...ਤੁਰ ਗਿਆ ਸਦੀ ਦਾ ਮਹਾਨ ਹਾਕੀ ਖਿਡਾਰੀ ‘ਬਲਬੀਰ ਸਿੰਘ ਸੀਨੀਅਰ’
Monday, May 25, 2020 - 09:56 AM (IST)
ਨਵਦੀਪ ਸਿੰਘ ਗਿੱਲ
ਭਾਰਤੀ ਹਾਕੀ ਦਾ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ 25 ਮਈ ਦੀ ਸਵੇਰ ਸਾਨੂੰ ਛੱਡ ਕੇ ਅਲਵਿਦਾ ਆਖ ਗਿਆ। ਕਰੀਬ 97 ਵਰ੍ਹਿਆਂ ਦੀ ਉਮਰੇ ਬਲਬੀਰ ਸਿੰਘ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਆਖਰੀ ਸਾਹ ਲਿਆ, ਜਿੱਥੇ ਉਹ 8 ਮਈ ਤੋਂ ਵੈਂਟੀਲੇਟਰ ਉਤੇ ਸਨ। ਬਲਬੀਰ ਸਿੰਘ ਸੀਨੀਅਰ ਤੋਂ ਵੱਡਾ ਕੋਈ ਹਾਕੀ ਖਿਡਾਰੀ ਪੈਦਾ ਨਹੀਂ ਹੋਇਆ। ਬਲਬੀਰ ਸਿੰਘ ਸੀਨੀਅਰ ਸੈਂਟਰ ਫਾਰਵਰਡ ਸੀ, ਜਿਸ ਨੇ ਜਿੱਥੇ ਖਿਡਾਰੀ, ਉਪ ਕਪਤਾਨ ਅਤੇ ਕਪਤਾਨ ਰਹਿੰਦਿਆਂ ਭਾਰਤੀ ਹਾਕੀ ਟੀਮ ਨੂੰ ਓਲੰਪਿਕ ਖੇਡਾਂ ਵਿੱਚ ਤਿੰਨ ਸੋਨ ਤਮਗੇ ਜਿਤਾਏ, ਉਥੇ ਬਤੌਰ ਕੋਚ/ਮੈਨੇਜਰ ਭਾਰਤ ਨੂੰ 1975 ਵਿੱਚ ਇਕਲੌਤਾ ਵਿਸ਼ਵ ਕੱਪ ਵੀ ਜਿਤਾਇਆ।
ਬਲਬੀਰ ਸਿੰਘ ਦਾ ਜਨਮ 31 ਦਸੰਬਰ 1923 ਨੂੰ ਅਜ਼ਾਦੀ ਘੁਲਾਟੀਏ ਗਿਆਨੀ ਦਲੀਪ ਸਿੰਘ ਦੇ ਘਰ ਮਾਤਾ ਕਰਮ ਕੌਰ ਦੀ ਕੁੱਖੋਂ ਉਨ੍ਹਾਂ ਦੇ ਨਾਨਕੇ ਪਿੰਡ ਹਰੀਪੁਰ ਖਾਲਸਾ, ਤਹਿਸੀਲ ਫਿਲੌਰ ਵਿਚ ਹੋਇਆ ਸੀ। ਕਾਗਜ਼ਾਂ ਵਿੱਚ ਬਲਬੀਰ ਸਿੰਘ ਦੀ ਜਨਮ ਤਰੀਕ 10 ਅਕਤੂਬਰ 1924 ਸੀ। ਦੇਵ ਸਮਾਜ ਸਕੂਲ ਤੋਂ ਮੁੱਢਲੀ ਸਿੱਖਿਆ ਤੋਂ ਬਾਅਦ ਕਾਲਜ ਦੀ ਇਕ ਸਾਲ ਦੀ ਪੜ੍ਹਾਈ ਡੀ.ਐੱਮ.ਕਾਲਜ ਮੋਗਾ ਤੋਂ ਕੀਤੀ। ਫੇਰ ਸਿੱਖ ਨੈਸ਼ਨਲ ਕਾਲਜ ਲਾਹੌਰ ਦਾਖਲਾ ਲੈ ਲਿਆ, ਜਿੱਥੋਂ ਐੱਫ.