ਦਰਜਨ ਅਧਿਕਾਰੀ ਤੇ ਸੈਂਕੜੇ ਮੁਲਾਜ਼ਮ ਤਿੰਨ ਬਾਅਦ ਵੀ ਨਹੀਂ ਫੜ ਸਕੇ 35 ਲੱਖ ਲੈ ਕੇ ਜਾਣ ਵਾਲਾ ਬੱਚਾ

08/05/2022 6:02:39 PM

ਪਟਿਆਲਾ (ਬਲਜਿੰਦਰ) : ਸਟੇਟ ਬੈਂਕ ਆਫ ਇੰਡੀਆ ਦੇ ਸ਼ੇਰਾਂਵਾਲਾ ਗੇਟ ਸਥਿਤ ਜ਼ੋਨਲ ਦਫਤਰ ’ਚ ਸਥਿਤ ਬ੍ਰਾਂਚ ’ਚੋਂ 35 ਲੱਖ ਰੁਪਏ ਗਾਇਬ ਹੋਣ ਦੇ ਮਾਮਲੇ ’ਚ ਪਟਿਆਲਾ ਪੁਲਸ ਦੇ ਹੱਥ ਦੂਜੇ ਦਿਨ ਵੀ ਕੁਝ ਹੱਥ ਨਹੀਂ ਲੱਗਿਆ। ਅਰਥਾਤ ਇਕ ਦਰਜਨ ਵੱਡੇ ਅਧਿਕਾਰੀ ਅਤੇ ਸੈਂਕੜੇ ਮੁਲਾਜ਼ਮ ਕਈ ਘੰਟੇ ਬਾਅਦ ਵੀ ਇਕ ਬੱਚੇ ਨੂੰ ਨਹੀਂ ਫੜ ਸਕੇ। ਅਹਿਮ ਗੱਲ ਇਹ ਹੈ ਕਿ ਜੇਕਰ ਸੀ. ਸੀ. ਟੀ. ਵੀ. ਫੁਟੇਜ ਨੂੰ ਦੇਖਿਆ ਜਾਵੇ ਤਾਂ ਦਿਨ-ਦਿਹਾੜੇ ਇਕ 12 ਸਾਲ ਦਾ ਬੱਚਾ ਬੜੀ ਆਸਾਨੀ ਨਾਲ ਜਿਸ ਤਰ੍ਹਾਂ ਇਕ ਨੋਟਾਂ ਦਾ ਭਰਿਆ ਬੈਗ ਲੈ ਕੇ ਬੜੇ ਆਰਾਮ ਨਾਲ ਬਾਹਰ ਆਉਂਦਾ ਹੈ ਅਤੇ ਬਾਹਰ ਆ ਕੇ ਇਕ ਦਮ ਗਾਇਬ ਹੋ ਜਾਂਦਾ ਹੈ ਪਰ ਨਾ ਬੈਂਕ ਦੇ ਸੁਰੱਖਿਆ ਮੁਲਾਜ਼ਮ ਅਤੇ ਨਾ ਹੀ ਪੁਲਸ ਕੁਝ ਕਰ ਸਕੀ ਹੈ।

ਹਾਲਾਂਕਿ ਪੁਲਸ ਵੱਲੋਂ ਉਸ ਸਮੇਂ ਹੀ ਬੱਸ ਸਟੈਂਡ ਅਤੇ ਹੋਰ ਜਨਤਕ ਥਾਵਾਂ ਅਤੇ ਪਟਿਆਲਾ ਤੋਂ ਜਾਣ ਵਾਲੇ ਸਾਰੇ ਰਸਤਿਆਂ ਨੂੰ ਬੰਦ ਕਰ ਕੇ ਚੈਕਿੰਗ ਕੀਤੀ ਗਈ ਪਰ ਪੁਲਸ ਦੇ ਹੱਥ ਕੋਈ ਸਫਲਤਾ ਨਹੀਂ ਲੱਗ ਸਕੀ। ਇਨਾਂ ਹੀ ਨਹੀਂ ਪੁਲਸ ਅਜੇ ਤੱਕ ਇਸ ਮਾਮਲੇ ’ਚ ਇਹ ਵੀ ਸਪੱਸ਼ਟ ਨਹੀਂ ਕਰ ਪਾਈ ਕਿ ਆਖਿਰ ਉਹ ਬੱਚਾ ਇਕੱਲਾ ਸੀ ਜਾਂ ਫਿਰ ਕੋਈ ਗਿਰੋਹ ਸੀ, ਜੋ ਕਿ ਬਾਹਰ ਤੋਂ ਇਸ ਆਪਰੇਸ਼ਨ ਨੂੰ ਹੈਂਡਲ ਕਰ ਰਿਹਾ ਸੀ। ਆਮ ਤੌਰ ’ਤੇ ਜਦੋਂ ਕੋਈ ਡਕੈਤੀ, ਲੁੱਟ ਜਾਂ ਚੋਰੀ ਦੇ ਸਭ ਤੋਂ ਅਹਿਮ ਸੁਰਾਗ ਪਹਿਲੇ ਕੁਝ ਘੰਟਿਆਂ ’ਚ ਹੀ ਹੱਥ ਲੱਗ ਜਾਂਦੇ ਹਨ ਅਤੇ ਉਹ ਸੁਰਾਗ ਹੀ ਤਫਤੀਸ਼ ਦਾ ਵੱਡਾ ਅਧਾਰ ਬਣਦੇ ਹਨ। ਪਟਿਆਲਾ ਪੁਲਸ ਕੋਲ ਇਸ ਮਾਮਲੇ ’ਚ ਅਜਿਹਾ ਕੋਈ ਸੁਰਾਗ ਹੱਥ ਲੱਗਾ ਨਜ਼ਰ ਨਹੀਂ ਆ ਰਿਹਾ ਅਤੇ ਨਾ ਹੀ ਪੁਲਸ ਨੇ ਮੀਡੀਆ ਨਾਲ ਇਸ ਸਬੰਧੀ ਕੋਈ ਜਾਣਕਾਰੀ ਸਾਂਝੀ ਕੀਤੀ।

