ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਝੋਨੇ ਦੀ ਕਟਾਈ ''ਤੇ ਪਾਬੰਦੀ
Friday, Sep 19, 2025 - 11:30 AM (IST)

ਜ਼ੀਰਾ (ਰਾਜੇਸ਼ ਢੰਡ, ਮਨਜੀਤ ਢਿੱਲੋਂ) : ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਦੇਖਣ 'ਚ ਆਇਆ ਹੈ ਕਿ ਕਿਸਾਨਾਂ ਵੱਲੋਂ ਫ਼ਸਲਾਂ ਦੀ ਕਟਾਈ ਦਾ ਕੰਮ ਨਿਬੇੜਨ ਲਈ ਕੰਬਾਇਨਾਂ ਰਾਹੀਂ 24 ਘੰਟੇ ਫ਼ਸਲ ਦੀ ਕਟਾਈ ਦਾ ਕੰਮ ਕਰਵਾਇਆ ਜਾਂਦਾ ਹੈ ਪਰ ਇਸ ਨਾਲ ਕਿਸਾਨਾਂ ਨੂੰ ਨੁਕਸਾਨ ਹੁੰਦਾ ਹੈ ਅਤੇ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। ਇਸ ਕਰ ਕੇ ਡੀ. ਸੀ. ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਵੱਲੋਂ ਜ਼ਾਰੀ ਹਦਾਇਤਾਂ ਅਨੁਸਾਰ ਸਬ-ਡਵੀਜ਼ਨ ਜ਼ੀਰਾ ਅਧੀਨ ਆਉਂਦੇ ਪਿੰਡਾਂ ਅਤੇ ਸ਼ਹਿਰਾਂ ਦੇ ਕਿਸਾਨਾਂ ਵਲੋਂ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨੇ ਦੀ ਕਟਾਈ ਨਾ ਕਰਨ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਅਰਵਿੰਦਰਪਾਲ ਸਿੰਘ ਐੱਸ. ਡੀ. ਐੱਮ. ਜ਼ੀਰਾ ਨੇ ਕਿਹਾ ਕਿ ਸਵੇਰੇ 10 ਵਜੇ ਤੋਂ ਪਹਿਲਾਂ ਝੋਨੇ ਦੀ ਫ਼ਸਲ ’ਤੇ ਤਰੇਲ ਕਾਫੀ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਜਿੱਥੇ ਮੁੰਜਰਾਂ ਨਾਲੋਂ ਦਾਣੇ ਝੜਦੇ ਨਹੀਂ, ਉੱਥ ਵੱਧ ਨਮੀ ਕਾਰਨ ਦਾਣੇ ਕਾਲੇ ਹੋ ਜਾਂਦੇ ਹਨ ਅਤੇ ਫ਼ਸਲ ਦੀ ਕੁਆਲਿਟੀ ਖ਼ਰਾਬ ਹੁੰਦੀ ਹੈ ਅਤੇ ਸ਼ਾਮ 6 ਵਜੇ ਤੋਂ ਬਾਅਦ ਵੀ ਤਰੇਲ ਪੈਣ ਕਾਰਨ ਅਤੇ ਦੇਰ ਰਾਤ ਫ਼ਸਲ ਦੀ ਕਟਾਈ ਕਰਨ ਕਾਰਨ ਵੀ ਕਿਸਾਨਾਂ ਨੂੰ ਨੁਕਸਾਨ ਹੋ ਸਕਦਾ ਹੈ।
ਇਸ ਦੌਰਾਨ ਐੱਸ. ਡੀ. ਐੱਮ. ਜ਼ੀਰਾ ਨੇ ਸਬ-ਡਵੀਜ਼ਨ ਅੰਦਰ ਝੋਨੇ ਦੀ ਕਟਾਈ ਵਾਲੀਆਂ ਕੰਬਾਇਨਾਂ ਦੇ ਮਾਲਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਕੋਈ ਵੀ ਕੰਬਾਇਨ ਹਾਰਵੈਸਟਰ ਸੁਪਰ ਐੱਸ. ਐੱਮ. ਐੱਸ. ਲਗਾਏ ਬਗੈਰ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਵੀਰ ਨਿਰਧਾਰਤ ਨਮੀ ਵਾਲਾ ਝੋਨਾ ਹੀ ਮੰਡੀਆਂ ਵਿਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਪੇਸ਼ ਨਾ ਆਵੇ, ਕਿਉਂਕਿ ਮੰਡੀਆਂ ਵਿਚ ਨਿਰਧਾਰਿਤ ਨਮੀ ਵਾਲੀ ਫ਼ਸਲ ਨਾ ਹੋਣ ਕਰ ਕੇ ਖ਼ਰੀਦ ਏਜੰਸੀਆਂ ਅਜਿਹੀ ਫ਼ਸਲ ਖਰੀਦਣ ਤੋਂ ਸੰਕੋਚ ਕਰਦੀਆਂ ਹਨ ਅਤੇ ਖਰੀਦ ਏਜੰਸੀਆਂ ਵੱਲੋਂ ਅਜਿਹੇ ਵਧ ਨਮੀ ਵਾਲੇ ਝੋਨੇ ਦੀ ਖਰੀਦ ਨਹੀਂ ਕੀਤੀ ਜਾਂਦੀ ਹੈ ਅਤੇ ਝੋਨਾ ਨਾ ਵਿਕਣ ਕਾਰਨ ਕਿਸਾਨਾਂ ਨੂੰ ਪਰੇਸ਼ਾਨੀ ਪੇਸ਼ ਆਉਂਦੀ ਹੈ ਅਤੇ ਮੰਡੀਆਂ ਵਿਚ ਕਿਸਾਨਾਂ ਵੱਲੋਂ ਝੋਨਾ ਸੁਕਾਉਣ ਲਈ ਖਿਲਾਰਨ ਕਰ ਕੇ ਫ਼ਸਲ ਰੱਖਣ ਲਈ ਜਗ੍ਹਾ ਦੀ ਘਾਟ ਦੇ ਚੱਲਦਿਆਂ ਵੀ ਵੱਡੀ ਮੁਸ਼ਕਲ ਪੇਸ਼ ਆਉਂਦੀ ਹੈ।