ਬਲਬੀਰ ਸਿੰਘ ਸਿੱਧੂ ਵੱਲੋਂ ਚਾਰ ਜਿਲ੍ਹੇ ਕੋਰੋਨਾ ਮੁਕਤ ਹੋਣ ''ਤੇ ਖੁਸ਼ੀ ਦਾ ਪ੍ਰਗਟਾਵਾ

5/21/2020 9:49:24 PM

ਚੰਡੀਗੜ੍ਹ: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਮੋਹਾਲੀ, ਸੰਗਰੂਰ, ਫਿਰੋਜ਼ਪੁਰ ਅਤੇ ਮੋਗਾ ਜ਼ਿਲ੍ਹੇ ਵਿੱਚ ਕੋਰੋਨਾਵਾਇਰਸ ਦੇ ਸਾਰੇ ਮਰੀਜ਼ਾਂ ਦੇ ਆਈਸੋਲੇਸ਼ਨ ਕੇਂਦਰਾਂ 'ਚੋਂ ਡਿਸਚਾਰਜ ਹੋਣ 'ਤੇ ਖੁਸ਼ੀ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ਿਲ੍ਹਿਆਂ ਲਈ ਇਹ ਵੱਡੀ ਰਾਹਤ ਦੀ ਗੱਲ ਹੈ ਕਿ ਇੱਥੇ ਹੁਣ ਕੋਰੋਨਾਵਾਇਰਸ ਦਾ ਹੋਰ ਕੋਈ ਐਕਟਿਵ ਕੇਸ ਨਹੀਂ ਹੈ।
ਜ਼ਿਕਰਯੋਗ ਹੈ ਕਿ ਸਾਰੇ ਮਰੀਜ਼ਾਂ ਨੂੰ ਅੱਜ ਆਈਸੋਲੇਸ਼ਨ ਕੇਂਦਰਾਂ 'ਚੋਂ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਅਤੇ ਘਰ ਭੇਜ ਦਿੱਤਾ ਗਿਆ ਹੈ, ਜਿਸ ਨਾਲ ਇਨ੍ਹਾਂ ਚਾਰਾਂ ਜ਼ਿਲ੍ਹਿਆਂ ਵਿੱਚ ਕੋਈ ਐਕਟਿਵ ਕੇਸ ਨਹੀਂ ਰਿਹਾ। ਇਕ ਪ੍ਰੈਸ ਬਿਆਨ ਵਿੱਚ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹਾਲਾਂਕਿ ਹੁਣ ਚਾਰ ਜ਼ਿਲ੍ਹਿਆਂ 'ਚ ਕੋਰੋਨਾਵਾਇਰਸ ਦੇ ਕੇਸ ਨਹੀਂ ਹਨ ਪਰ ਇਸ ਮਹਾਂਮਾਰੀ ਨਾਲ ਸਾਡੀ ਲੜਾਈ ਹਾਲੇ ਖ਼ਤਮ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਹੁਤ ਹੱਦ ਤੱਕ ਇਸ ਮਾਰੂ ਬਿਮਾਰੀ ਦੇ ਫੈਲਣ ਤੋਂ ਕਾਬੂ ਕਰਨ ਵਿੱਚ ਕਾਮਯਾਬ ਰਹੀ ਹੈ ਪਰ ਸਾਡੀ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਇਸ ਬਿਮਾਰੀ ਦਾ ਢੁੱਕਵਾਂ ਇਲਾਜ਼ ਨਹੀਂ ਮਿਲ ਜਾਂਦਾ।
ਸਿਹਤ ਮੰਤਰੀ ਨੇ ਸਾਰੇ ਜ਼ਿਲ੍ਹਾ ਪ੍ਰਸ਼ਾਸਨਾਂ ਖ਼ਾਸਕਰ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ । ਕਾਬਿਲੇਗੌਰ ਹੈ ਕਿ ਸਿਹਤ ਕਰਮੀਆਂ ਵਲੋਂ ਹੁਣ ਤੱਕ ਸੰਪਰਕ ਟਰੇਸਿੰਗ ਰਾਹੀਂ ਕੰਟੇਨਮੈਂਟ ਜ਼ੋਨਾਂ ਅਤੇ ਹੋਰ ਖੇਤਰਾਂ ਵਿੱਚ, ਜਿਥੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਬਹੁਤ ਵੱਧ ਹੈ , 99 % ਤੋਂ ਵੱਧ ਸੰਪਰਕ ਸਫਲਤਾਪੂਰਵਕ ਲੱਭੇ ਗਏ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਲੋਕ ਬਿਮਾਰੀਆਂ ਤੋਂ ਦੂਰ ਰਹਿਣ ਲਈ ਵਿਭਾਗ ਵਲੋਂ ਸੁਝਾਈਆਂ ਸਾਵਧਾਨੀਆਂ ਜਿਵੇਂ ਸਰੀਰਕ ਦੂਰੀ , ਹੱਥਾਂ ਦੀ ਸਫਾਈ, ਸਾਹ ਦੀ ਸਵੱਛਤਾ ਅਤੇ ਹੋਰ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰਨਗੇ।

 


Deepak Kumar

Content Editor Deepak Kumar