31 ਸਾਲ ਪਹਿਲਾਂ ਗੁਆਚੇ ਸ਼੍ਰੋਮਣੀ ਕਮੇਟੀ ਦੇ 2 ਅਧਿਕਾਰੀਆਂ ਦਾ ਸੀ. ਬੀ. ਆਈ. ਵੀ ਨਹੀਂ ਲਾ ਸਕੀ ਪਤਾ
Saturday, Mar 31, 2018 - 06:39 AM (IST)

ਅੰਮ੍ਰਿਤਸਰ(ਸਰੀਨ)- ਜ਼ਿੰਦਗੀ ਕਦੋਂ, ਕਿਵੇਂ, ਕਿਥੇ, ਕੀ ਮੋੜ ਅਖਤਿਆਰ ਕਰ ਲਵੇ, ਕਿਸੇ ਨੂੰ ਵੀ ਪਤਾ ਨਹੀਂ। ਸਿੱਖਾਂ ਦੀ ਸਭ ਤੋਂ ਵੱਡੀ ਧਾਰਮਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਭ ਤੋਂ ਲੰਮੇ ਸਮੇਂ ਤੱਕ ਪ੍ਰਧਾਨ ਰਹੇ ਸਵ. ਗੁਰਚਰਨ ਸਿੰਘ ਟੌਹੜਾ ਦੇ ਨਿੱਜੀ ਸਹਾਇਕ ਅਬਨਾਸ਼ੀ ਸਿੰਘ ਅਤੇ ਗੁਰੂ ਰਾਮਦਾਸ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਬਲਦੇਵ ਸਿੰਘ ਬਰਾੜ ਅੱਜ ਤੋਂ ਠੀਕ 31 ਸਾਲ ਪਹਿਲਾਂ 31 ਮਾਰਚ 1987 ਨੂੰ ਲਾਪਤਾ ਹੋਏ ਕਿ ਅੱਜ ਤੱਕ ਉਨ੍ਹਾਂ ਦੀ ਕੋਈ ਖ਼ਬਰ ਨਹੀਂ ਮਿਲੀ। ਇੰਨਾ ਸਾਫ ਹੋ ਚੁੱਕਾ ਹੈ ਕਿ ਇਹ ਦੋਵੇਂ ਇਸ ਜਹਾਨ ਤੋਂ ਜਾ ਚੁੱਕੇ ਹਨ ਪਰ ਕਿਸਮਤ ਨੇ ਇਨ੍ਹਾਂ ਨਾਲ ਕੀ ਖੇਡ ਖੇਡੀ? ਇਸ ਸਵਾਲ ਦਾ ਜਵਾਬ ਲੱਭਣ 'ਚ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ. ਬੀ. ਆਈ. ਵੀ ਨਾਕਾਮ ਰਹੀ। 9 ਸਾਲ ਤੱਕ ਜਗ੍ਹਾ-ਜਗ੍ਹਾ ਦੀ ਖਾਕ ਛਾਣਨ ਤੋਂ ਬਾਅਦ ਅਣਸੁਲਝਿਆ ਕਹਿ ਕੇ ਸੀ. ਬੀ. ਆਈ. ਵੀ ਨੇ ਇਸ ਕੇਸ ਨੂੰ ਬੰਦ ਕਰ ਦਿੱਤਾ। ਇਸ ਤੋਂ ਬਾਅਦ 8 ਅਪ੍ਰੈਲ 1996 ਨੂੰ ਦੋਵੇਂ ਲਾਪਤਾ ਲੋਕਾਂ ਦੇ ਪਰਿਵਾਰਾਂ ਨੇ ਭਰੇ ਮਨ ਨਾਲ ਉਨ੍ਹਾਂ ਦੇ ਭੋਗ ਪਾ ਕੇ ਆਪਣਾ ਫਰਜ਼ ਪੂਰਾ ਕੀਤਾ ਪਰ ਆਸ ਦਾ ਪੰਛੀ ਦਿਲਾਂ 'ਚ ਫਿਰ ਵੀ ਫੜ-ਫੜਾਉਂਦਾ ਰਿਹਾ। ਹਾਲਾਤ ਤੋਂ ਦੁਖੀ ਹੋ ਕੇ ਡਾ. ਬਰਾੜ ਦੀ ਪਤਨੀ ਡਾ. ਮਹਿੰਦਰਜੀਤ ਕੌਰ ਕੁਝ ਸਮੇਂ ਬਾਅਦ ਆਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਵਿਦੇਸ਼ ਚਲੀ ਗਈ ਅਤੇ ਅਬਨਾਸ਼ੀ ਸਿੰਘ ਦੀ ਪਤਨੀ ਸਤਵੰਤ ਕੌਰ ਦਾ ਪਤੀ ਦਾ ਰਾਹ ਦੇਖਦੇ-ਦੇਖਦੇ ਦਿਹਾਂਤ ਹੋ ਗਿਆ। ਆਪਣਾ ਕੰਪਿਊਟਰ ਸੈਂਟਰ ਚਲਾ ਰਹੇ ਅਬਨਾਸ਼ੀ ਸਿੰਘ ਦੇ ਇਕਲੌਤੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਦੇ ਪਿਤਾ ਅਤੇ ਡਾ. ਬਰਾੜ ਕਿਸੇ ਰਾਜਨੀਤਕ ਸਾਜ਼ਿਸ਼ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਨੂੰ ਇਸ ਗੱਲ ਦੀ ਨਾਰਾਜ਼ਗੀ ਹੈ ਕਿ ਉਦੋਂ ਦੀ ਸਰਕਾਰ ਨੇ ਇਸ ਵਾਰਦਾਤ ਨੂੰ ਸੰਜੀਦਗੀ ਨਾਲ ਨਹੀਂ ਲਿਆ। ਘਟਨਾ ਦੇ ਕੁਝ ਦਿਨਾਂ ਬਾਅਦ ਪੰਜਾਬ ਪੁਲਸ ਨੇ ਐੱਸ. ਪੀ. (ਕ੍ਰਾਈਮ) ਉਮਰਾਓ ਸਿੰਘ ਕੰਗ ਨੇ ਉਨ੍ਹਾਂ ਦੇ ਪਰਿਵਾਰ ਨੂੰ ਸਥਾਨਕ ਸਰਕਟ ਹਾਊਸ ਵਿਖੇ ਬੁਲਾਇਆ ਪਰ ਬਿਨਾਂ ਮਿਲੇ ਹੀ ਚਲੇ ਗਏ। ਇਸ ਤੋਂ ਬਾਅਦ ਕਿਸੇ ਅਫਸਰ ਨੇ ਉਨ੍ਹਾਂ ਨਾਲ ਕਦੇ ਕੋਈ ਸੰਪਰਕ ਨਹੀਂ ਕੀਤਾ, ਜਦਕਿ ਇਸ ਵਾਰਦਾਤ ਸਬੰਧੀ ਮੰਤਰੀਆਂ ਅਤੇ ਪੁਲਸ ਦੇ ਵੱਖ-ਵੱਖ ਬਿਆਨ ਆਉਂਦੇ ਰਹੇ। ਕਿਸੇ ਨੇ ਕਿਹਾ ਕਿ ਉਹ ਜਿਊਂਦੇ ਹਨ, ਕਿਸੇ ਨੇ ਉਨ੍ਹਾਂ ਦਾ ਪਾਕਿਸਤਾਨ ਵਿਚ ਹੋਣਾ ਦੱਸਿਆ, ਕਿਸੇ ਨੇ ਕਿਹਾ ਕਿ ਅੱਤਵਾਦੀਆਂ ਨੇ ਉਨ੍ਹਾਂ ਦਾ ਕਤਲ ਕਰ ਕੇ ਲਾਸ਼ਾਂ ਕਿਸੇ ਅਣਜਾਣ ਜਗ੍ਹਾ 'ਤੇ ਦਬਾ ਦਿੱਤੀਆਂ ਹਨ।