ਭਾਰਤ ਦੀ ਸ਼ਰਨ ''ਚ ਆਏ ਬਲਦੇਵ ਕੁਮਾਰ ਨੂੰ ਪਾਕਿ ਗਾਇਕ ਨੇ ਦਿੱਤੀ ਧਮਕੀ
Wednesday, Sep 11, 2019 - 06:47 PM (IST)
ਲੁਧਿਆਣਾ (ਵਿਪਨ ਭਾਰਦਵਾਜ) : ਭਾਰਤ 'ਚ ਸਿਆਸੀਸ਼ਰਨ ਦੀ ਮੰਗ ਕਰਨ ਵਾਲੇ ਪਾਕਿਸਤਾਨ ਦੇ ਖੈਬਰ ਪਖਤੂਨ ਖਵਾ ਸੂਬੇ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦਾ ਮਾਮਲਾ ਉੱਠਣ ਤੋਂ ਬਾਅਦ ਇਸ ਦਾ ਅਸਰ ਪਾਕਿਸਤਾਨ 'ਚ ਵੀ ਦਿਖਣਾ ਸ਼ੁਰੂ ਹੋ ਗਿਆ ਹੈ। ਪਾਕਿਸਤਾਨ ਦੇ ਮਸ਼ਹੂਰ ਪੰਜਾਬੀ ਗਾਇਕ ਜੱਸੀ ਲਾਇਲਪੁਰੀਆ ਨੇ ਵਟਸਐੱਪ ਕਾਲ ਰਾਹੀਂ ਬਲਦੇਵ ਕੁਮਾਰ ਨੂੰ ਮੰਗਲਵਾਰ ਦੀ ਸ਼ਾਮ ਧਮਕੀ ਦਿੱਤੀ ਹੈ, ਜਿਸ 'ਤੇ ਦੋਵਾਂ ਵਿਚਾਲੇ ਤਿੱਖੀ ਬਹਿਸ ਹੋਈ। ਇਸ 'ਤੇ ਬਲਦੇਵ ਕੁਮਾਰ ਨੇ ਕਿਹਾ ਕਿ ਉਹ ਕਿਸੇ ਵੀ ਧਮਕੀ ਤੋਂ ਡਰਨ ਵਾਲਾ ਨਹੀਂ ਹੈ।
ਦੂਜੇ ਪਾਸੇ ਪਾਕਿਸਤਾਨ ਦੇ ਮੰਤਰੀ ਵਲੋਂ ਬਲਦੇਵ ਨੂੰ ਆਜ਼ਾਦ ਕਹੇ ਜਾਣ 'ਤੇ ਬਲਦੇਵ ਨੇ ਖੁਸ਼ੀ ਜ਼ਾਹਰ ਕੀਤੀ। ਉਧਰ ਪਾਕਿਸਤਾਨੀ ਨਾਗਰਿਕ ਅਜੇ ਸਿੰਘ ਵਲੋਂ ਬਲਦੇਵ ਨੂੰ ਭਾਰਤ 'ਚ ਸ਼ਰਨ ਨਾ ਦਿੱਤੇ ਜਾਣ 'ਤੇ ਬੋਲਦੇ ਹੋਏ ਬਲਦੇਵ ਨੇ ਕਿਹਾ ਕਿ ਪਾਕਿਸਤਾਨ ਦੀ ਅਦਾਲਤ ਉਸ ਨੂੰ ਬਰੀ ਕਰ ਚੁੱਕੀ ਹੈ ਅਤੇ ਹੁਣ ਉਸ 'ਤੇ ਕੋਈ ਕੇਸ ਨਹੀਂ ਹੈ। ਬਲਦੇਵ ਨੇ ਕਿਹਾ ਕਿ ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਹੁਤ ਉਮੀਦਾਂ ਹਨ।