ਬੈਂਕ ''ਚੋਂ ਲੱਖਾਂ ਰੁਪਏ ਨਾਲ ਭਰਿਆ ਬੈਗ ਲੈ ਕੇ ਨੌਜਵਾਨ ਫਰਾਰ
Monday, Dec 30, 2019 - 11:51 PM (IST)
ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ)-ਸ੍ਰੀ ਮੁਕਤਸਰ ਸਾਹਿਬ ਦੇ ਘਾਹ ਮੰਡੀ ਚੌਕ ਵਿਚ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਵਿਚ ਉਸ ਵਕਤ ਅਫਰਾ-ਤਫਰੀ ਮਚ ਗਈ, ਜਦੋਂ ਪੈਸੇ ਜਮ੍ਹਾ ਕਰਵਾਉਣ ਆਏ ਇਕ ਨੌਜਵਾਨ ਦਾ ਪੈਸਿਆਂ ਵਾਲਾ ਬੈਗ ਲੈ ਕੇ ਇਕ ਨੌਜਵਾਨ ਫਰਾਰ ਹੋ ਗਿਆ। ਸਥਾਨਕ ਕੋਟਲੀ ਰੋਡ 'ਤੇ ਮੂੰਗਫਲੀ ਦਾ ਕੰਮ ਕਰਨ ਵਾਲੇ ਰਵੀ ਕੁਮਾਰ ਕਾਲੀ ਚਰਨ ਫਰਮ ਦਾ ਕਰਮਚਾਰੀ ਧਰਮਾ 4 ਲੱਖ 80 ਹਜ਼ਾਰ ਰੁਪਏ ਲੈ ਕੇ ਘਾਹ ਮੰਡੀ ਚੌਕ ਵਿਖੇ ਸਥਿਤ ਪੰਜਾਬ ਨੈਸ਼ਨਲ ਬੈਂਕ ਵਿਖੇ ਪੈਸੇ ਜਮ੍ਹਾ ਕਰਵਾਉਣ ਆਇਆ ਸੀ। ਇਹ ਪੈਸਾ ਉਨ੍ਹਾਂ ਰਾਜਸਥਾਨ ਵਿਖੇ ਮੂੰਗਫਲੀ ਲਿਆਉਣ ਲਈ ਉਨ੍ਹਾਂ ਦੇ ਖਾਤੇ ਵਿਚ ਪਵਾਉਣੇ ਸਨ। ਕੈਸ਼ ਲੈ ਕੇ ਉਹ ਬੈਂਕ ਵਿਚ ਜਮ੍ਹਾ ਕਰਵਾਉਣ ਲਈ ਲਾਈਨ ਵਿਚ ਲੱਗ ਗਿਆ। ਲਾਈਨ ਲੰਬੀ ਹੋਣ ਕਾਰਣ ਲੋਕ ਇਕ-ਦੂਜੇ ਨਾਲ ਲੱਗ ਕੇ ਖੜ੍ਹੇ ਸਨ।
ਇਸ ਦੌਰਾਨ ਹੀ ਇਕ 30 ਸਾਲਾ ਨੌਜਵਾਨ ਜਿਸ ਨੇ ਉਪਰ ਚਾਦਰ ਲਈ ਹੋਈ ਸੀ, ਉਹ ਵੀ ਉਸ ਦੇ ਪਿੱਛੇ ਹੀ ਖੜ੍ਹਾ ਸੀ। ਧਰਮਾ ਨੇ ਉਹ ਪੈਸਿਆਂ ਵਾਲਾ ਬੈਗ ਕੈਸ਼ ਕਾਊਂਟਰ ਦੇ ਕੋਲ ਰੱਖ ਦਿੱਤਾ ਅਤੇ ਉਥੇ ਖੜ੍ਹਾ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗਾ। ਜਿਸ ਤੋਂ ਬਾਅਦ ਉਸ ਦੇ ਪਿੱਛੇ ਖੜ੍ਹੇ ਵਿਅਕਤੀ ਨੇ ਕੈਸ਼ ਕਾਊਂਟਰ ਤੋਂ ਪੈਸੇ ਵਾਲਾ ਥੈਲਾ ਚੁੱਕਿਆ ਅਤੇ ਆਪਣੇ ਉਪਰ ਲਈ ਚਾਦਰ ਦੇ ਹੇਠਾਂ ਲੁਕੋ ਲਿਆ ਅਤੇ ਬੈਂਕ ਤੋਂ ਭੱਜ ਗਿਆ। ਜਦ ਧਰਮਾ ਨੂੰ ਪਤਾ ਲੱਗਾ ਤਾਂ ਉਸ ਨੇ ਬੈਂਕ ਅਧਿਕਾਰੀਆਂ ਨੂੰ ਦੱਸਿਆ। ਜਦ ਉਨ੍ਹਾਂ ਸੀ. ਸੀ. ਟੀ. ਵੀ. ਚੈੱਕ ਕੀਤਾ ਤਾਂ ਮਾਮਲਾ ਸਾਫ ਹੋ ਗਿਆ। ਬੈਂਕ ਅਧਿਕਾਰੀਆਂ ਨੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦੇ ਦਿੱਤੀ। ਥਾਣਾ ਸਿਟੀ ਮੁਖੀ ਤੇਜਿੰਦਰ ਪਾਲ ਸਿੰਘ ਮੌਕੇ 'ਤੇ ਪਹੁੰਚ ਗਏ। ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਲਦੀ ਹੀ ਮਾਮਲਾ ਹੱਲ ਕਰ ਲਿਆ ਜਾਵੇਗਾ।