ਬਲਵੰਤ ਸਿੰਘ ਰਾਜੋਆਣਾ ਆਉਣਗੇ ਜੇਲ ਤੋਂ ਬਾਹਰ, ਮਿਲੀ ਪੈਰੋਲ
Tuesday, Nov 19, 2024 - 02:39 PM (IST)
ਪੰਜਾਬ ਡੈਸਕ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਦੇ ਜੇਲ ਵਿਚ ਬੰਦ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਨੂੰ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਵਲੋਂ ਰਾਜੋਆਣਾ ਨੂੰ ਪੈਰੋਲ ਦਿੱਤੀ ਗਈ ਹੈ। ਰਾਜੋਆਣਾ ਕਲ ਭਾਵ 20 ਫਰਵਰੀ ਨੂੰ ਜੇਲ ਵਿੱਚੋਂ ਬਾਹਰ ਆਉਣਗੇ। ਅਦਾਲਤ ਵਲੋਂ ਰਾਜੋਆਣਾ ਨੂੰ ਸਿਰਫ 3 ਘੰਟੇ ਲਈ ਪੈਰੋਲ ਦਿੱਤੀ ਗਈ ਹੈ। ਇਸ ਦੌਰਾਨ ਉਹ ਆਪਣੇ ਭਰਾ ਕੁਲਵੰਤ ਸਿੰਘ ਦੇ ਭੋਗ ਵਿੱਚ ਸ਼ਾਮਲ ਹੋਣਗੇ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਇਸ ਸੰਬੰਧੀ ਜਾਰੀ ਹੁਕਮਾਂ ਵਿੱਚ ਰਾਜੋਆਣਾ 20 ਫਰਵਰੀ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤਕ ਪੈਰੋਲ 'ਤੇ ਰਹਿਣਗੇ।
ਇਸ ਦੇ ਨਾਲ ਹੀ ਦੱਸ ਦਈਏ ਕਿ ਰਾਜੋਆਣਾ ਦੇ ਵੱਡੇ ਭਰਾ ਕੁਲਵੰਤ ਸਿੰਘ ਦਾ ਬੀਤੇ ਦਿਨੀਂ ਕੈਨੇਡਾ ਵਿੱਚ ਦਿਹਾਂਤ ਹੋ ਗਿਆ ਸੀ। ਕੁਲਵੰਤ ਸਿੰਘ ਆਪਣੇ ਪੁੱਤਰ ਨੂੰ ਮਿਲਣ ਲਈ ਕੈਨੇਡਾ ਦੇ ਵਿੰਨੀਪੈੱਗ ਗਏ ਸਨ, ਬੀਤੀ 4 ਨਵੰਬਰ ਨੂੰ ਉਥੇ ਉਨ੍ਹਾਂ ਨੂੰ ਆਪਣੇ ਘਰ ਵਿਚ ਹੀ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਪਿਛਲੇ ਲਗਭਗ ਤੀਹ ਸਾਲਾਂ ਤੋਂ ਜੇਲ੍ਹ ਵਿੱਚ ਕੈਦ ਬੰਦੀ ਸਿੰਘ ਬਲਵੰਤ ਸਿੰਘ ਦੇ ਪਰਿਵਾਰ ਦੇ ਸਾਰੇ ਜੀਅ ਇਕ-ਇਕ ਕਰਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ। ਰਾਜੋਆਣਾ ਦੇ ਪਰਿਵਾਰ ਵਿਚ ਇਸ ਵੇਲੇ ਸਿਰਫ਼ ਉਨ੍ਹਾਂ ਦੇ ਦੋ ਭਤੀਜੇ ( ਵੱਡੇ ਭਰਾ ਕੁਲਵੰਤ ਸਿੰਘ ਦੇ ਬੇਟੇ) ਰਵਨੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਹੀ ਜ਼ਿੰਦਾ ਬਚੇ ਹਨ।