ਏ. ਕਰਨ ਤੋਂ ਬਾਅਦ ਹਾਕੀ ਖੇਡ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਸੱਦੇ ਆਉਣ ਲੱਗੇ। ਖਾਲਸਾ ਕਾਲਜ ਵੱਲੋਂ ਖੇਡਦਿਆਂ ਭਾਵੇਂ ਉਸ ਨੂੰ ਕਪਤਾਨੀ ਕਰਨ ਦਾ ਮੌਕਾ ਨਹੀਂ ਮਿਲਿਆ ਪਰ ਅਗਾਂਹ ਜਾ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਤੋਂ ਲੈ ਕੇ ਭਾਰਤੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਜ਼ਰੂਰ ਮਿਲਿਆ। ਪੰਜਾਬ ਦੀ ਕਪਤਾਨੀ ਕਰਦਿਆਂ ਉਨ੍ਹਾਂ ਪੰਜਾਬ ਦੀ ਨੈਸ਼ਨਲ ਚੈਂਪੀਅਨਸ਼ਿਪ ਜਿੱਤਣ ਦੀ ਹੈਟ੍ਰਿਕ ਪੂਰੀ ਕੀਤੀ। ਪੰਜਾਬ ਨੂੰ ਉਨ੍ਹਾਂ ਛੇ ਵਾਰ ਕੌਮੀ ਚੈਂਪੀਅਨ ਬਣਾਇਆ। ਚਾਰ ਵਾਰ ਪੰਜਾਬ ਪੁਲਸ ਨੂੰ ਆਲ ਇੰਡੀਆ ਪੁਲਸ ਖੇਡਾਂ ਦੀ ਚੈਂਪੀਅਨ ਬਣਾਇਆ। ਦੇਸ਼ ਦੀ ਵੰਡ ਤੋਂ ਪਹਿਲਾਂ ਬਲਬੀਰ ਸਿੰਘ ਸੀਨੀਅਰ ਨੇ 1947 ਵਿੱਚ ਸਾਂਝੇ ਪੰਜਾਬ ਦੀ ਟੀਮ ਵੱਲੋਂ ਕਰਨਲਏ.ਆਈ.ਐੱਸ.ਦਾਰਾ ਦੀ ਕਪਤਾਨੀ ਹੇਠ ਵੀ ਖੇਡਦਿਆਂ ਕੌਮੀ ਖਿਤਾਬ ਵੀ ਜਿੱਤਿਆ ਅਤੇ ਅੱਗੇ ਜਾ ਕੇ ਨਵੇਂ ਪੰਜਾਬ ਟੀਮ ਦੀ ਕਪਤਾਨੀ ਵੀ ਕੀਤੀ।
ਬਲਬੀਰ ਸਿੰਘ ਸੀਨੀਅਰ ਮੈਦਾਨ ਵਿਚ ਹਾਕੀ ਖੇਡਦੇ ਹੋਏ
ਬਲਬੀਰ ਸਿੰਘ ਦੀ ਪਹਿਲੀ ਵਾਰ ਭਾਰਤੀ ਟੀਮ ਵਿੱਚ ਚੋਣ 1947 ਵਿੱਚ ਸ੍ਰੀਲੰਕਾ ਦੇ ਦੌਰੇ ਲਈ ਹੋਈ। ਬਲਬੀਰ ਸਿੰਘ ਨੇ 1948 ਵਿੱਚ ਲੰਡਨ ਵਿਖੇ ਆਪਣੀਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਬਲਬੀਰ ਸਿੰਘ ਨੇ ਅਰਜਨਟਾਈਨਾ ਖਿਲਾਫ ਪਹਿਲੇ ਮੈਚ ਵਿੱਚ ਹੈਟ੍ਰਿਕ ਸਮੇਤ ਛੇ ਗੋਲ ਦਾਗੇ ਅਤੇ ਭਾਰਤ ਨੇ 9-1 ਨਾਲ ਇਹ ਮੈਚ ਜਿੱਤਿਆ। ਫਾਈਨਲ ਵਿੱਚ ਭਾਰਤ ਨੇ ਬਰਤਾਨੀਆ ਨੂੰ 4-0 ਨਾਲ ਹਰਾਇਆ, ਜਿਸ ਵਿੱਚ ਬਲਬੀਰ ਸਿੰਘ ਦੇ ਦੋ ਗੋਲ ਸ਼ਾਮਲ ਸਨ। ਇਸ ਤੋਂ ਅਗਲੀ ਓਲੰਪਿਕਸ 1952 ਵਿੱਚ ਹੈਲਸਿੰਕੀ ਵਿਖੇ ਸੀ, ਜਿੱਥੇ ਬਲਬੀਰ ਸਿੰਘ ਭਾਰਤੀ ਟੀਮ ਦਾ ਉਪ ਕਪਤਾਨ ਬਣਿਆ। ਸੈਮੀ ਫਾਈਨਲ ਵਿੱਚ ਬਲਬੀਰ ਸਿੰਘ ਦੇ ਤਿੰਨ ਗੋਲਾਂ ਦੀ ਬਦੌਲਤ ਭਾਰਤ ਨੇ ਬਰਤਾਨੀਆ ਨੂੰ 3-1 ਨਾਲ ਹਰਾਇਆ। ਫਾਈਨਲ ਵਿੱਚ ਭਾਰਤ ਨੇ ਹਾਲੈਂਡ ਨੂੰ 6-1 ਨਾਲ ਹਰਾਇਆ, ਜਿਸ ਵਿੱਚ ਬਲਬੀਰ ਸਿੰਘ ਦੇ ਪੰਜ ਗੋਲਾਂ ਦਾ ਵੱਡਾ ਯੋਗਦਾਨ ਸੀ। ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਕਿਸੇ ਫਾਈਨਲ ਵਿੱਚ ਇਹ ਕਿਸੇ ਖਿਡਾਰੀ ਵੱਲੋਂ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਸੀ ਜੋ ਹਾਲੇ ਤੱਕ ਨਹੀਂ ਟੁੱਟਿਆ। ਹੈਲਸਿੰਕੀ ਵਿੱਚ ਭਾਰਤ ਨੇ ਕੁੱਲ 13 ਗੋਲ ਕੀਤੇ ਜਿਨ੍ਹਾਂ ਵਿੱਚੋਂ ਇਕੱਲੇ ਬਲਬੀਰ ਸਿੰਘ ਦੇ ਗੋਲਾਂ ਦੀ ਗਿਣਤੀ 9 ਸੀ।
ਬਲਬੀਰ ਸਿੰਘ ਸੀਨੀਅਰ
1954 ਵਿੱਚ ਮਲਾਇਆ ਤੇ ਸਿੰਗਾਪੁਰ ਦੇ ਦੌਰੇ ਲਈ ਚੁਣੀ ਗਈ ਭਾਰਤੀ ਟੀਮ ਦੀ ਕਪਤਾਨੀ ਪਹਿਲੀ ਵਾਰ ਬਲਬੀਰ ਸਿੰਘ ਨੂੰ ਮਿਲੀ। 1956 ਦੀਆਂ ਮੈਲਬਰਨ ਓਲੰਪਿਕ ਖੇਡਾਂ ਵਿੱਚ ਬਲਬੀਰ ਸਿੰਘ ਸੀਨੀਅਰ ਭਾਰਤੀ ਟੀਮ ਦਾ ਕਪਤਾਨ ਸੀ। ਮੈਲਬਰਨ ਵਿਖੇ ਉਹ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਵੀ ਸੀ। ਪਹਿਲੇ ਮੈਚ ਵਿੱਚ ਹੀ ਉਸ ਨੇ ਅਫਗਾਨਸਿਤਾਨ ਖਿਲਾਫ ਪੰਜ ਗੋਲ ਕੀਤੇ। ਦੂਜੇ ਮੈਚ ਵਿੱਚ ਉਸ ਦੀ ਚੀਚੀ ਨਾਲ ਦੀ ਉਂਗਲ ਟੁੱਟ ਗਈ। ਸੱਟ ਕਾਰਨ ਉਹ ਬਾਕੀ ਲੀਗ ਮੈਚ ਨਹੀਂ ਖੇਡ ਸਕਿਆ। ਸੈਮੀ ਫਾਈਨਲ ਤੇ ਫਾਈਨਲ ਮੈਚ ਉਹ ਟੁੱਟੀ ਉਂਗਲ ਨਾਲ ਹੀ ਖੇਡਿਆ ਅਤੇ ਭਾਰਤ ਨੂੰ ਜਿੱਤ ਦਿਵਾਈ। ਭਾਰਤੀ ਟੀਮ ਨੇ ਜਿੱਥੇ ਲਗਾਤਾਰ ਛੇਵਾਂ ਓਲੰਪਿਕ ਸੋਨ ਤਮਗਾ ਜਿੱਤਿਆ, ਉਥੇ ਬਲਬੀਰ ਸਿੰਘ ਦੀ ਵੀ ਗੋਲਡਨ ਹੈਟ੍ਰਿਕ ਪੂਰੀ ਕੀਤੀ। ਆਖਰੀ ਵੱਡੇ ਮੁਕਾਬਲੇ ਵਜੋਂ ਬਲਬੀਰ ਸਿੰਘ ਨੇ 1958 ਦੀਆਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਂਦਿਆਂ ਭਾਰਤੀ ਟੀਮ ਦੀ ਕਪਤਾਨੀ ਕੀਤੀ।