11ਵੀਂ ਕਲਾਸ 'ਚ ਪੜ੍ਹਦੇ ਹੋਏ ਪਿਤਾ ਦੇ ਸਾਏ ਤੋਂ ਵਾਂਝੇ ਹੋ ਗਏ ਗੁਰਪ੍ਰੀਤ ਸਿੰਘ ਨੇ ਉਦੋਂ ਡਿਪਟੀ ਕਮਿਸ਼ਨਰ ਦਫਤਰ 'ਚ ਤਰਸ ਦੇ ਆਧਾਰ 'ਤੇ ਨੌਕਰੀ ਪਾਉਣ ਲਈ ਅਰਜ਼ੀ ਦਿੱਤੀ ਪਰ ਵਾਰ-ਵਾਰ ਕੋਈ ਨਾ ਕੋਈ ਕਮੀ ਕੱਢ ਕੇ ਫਾਈਲ ਰੋਕ ਦਿੱਤੀ ਗਈ। ਆਖਿਰਕਾਰ ਜਦ ਸਾਰੇ ਕਾਗਜ਼ਾਤ ਪੂਰੇ ਕਰ ਲਏ ਗਏ ਤਾਂ ਉਨ੍ਹਾਂ ਤੋਂ ਪਿਤਾ ਦੀ ਮੌਤ ਦਾ ਸਰਟੀਫਿਕੇਟ ਮੰਗਿਆ ਜਾਣ ਲੱਗਾ ਪਰ ਉਹ ਮੌਤ ਦਾ ਸਰਟੀਫਿਕੇਟ ਕਿਥੋਂ ਲਿਆਉਂਦੇ, ਜਦਕਿ ਇਹ ਪਤਾ ਹੀ ਨਹੀਂ ਲੱਗ ਸਕਿਆ ਕਿ ਹੋਣੀ ਨੇ ਉਨ੍ਹਾਂ ਨਾਲ ਕੀ ਕੀਤਾ। ਨਿਰਾਸ਼ ਗੁਰਪ੍ਰੀਤ ਨੇ ਸਰਕਾਰੀ ਨੌਕਰੀ ਦਾ ਖਿਆਲ ਹੀ ਛੱਡ ਦਿੱਤਾ।
ਮੇਰੇ ਪਿਤਾ ਦਾ ਕਿਸੇ ਨਾਲ ਵੈਰ ਨਹੀਂ ਸੀ : ਗੁਰਪ੍ਰੀਤ
ਉਸ ਦਿਨ ਮਾਂ ਅਤੇ ਮੈਂ ਪਿਤਾ ਨਾਲ ਹਾਲ ਬਾਜ਼ਾਰ 'ਚ ਸ਼ਾਪਿੰਗ ਕਰਨ ਗਏ ਸੀ, ਵਾਪਸੀ 'ਤੇ ਪਿਤਾ ਜਲਿਆਂਵਾਲਾ ਬਾਗ ਕੋਲ ਕਾਰ 'ਚੋਂ ਉਤਰ ਗਏ ਅਤੇ ਡਰਾਈਵਰ ਬੰਤਾ ਸਿੰਘ ਨੂੰ ਸਾਨੂੰ ਘਰ ਛੱਡ ਕੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ 'ਚ ਆਉਣ ਲਈ ਕਿਹਾ, ਜਦਕਿ ਦੇਰ ਰਾਤ ਤੱਕ ਉਹ ਘਰ ਨਹੀਂ ਪਰਤੇ ਤਾਂ ਸਾਨੂੰ ਫਿਕਰ ਹੋਈ। ਇਸ ਵਿਚਕਾਰ ਸਾਨੂੰ ਪਤਾ ਲੱਗਾ ਕਿ ਡਾ. ਬਰਾੜ ਵੀ ਉਨ੍ਹਾਂ ਦੇ ਨਾਲ ਸਨ। ਅੱਧੀ ਰਾਤ ਨੂੰ ਡਾ. ਮਹਿੰਦਰਜੀਤ ਕੌਰ ਨੇ ਮਾਂ ਨੂੰ ਫੋਨ ਕੀਤਾ ਕਿ ਮੈਂ ਐਂਬੂਲੈਂਸ ਲੈ ਕੇ ਆ ਰਹੀ ਹਾਂ, ਦੋਵਾਂ ਨੂੰ ਲੱਭਣ ਲਈ ਜਾਣਾ ਹੈ, ਜਿਵੇਂ ਹੀ ਉਹ ਗੁਰੂ ਰਾਮਦਾਸ ਹਸਪਤਾਲ ਵਿਖੇ ਆਪਣੇ ਨਿਵਾਸ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਮੇਰੇ ਪਿਤਾ ਦੀ ਕਾਰ ਦਿਖਾਈ ਦਿੱਤੀ, ਜਿਸ ਵਿਚ ਡਰਾਈਵਰ ਬੰਤਾ ਸਿੰਘ ਸੁੱਤਾ ਪਿਆ ਸੀ।
ਬੰਤਾ ਸਿੰਘ ਨੇ ਦੱਸਿਆ ਕਿ ਸੂਚਨਾ ਕੇਂਦਰ ਤੋਂ ਭਾਈ ਗੁਰਦਾਸ ਹਾਲ ਹੁੰਦਿਆਂ ਹੋਇਆਂ ਜਦ ਉਹ ਹਸਪਤਾਲ ਪਹੁੰਚੇ ਤਾਂ ਡਾ. ਬਰਾੜ ਉਥੇ ਪਹਿਲਾਂ ਤੋਂ ਹੀ ਇਤਜ਼ਾਰ ਕਰ ਰਹੇ ਸਨ। ਦੋਵੇਂ ਕਾਰ 'ਚ ਬੈਠ ਗਏ ਤੇ ਤਰਨਤਾਰਨ ਰੋਡ 'ਤੇ ਚੱਲਣ ਲਈ ਕਿਹਾ। ਗਿਲਵਾਲੀ ਪਿੰਡ ਕੋਲ ਅਬਨਾਸ਼ੀ ਸਿੰਘ ਨੇ ਕਾਰ ਰੁਕਵਾਈ, ਥੋੜ੍ਹਾ ਅੱਗੇ ਇਕ ਆਦਮੀ ਫੀਐਟ ਕਾਰ ਨਾਲ ਖੜ੍ਹਾ ਸੀ, ਦੋਵੇਂ ਉਸ ਕੋਲ ਗਏ, ਲਗਭਗ 5 ਮਿੰਟ ਦੀ ਗੱਲਬਾਤ ਤੋਂ ਬਾਅਦ ਅਬਨਾਸ਼ੀ ਸਿੰਘ ਵਾਪਸ ਆਏ ਤੇ ਅੱਧਾ ਘੰਟਾ ਉਥੇ ਇੰਤਜ਼ਾਰ ਕਰਨ ਲਈ ਕਿਹਾ, ਫਿਰ ਦੋਵੇਂ ਫੀਐਟ ਕਾਰ 'ਚ ਬੈਠ ਕੇ ਚਲੇ ਗਏ। ਕਈ ਘੰਟੇ ਇੰਤਜ਼ਾਰ ਕਰਨ ਮਗਰੋਂ ਬੰਤਾ ਸਿੰਘ ਵਾਪਸ ਮੁੜ ਆਇਆ। ਮੇਰੇ ਪਿਤਾ ਅਤੇ ਡਾ. ਬਰਾੜ ਦੀ ਕਿਸੇ ਨਾਲ ਵੀ ਦੁਸ਼ਮਣੀ ਨਹੀਂ ਸੀ। ਉਹ ਕਿਸ ਸਾਜ਼ਿਸ਼ ਦਾ ਸ਼ਿਕਾਰ ਹੋਏ ਸਨ ਅੱਜ ਤੱਕ ਸਮਝ ਨਹੀਂ ਆ ਰਿਹਾ।