ਅਣਪਛਾਤੇ ਵਿਅਕਤੀਆਂ ਖ਼ਿਲਾਫ ਕੇਸ ਦਰਜ

ਇਸ ਮਾਮਲੇ ’ਚ ਥਾਣਾ ਕੋਤਵਾਲੀ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ 380 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ। ਇਹ ਕੇਸ ਐੱਸ. ਬੀ. ਆਈ. ਦੇ ਬ੍ਰਾਂਚ ਮੈਨੇਜਰ ਸ਼ੁਸੀਲ ਕੁਮਾਰ ਮਰਵਾਹ ਪੁੱਤਰ ਪੂਰਨ ਲਾਲ ਮਰਵਾਹਾ ਵਾਸੀ ਮਾਇਆ ਗਾਰਡਨ ਜ਼ੀਰਕਪੁਰ ਮੋਹਾਲੀ ਦੀ ਸ਼ਿਕਾਇਤ ਦੇ ਅਧਾਰ ’ਤੇ ਦਰਜ ਕੀਤਾ ਗਿਆ ਹੈ। ਇਸ ’ਚ ਇਹ ਵੀ ਦੱਸਿਆ ਗਿਆ ਹੈ ਕਿ ਕੁਝ ਅਣਪਛਾਤੇ ਵਿਅਕਤੀ ਆਏ ਅਤੇ ਕੈਬਨ ਦੇ ਪਿੱਛੇ ਬੈਗ ਜਿਸ ’ਚ 35 ਲੱਖ ਰੁਪਏ ਸਨ, ਚੁੱਕੇ ਕੇ ਲੈ ਗਏ।

ਬੈਂਕ ਦੀ ਸੁਰੱਖਿਆ ਪ੍ਰਣਾਲੀ ’ਤੇ ਉੱਠੇ ਸਵਾਲ?

ਮਾਮਲੇ ’ਚ ਬੈਂਕ ਦੀ ਸੁਰੱਖਿਆ ’ਤੇ ਕਈ ਸਵਾਲ ਖੜ੍ਹੇ ਹੋਏ ਹਨ ਕਿ ਕਿਸ ਤਰ੍ਹਾਂ ਕੋਈ ਇਕ ਬੱਚਾ ਕੈਬਿਨ ਦੇ ਪਿੱਛੇ ਪਏ ਬੈਗ ਨੂੰ ਲੈ ਕੇ ਚੁੱਪ-ਚਾਪ ਫਰਾਰ ਹੋ ਗਿਆ ਅਤੇ ਕਿਸੇ ਨੂੰ ਪਤਾ ਤੱਕ ਨਹੀਂ ਲੱਗਿਆ। ਪਹਿਲਾ ਸਵਾਲ ਇਹੀ ਹੈ ਕਿ ਬੱਚਾ ਇਨੀ ਅੰਦਰ ਤੱਕ ਕਿਵੇਂ ਗਿਆ। ਜੇਕਰ ਗਿਆ ਅਤੇ ਉਥੋਂ ਬੈਗ ਚੁੱਕਦਾ ਹੈ ਤਾਂ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ। ਬੱਚਾ ਆਰਾਮ ਨਾਲ ਬੈਗ ਚੁੱਕ ਕੇ ਚਲਾ ਜਾਂਦਾ ਹੈ। ਜਿਥੋਂ ਬੱਚੇ ਨੇ ਕੈਸ਼ ਚੁੱਕਿਆ ਉਸ ਤੋਂ ਲਾਕਰ ਵੀ ਕੁਝ ਦੁਰੀ ’ਤੇ ਹੀ ਦੱਸੇ ਜਾ ਰਹੇ ਹਨ। ਇਸ ਨਾਲ ਬੈਂਕ ਦੀ ਸੁਰੱਖਿਆ ਪ੍ਰਣਾਲੀ ’ਤੇ ਵੀ ਕਈ ਸਵਾਲ ਖੜ੍ਹੇ ਹੁੰਦੇ ਹਨ।


Gurminder Singh

Content Editor

Related News