1975 ਦੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਦੀ ਕੋਚਿੰਗ ਦਾ ਜ਼ਿੰਮਾ ਪੰਜਾਬ ਸਰਕਾਰ ਨੇ ਲੈ ਲਿਆ ਸੀ। ਉਸ ਵੇਲੇ ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਬਲਬੀਰ ਸਿੰਘ ਸੀਨੀਅਰ ਨੂੰ ਟੀਮ ਦੀ ਕਮਾਨ ਸੌਂਪੀ ਗਈ ਅਤੇ ਅੱਗੇ ਜਾ ਕੇ ਇਸੇ ਟੀਮ ਨੇ ਵਿਸ਼ਵ ਕੱਪ ਜਿੱਤਿਆ। ਬਲਬੀਰ ਸਿੰਘ ਸਿਰੜੀ ਬੰਦਾ ਸੀ। ਕੈਂਪ ਦੌਰਾਨ ਉਨ੍ਹਾਂ ਦੇ ਪਿਤਾ ਜੀ ਦੇ ਦੇਹਾਂਤ ਦੇ ਬਾਵਜੂਦ ਉਨ੍ਹਾਂ ਨੇ ਸਿਰਫ ਇਕ ਡੰਗ ਦੀ ਪ੍ਰੈਕਟਿਸ ਤੋਂ ਛੁੱਟੀ ਲਈ। ਇਸੇ ਦੌਰਾਨ ਉਸ ਦੀ ਪਤਨੀ ਸੁਸ਼ੀਲ ਨੂੰ ਬਰੇਨ ਹੈਮਰੇਜ ਹੋ ਗਿਆ, ਜੋ ਪੀ.ਜੀ.ਆਈ. ਵਿਖੇ ਜ਼ੇਰੇ ਇਲਾਜ ਰਹੀ। ਬਲਬੀਰ ਸਿੰਘ ਦੀ ਕੋਚਿੰਗ ਹੇਠ ਭਾਰਤ ਨੇ 1975 ਦਾ ਵਿਸ਼ਵ ਕੱਪ ਜਿੱਤਿਆ, ਜੋ ਕਿ ਭਾਰਤੀ ਹਾਕੀ ਦਾ ਹੁਣ ਤੱਕ ਦਾ ਇਕਲੌਤਾ ਵਿਸ਼ਵ ਕੱਪ ਖਿਤਾਬ ਹੈ। ਇਸ ਤੋਂ ਇਲਾਵਾ ਉਨ੍ਹਾਂ ਕੌਮੀ ਟੀਮ ਦੇ ਕੋਚ/ਮੈਨੇਜਰ ਰਹਿੰਦਿਆਂ ਭਾਰਤ ਨੂੰ 1962 ਵਿੱਚ ਕੌਮਾਂਤਰੀ ਹਾਕੀ ਟੂਰਨਾਮੈਂਟ ਵਿੱਚ ਸੋਨੇ ਦਾ ਤਮਗਾ, 1970 ਦੀਆਂ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਮਗਾ, 1971 ਦੇ ਵਿਸ਼ਵ ਕੱਪ ਵਿੱਚ ਕਾਂਸੀ ਦਾ ਤਮਗਾ, 1982 ਵਿੱਚ ਚੈਂਪੀਅਨਜ਼ ਟਰਾਫੀ ਵਿੱਚ ਕਾਂਸੀ ਦਾ ਤਮਗਾ, 1982 ਦੀਆਂ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਮਗਾ ਅਤੇ 1982 ਵਿੱਚ ਮੈਲਬਰਨ ਵਿਖੇ ਅਸਾਂਡਾ ਕੱਪ ਵਿੱਚ ਚਾਂਦੀ ਦਾ ਕੱਪ ਜਿਤਾਇਆ।
