕਰਮਚਾਰੀਆਂ ਬਾਰੇ ਪੁੱਛਿਆ ਤਾਂ ਉਸ ਨੂੰ ਕੋਈ ਜਵਾਬ ਨਹੀਂ ਸੁਝਿਆ, ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੋਇਆ ਤੇ ਉਨ੍ਹਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਨੇ ਘਟਨਾ ਦੀ ਲਿਖਤੀ ਸ਼ਿਕਾਇਤ ਬੈਂਕ ਕੋਲ ਦਰਜ ਕਰਵਾ ਦਿੱਤੀ ਹੈ। ਹੁਣ ਬੈਂਕ ਨੇ ਹੀ ਅਗਲੀ ਕਾਰਵਾਈ ਕਰ ਕੇ ਮੁਲਜ਼ਮ ਖਿਲਾਫ ਕਾਰਵਾਈ ਕਰਨੀ ਹੈ।


Related News