ਨੋਟਾਂ ਅਤੇ ਵੋਟਾਂ ਨਾਲ ਇਤਿਹਾਸ ਨਹੀਂ ਬਣਦੇ : ਭਾਈ ਦਾਦੂਵਾਲ

09/14/2019 12:21:10 PM

ਨੂਰਪੁਰਬੇਦੀ (ਸ਼ਮਸ਼ੇਰ ਸਿੰਘ ਡੂਮੇਵਾਲ)— 1982 'ਚ ਧਰਮ ਯੁੱਧ ਮੋਰਚੇ ਦੌਰਾਨ ਤਰਨਤਾਰਨ ਰੇਲਵੇ ਫਾਟਕ 'ਤੇ ਸ਼ਹੀਦ ਹੋਏ 34 ਸਿੰਘਾਂ ਦੀ 37ਵੀਂ ਬਰਸੀ ਮੌਕੇ ਬੀਤੇ ਦਿਨ ਉਕਤ ਸ਼ਹੀਦਾਂ ਦੇ ਅਸਥਾਨ 'ਤੇ ਗੁ. 34 ਸ਼ਹੀਦ ਸਿੰਘਾਂ ਸ਼ਾਹਪੁਰ ਬੇਲਾ ਲਾਗੇ ਸਰਾਏ ਪੱਤਣ (ਨੂਰਪੁਰਬੇਦੀ) ਵਿਖੇ ਵਿਸ਼ਾਲ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸੰਗਤਾਂ ਨੂੰ ਮੁਖਾਤਬ ਹੁੰਦਿਆਂ ਅਸਥਾਨ ਦੇ ਮੁੱਖ ਪ੍ਰਬੰਧਕ ਅਤੇ ਸਰਬੱਤ ਖਾਲਸਾ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸ਼ਹੀਦਾਂ ਦੇ ਇਤਿਹਾਸ ਨੋਟਾਂ ਜਾਂ ਵੋਟਾਂ ਨਾਲ ਨਹੀਂ ਬਣਦੇ। ਦੇਸ਼ ਕੌਮ ਅਤੇ ਸਿਧਾਂਤ ਦੀ ਖਾਤਰ ਜੋ ਸ਼ਹੀਦ ਕੀਮਤੀ ਜਾਨਾਂ ਨਿਸ਼ਾਵਰ ਕਰ ਗਏ ਹਨ ਉਨ੍ਹਾਂ ਨੂੰ ਅੱਜ ਵੀ ਇਤਿਹਾਸ ਨੇ ਆਪਣੀ ਬੁਕਲ 'ਚ ਸਾਂਭਿਆ ਹੋਇਆ ਹੈ। ਪਰ ਸ਼ਹੀਦਾਂ ਦੇ ਸਮਕਾਲੀ ਹਾਕਮਾਂ ਦਾ ਅੱਜ ਕੋਈ ਨਾਂਅ ਤੱਕ ਨਹੀਂ ਜਾਣਦਾ।

ਉਨ੍ਹਾਂ ਕਿਹਾ ਕਿ ਧਰਮ ਯੁੱਧ ਮੋਰਚੇ ਦੇ ਸ਼ਹੀਦਾਂ ਦੇ ਪਰੰਪਰਾਗਤ ਸ਼ਹੀਦੀ ਸਮਾਗਮ ਨੂੰ ਵੱਡੇ ਪੱਧਰ 'ਤੇ ਮਨਾਉਣ ਲਈ ਜਦੋਂ ਉਨ੍ਹਾਂ ਦੋ ਸਾਲ ਪਹਿਲਾਂ ਇਸ ਖੇਤਰ 'ਚ ਅੱਗੇ ਹੋ ਕੇ ਭੂਮਿਕਾ ਨਿਭਾਈ ਸੀ ਤਾਂ ਇਨ੍ਹਾਂ ਸਿਆਸੀ ਧਿਰਾਂ ਨੇ ਸ਼ਹੀਦ ਪਰਿਵਾਰਾਂ ਨੂੰ ਨੌਕਰੀਆਂ ਦੇ ਕੇ ਸ਼ਹੀਦ ਪਰਿਵਾਰਾਂ 'ਚ ਫੁੱਟ ਪਾਉਣ ਦਾ ਨਾਕਾਮ ਯਤਨ ਕੀਤਾ ਸੀ ਪਰ ਅੱਜ ਇਨ੍ਹਾਂ ਲੰਬਾ ਅਰਸਾ ਬੀਤਣ ਦੇ ਬਾਵਜੂਦ ਕਿਸੇ ਵੀ ਸ਼ਹੀਦ ਪਰਿਵਾਰ ਦੇ ਕਿਸੇ ਮੈਂਬਰ ਨੂੰ ਨੌਕਰੀ ਨਹੀ ਦਿੱਤੀ।

ਇਸ ਤੋਂ ਪਹਿਲਾਂ ਆਰੰਭ ਸ੍ਰੀ ਆਖੰਡ ਪਾਠ ਸਾਹਿਬ ਦੀ ਇਲਾਹੀ ਬਾਣੀ ਦੀ ਸੰਪੂਰਨਤਾ ਦੇ ਭੋਗ ਪਾਏ ਗਏ ਅਤੇ ਸਜਾਏ ਗਏ ਦੀਵਾਨਾਂ ਅੰਦਰ ਭਾਈ ਸੁਖਪ੍ਰੀਤ ਸਿੰਘ ਸਭਰਾਵਾਂ ਅਤੇ ਮਲਕੀਤ ਸਿੰਘ ਪਪਰਾਲੀ ਦੇ ਢਾਡੀ ਜੱਥਿਆਂ ਨੇ ਵੀ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ। ਇਸ ਦੌਰਾਨ ਹੀ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਵੱਲੋਂ ਮੁਫਤ ਮੈਡੀਕਲ ਕੈਂਪ ਵੀ ਲਾਏ ਗਏ। ਸਮਾਗਮ 'ਚ ਸਾਬਕਾ ਵਿਧਾਇਕ ਜੱਥੇ. ਉਜਾਗਰ ਸਿੰਘ ਬਡਾਲੀ, ਮਾ. ਤਰਲੋਚਨ ਸਿੰਘ, ਜਥੇ. ਜਰਨੈਲ ਸਿੰਘ ਔਲਖ, ਭਾਈ ਬਲਵੀਰ ਸਿੰਘ ਆਦਿ ਮੁੱਖ ਰੂਪ 'ਚ ਮੌਜੂਦ ਸਨ।


shivani attri

Content Editor

Related News