ਬੈਂਕ ਦੇ ਕਰਜ਼ੇ ਤੋਂ ਦੁਖੀ ਕਿਸਾਨ ਨੇ ਭਾਖੜਾ ਨਹਿਰ ’ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

Wednesday, Feb 15, 2023 - 02:12 PM (IST)

ਬੈਂਕ ਦੇ ਕਰਜ਼ੇ ਤੋਂ ਦੁਖੀ ਕਿਸਾਨ ਨੇ ਭਾਖੜਾ ਨਹਿਰ ’ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਸਮਾਣਾ (ਦਰਦ) : ਸਮਾਣਾ ਉੱਪ ਮੰਡਲ ਦੇ ਪਿੰਡ ਸਹਿਜਪੁਰਾ ਖੁਰਦ ਦੇ ਇਕ ਛੋਟੇ ਕਿਸਾਨ ਨੇ ਬੈਂਕ ਦੇ ਕਰਜ਼ੇ ਤੋਂ ਤੰਗ ਆ ਕੇ ਭਾਖੜਾ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਬੀਤੀ ਸ਼ਾਮ ਭਾਖੜਾ ਨਹਿਰ ’ਚੋਂ ਮ੍ਰਿਤਕ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਜਾਂਚ ਅਧਿਕਾਰੀ ਮਵੀ ਕਲਾ ਪੁਲਸ ਚੌਕੀ ਦੇ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਜਿੰਦਰ ਸਿੰਘ (32) ਪੁੱਤਰ ਮੋਹਰ ਸਿੰਘ ਵਾਸੀ ਪਿੰਡ ਸਹਿਜਪੁਰਾ ਖੁਰਦ ਦੀ ਪਤਨੀ ਕੋਮਲਪ੍ਰੀਤ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦੇ ਪਰਿਵਾਰ ਨੂੰ ਸਰਕਾਰੀ ਬੈਂਕ ਤੋਂ ਪੁਰਾਣੇ ਕਰਜ਼ੇ ਦੇ 12 ਲੱਖ ਰੁਪਏ ਜਮ੍ਹਾਂ ਕਰਵਾਉਣ ਸਬੰਧੀ ਨੋਟਿਸ ਮਿਲਣ ਤੋਂ ਬਾਅਦ ਗੁਰਜਿੰਦਰ ਸਿੰਘ ਤਣਾਅ ’ਚ ਰਹਿੰਦਾ ਸੀ। ਇਸੇ ਕਾਰਨ ਉਹ 8 ਫਰਵਰੀ ਨੂੰ ਘਰੋਂ ਚਲਾ ਗਿਆ ਅਤੇ ਵਾਪਸ ਨਹੀਂ ਆਇਆ।

ਉਸ ਦੇ ਪਰਿਵਾਰਕ ਮੈਂਬਰ ਉਸੇ ਦਿਨ ਤੋਂ ਹੀ ਉਸ ਦੀ ਭਾਲ ਕਰ ਰਹੇ ਸਨ। ਤਲਾਸ਼ ਦੌਰਾਨ ਸੋਮਵਾਰ ਸ਼ਾਮ ਨੂੰ ਉਸ ਦੀ ਲਾਸ਼ ਪਿੰਡ ਜੌੜਾਮਾਜਰਾ ਕੋਲੋਂ ਲੰਘਦੀ ਭਾਖੜਾ ਨਹਿਰ ’ਚੋਂ ਮਿਲੀ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 2 ਛੋਟੇ ਬੱਚੇ ਛੱਡ ਗਿਆ ਹੈ। ਮੌਕੇ ’ਤੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਦਲਜੀਤ ਸਿੰਘ ਚੱਕ ਅੰਮ੍ਰਿਤਸਰੀਆ ਨੇ ਮ੍ਰਿਤਕ ਦੇ ਪਰਿਵਾਰ ਨੂੰ ਬੈਂਕ ਕਰਜ਼ਾ ਮੁਆਫ ਕਰਨ ਅਤੇ ਸਰਕਾਰ ਤੋਂ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ। ਅਧਿਕਾਰੀ ਅਨੁਸਾਰ ਦਰਜ ਬਿਆਨਾਂ ਦੇ ਆਧਾਰ ’ਤੇ 174 ਤਹਿਤ ਕਰਵਾਈ ਕਰਦੇ ਹੋਏ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। 


author

Gurminder Singh

Content Editor

Related News