ਬੈਂਕ ਮੁਲਾਜ਼ਮ ਨੇ ਅਣਗਹਿਲੀ ਨਾਲ ਕਿਸੇ ਹੋਰ ਦੇ ਹੀ ਅਕਾਊਂਟ ’ਚ ਪਾ ਦਿੱਤੇ ਪੈਸੇ
Sunday, Oct 01, 2023 - 06:37 PM (IST)
ਸਾਦਿਕ (ਦੀਪਕ) : ਪਿਛਲੇ ਦਿਨੀਂ ਇਕ ਨਿੱਜੀ ਬੈਂਕ ਦੇ ਮੁਲਾਜ਼ਮ ਵੱਲੋਂ ਕਿਸੇ ਦੇ ਪੈਸੇ ਕਿਸੇ ਹੋਰ ਖਾਤੇ ’ਚ ਟਰਾਂਸਫਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦੇ ਰੋਸ ਵਜੋਂ ਬੀ.ਕੇ.ਯੂ.ਸਿੱਧੂਪੁਰ ਨੇ ਬੈਂਕ ਬ੍ਰਾਂਚ ਸਾਦਿਕ ਮੂਹਰੇ 3 ਅਕਤੂਬਰ ਨੂੰ ਧਰਨਾ ਦੇਣ ਦਾ ਐਲਾਨ ਕੀਤਾ ਸੀ। ਇਸ ਸਬੰਧੀ ਬੋਹੜ ਸਿੰਘ ਰੁਪੱਈਆ ਵਾਲਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬੈਂਕ ਵਿਚ ਤੁਹਾਡੇ ਖੂਨ ਪਸੀਨੇ ਦੀ ਮਿਹਨਤ ਨਾਲ ਕਮਾਈ ਕਰਕੇ ਜਮਾਂ ਕਰਵਾਇਆ ਗਿਆ ਪੈਸਾ ਵੀ ਸੁਰੱਖਿਅਤ ਨਹੀਂ ਹੈ। ਜਿਸ ਦਾ ਸਬੂਤ ਬੈਂਕ ਸਾਦਿਕ ਵੱਲੋਂ ਅਣਗਹਿਲੀ ਵਰਤ ਕੇ ਕਿਸੇ ਹੋਰ ਦੇ ਅਕਾਊਂਟ ਵਿਚ ਪੈਸਾ ਟਰਾਂਸਫਰ ਕਰਨ ਦੇ ਮਾਮਲੇ ਤੋਂ ਸਪੱਸ਼ਟ ਹੁੰਦਾ ਹੈ ਕਿ ਕਿਵੇਂ ਬੈਂਕ ਮੁਲਾਜ਼ਮ ਨੇ ਕਿਸੇ ਦੇ ਪੈਸੇ ਨੂੰ ਆਪਣੀ ਮਰਜ਼ੀ ਨਾਲ ਕਿਸੇ ਵੀ ਹੋਰ ਅਕਾਊਂਟ ਵਿਚ ਉਸ ਨੂੰ ਦੱਸੇ ਬਿਨਾਂ ਟਰਾਂਸਫਰ ਕਰ ਦਿੱਤਾ। ਬੋਹੜ ਕਿਹਾ ਕਿ ਬੈਂਕ ਦੀ ਸਾਦਿਕ ਬ੍ਰਾਂਚ ਵੱਲੋਂ ਬੀਬੀ ਪਰਮਜੀਤ ਕੌਰ ਪਿੰਡ ਕਾਉਣੀ ਦਾ ਕਰੀਬ ਇਕ ਲੱਖ ਰੁਪੱਈਆ ਉਨ੍ਹਾਂ ਨੂੰ ਦੱਸੇ ਬਿਨਾਂ ਹੀ ਬੈਂਕ ਮੁਲਾਜ਼ਮਾਂ ਵੱਲੋਂ 10.7.2023 ਨੂੰ ਕਿਸੇ ਹੋਰ ਅਕਾਊਂਟ ਵਿਚ ਪਾ ਦਿੱਤਾ, ਜਦੋਂ ਪੀੜਤ ਪਰਿਵਾਰ ਨੇ ਬੈਂਕ ’ਚ ਇਸ ਸਬੰਧੀ ਗੱਲਬਾਤ ਕੀਤੀ ਤਾਂ ਕੋਈ ਤਸੱਲੀਬਖਸ਼ ਜਵਾਬ ਨਾ ਮਿਲਿਆ ਤਾਂ ਪੀੜਤ ਪਰਿਵਾਰ ਵੱਲੋਂ ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਾਲ ਰਾਬਤਾ ਕੀਤਾ ਗਿਆ।
ਇਸ ਮਸਲੇ ਨੂੰ ਗੰਭੀਰਤਾ ਨਾਲ ਲੈਦੇ ਹੋਏ ਜਥੇਬੰਦੀ ਵੱਲੋਂ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਬੈਂਕ ਦੀ ਸਾਦਿਕ ਬਰਾਂਚ ਅੱਗੇ 3 ਅਕਤੂਬਰ 2023 ਨੂੰ ਪੀੜਤ ਪਰਮਜੀਤ ਕੌਰ ਨੂੰ ਇਨਸਾਫ ਦਵਾਉਣ ਲਈ ਧਰਨਾ ਦੇਣ ਦਾ ਪ੍ਰੋਗਰਾਮ ਉਲੀਕ ਦਿੱਤਾ ਗਿਆ ਸੀ। ਜਿਸ ਉਪਰੰਤ ਬੈਂਕ ਵੱਲੋਂ ਜਥੇਬੰਦੀ ਨਾਲ ਰਾਬਤਾ ਕਾਇਮ ਕਰਕੇ ਆਪਣੀ ਗਲਤੀ ਨੂੰ ਸੁਧਾਰਦੇ ਹੋਏ ਪੀੜਤ ਪਰਮਜੀਤ ਕੌਰ ਨੂੰ ਉਸ ਦਾ ਪੈਸਾ ਵਾਪਸ ਕਰ ਦਿੱਤਾ ਗਿਆ ਹੈ।