‘ਕੈਪਟਨ ਗੋਲੀਕਾਂਡ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਵਾਅਦੇ ਤੋਂ ਮੁਕਰਿਆ’

Tuesday, Oct 15, 2019 - 12:28 PM (IST)

‘ਕੈਪਟਨ ਗੋਲੀਕਾਂਡ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਵਾਅਦੇ ਤੋਂ ਮੁਕਰਿਆ’

ਫਰੀਦਕੋਟ (ਜਗਤਾਰ) - ਬਹਿਬਲ ਕਲਾਂ ਗੋਲੀਕਾਂਡ 'ਚ ਸ਼ਹੀਦ ਹੋਏ ਸਿੱਖਾਂ ਦੀ ਯਾਦ 'ਚ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਸ਼ਰਧਾਂਜਲੀ ਸਮਾਗਮ ਕਰਵਾਏ ਗਏ, ਜਿਸ ਦੌਰਾਨ ਉਨ੍ਹਾਂ ਨੇ ਕੈਪਟਨ ਸਰਕਾਰ 'ਤੇ ਖੂਬ ਨਿਸ਼ਾਨੇ ਸਾਧੇ। ਸ਼ਹੀਦੀ ਸਮਾਗਮ 'ਚ ਸਿੱਖ ਸੰਗਤ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਣ ਆਏ ਮੁਤਵਾਜ਼ੀ ਜਥੇਦਾਰਾਂ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਵਿਚਕਾਰ ਪਈ ਫੁੱਟ ਸਾਫ ਜ਼ਾਹਿਰ ਹੋ ਰਹੀ ਸੀ। ਬਰਗਾੜੀ ਦੇ ਖੇਡ ਸਟੇਡੀਅਮ 'ਚ ਪਹੁੰਚੇ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਕੈਪਟਨ ਸਰਕਾਰ 'ਤੇ ਕਈ ਤਰ੍ਹਾਂ ਦੇ ਨਿਸ਼ਾਨੇ ਸਾਧੇ। ਦਾਦੂਵਾਲ ਨੇ ਕਿਹਾ ਕਿ ਕੈਪਟਨ ਗੋਲੀਕਾਂਡ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਆਪਣੇ ਵਾਅਦੇ ਤੋਂ ਪੂਰੀ ਤਰ੍ਹਾਂ ਮੁੱਕਰ ਗਿਆ ਹੈ। ਵਾਹਿਗੁਰੂ ਇਨਸਾਫ਼ ਕਰੇਗਾ, ਸਿੱਖ ਸੰਗਤ ਭਰੋਸਾ ਰੱਖੇ।

 PunjabKesari

 

ਸੰਬੋਧਨ 'ਚ ਭਾਈ ਦਾਦੂਵਾਲ ਨੇ ਕਿਹਾ ਕਿ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਚੋਰੀ ਕਰ ਕੇ ਬਰਗਾੜੀ ਦੀਆਂ ਗਲੀਆਂ 'ਚ ਖਿਲਾਰਿਆ ਗਿਆ। ਉਪਰੰਤ ਸਿੱਖ ਸੰਗਤ ਦੇ ਸਹਿਯੋਗ ਨਾਲ 1 ਜੂਨ 2018 ਤੋਂ 'ਇਨਸਾਫ਼ ਮੋਰਚਾ' ਬਰਗਾੜੀ ਦੀ ਧਰਤੀ ਵਿਖੇ ਲਾਇਆ ਗਿਆ, ਜਿਸ ਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣੀ ਸਭ ਤੋਂ ਮੰਦਭਾਗੀ ਘਟਨਾ ਹੈ। ਸਰਕਾਰ ਦੋਸ਼ੀਆਂ ਨੂੰ ਸ਼ਹਿ ਦਿੰਦੀ ਰਹੀ ਤੇ ਸਿੱਖਾਂ ਨੂੰ ਗੋਲੀਆਂ ਪਰ ਸਾਡੇ ਸ਼ਹੀਦਾਂ ਦਾ ਡੁੱਲ੍ਹਿਆ ਖੂਨ ਸਾਨੂੰ ਯਾਦ ਹੈ, ਅਸੀਂ ਭੁੱਲੇ ਨਹੀਂ।

PunjabKesari
ਦੂਜੇ ਪਾਸੇ ਆਈ ਹੋਈ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਅਸੀਂ ਸਿੱਖ ਨਸਲਕੁਸ਼ੀ ਤੋਂ ਲੈ ਕੇ ਹੁਣ ਤੱਕ ਇਨਸਾਫ਼ ਦੀ ਮੰਗ ਕਰਦੇ ਆ ਰਹੇ ਹਾਂ ਪਰ ਸਿੱਖ ਕੌਮ ਨੂੰ ਕਦੇ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜਦ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਸਿੱਖ ਕੌਮ ਨੂੰ ਲੜਨਾ ਹੀ ਪਵੇਗਾ। ਬਾਦਲਾਂ ਵਿਰੁੱਧ ਭੜਾਸ ਕੱਢਦੇ ਹੋਏ ਖਹਿਰਾ ਨੇ ਕਿਹਾ ਕਿ ਬਾਦਲਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਜਾ ਕੇ ਤਾਂ ਪਸ਼ਚਾਤਾਪ ਕਰ ਲਿਆ ਪਰ ਕਦੇ ਇਨਸਾਫ਼ ਮੋਰਚੇ 'ਚ ਆ ਕੇ ਸੰਗਤ ਤੋਂ ਮੁਆਫ਼ੀ ਨਹੀਂ ਮੰਗੀ। ਸੰਗਤ ਕਦੇ ਵੀ ਕੈਪਟਨ ਤੇ ਬਾਦਲਾਂ ਨੂੰ ਮੁਆਫ਼ ਨਹੀਂ ਕਰੇਗੀ।  


author

rajwinder kaur

Content Editor

Related News