ਬਲਬੀਰ ਸਿੰਘ ਸੀਨੀਅਰ ਆਪਣੇ ਦੋਸਤਾਂ ਨਾਲ
ਬਲਬੀਰ ਸਿੰਘ ਸੀਨੀਅਰ ਨੂੰ 1957 ਵਿੱਚ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਆ ਗਿਆ। ਉਸ ਨੂੰ ਭਾਰਤ ਰਤਨ ਦਿਵਾਉਣ ਲਈ ਕਈ ਮੁਹਿੰਮਾਂ ਚੱਲੀਆਂ। ਪੰਜਾਬ ਸਰਕਾਰ ਵੱਲੋਂ ਵੀ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਦੇਣ ਦੀ ਸਿਫਾਰਸ਼ ਕੀਤੀ ਗਈ। ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ਸਾਬਕਾ ਡੀ.ਜੀ.ਪੀ.ਰਾਜਦੀਪ ਸਿੰਘ ਗਿੱਲ ਨੇ ਉਚੇਤੇ ਤੌਰ ਉਤੇ ਉਨ੍ਹਾਂ ਦਾ ਭਾਰਤ ਰਤਨ ਲਈ ਕੇਸ ਤਿਆਰ ਕਰਕੇ ਦੇਸ਼ ਦੇ ਨਾਮੀਂ ਖਿਡਾਰੀਆਂ ਤੋਂ ਦਸਤਖਤ ਕਰਵਾਏ ਪਰ ਹਾਲੇ ਤੱਕ ਸਭ ਤੋਂ ਵੱਧ ਖੇਡ ਪ੍ਰਾਪਤੀਆਂ ਵਾਲੇ ਇਸ ਮਹਾਨ ਖਿਡਾਰੀ ਨੂੰ ਭਾਰਤ ਦਾ ਸਰਵਉੱਚ ਨਾਗਰਿਕ ਸਨਮਾਨ ਨਹੀਂ ਮਿਲਿਆ। ਇਸ ਗੱਲ ਦਾ ਬਲਬੀਰ ਸਿੰਘ ਨੂੰ ਕੋਈ ਗਿਲਾ ਨਹੀਂ ਸੀ। ਉਹ ਰੱਬ ਦੀ ਰਜ਼ਾ ਵਿੱਚ ਰਹਿਣ ਵਾਲਾ ਇਨਸਾਨ ਸੀ। ਹਾਕੀ ਪ੍ਰੇਮੀ ਉਸ ਨੂੰ ਓਲੰਪਿਕ ਰਤਨ ਹੀ ਸਮਝਦੇ ਸਨ। ਕੌਮਾਂਤਰੀ ਓਲੰਪਿਕ ਕਮੇਟੀ ਨੇ ਉਸ ਨੂੰ ਦੁਨੀਆਂ ਦੇ ਸਭ ਤੋਂ ਵੱਕਾਰੀ ਇਸ ਇਨਾਮ ਲਈ ਚੁਣਿਆ। 2012 ਦੀਆਂ ਲੰਡਨ ਓਲੰਪਿਕ ਖੇਡਾਂ ਵੇਲੇ ਕੌਮਾਂਤਰੀ ਓਲੰਪਿਕ ਕਮੇਟੀ ਨੇ ਓਲੰਪਿਕ ਖੇਡਾਂ ਦੇ 116 ਸਾਲਾਂ ਦੇ ਇਤਿਹਾਸ ਦੇ 16 ਆਈਕੌਨਿਕ ਖਿਡਾਰੀ ਚੁਣੇ, ਜਿਨ੍ਹਾਂ ਵਿੱਚ 8 ਪੁਰਸ਼ ਤੇ 8 ਮਹਿਲਾ ਖਿਡਾਰੀ ਸਨ। ਬਲਬੀਰ ਸਿੰਘ ਕਿਸੇ ਵੀ ਖੇਡ ਵਿੱਚ ਏਸ਼ੀਆ ਦੇ ਇਕਲੌਤੇ ਪੁਰਸ਼ ਖਿਡਾਰੀ ਸਨ ਜਿਨ੍ਹਾਂ ਨੂੰ ਆਈਕੌਨ ਖਿਡਾਰੀਆਂ ਵਿੱਚ ਸ਼ਾਮਲ ਕੀਤਾ ਗਿਆ। ਇੰਝ ਕਹਿ ਲਵੋ ਕਿ ਬਲਬੀਰ ਸਿੰਘ ਕਿਸੇ ਵੀ ਖੇਡ ਵਿੱਚ ਏਸ਼ੀਆ ਦਾ ਸਰਵੋਤਮ ਪੁਰਸ਼ ਖਿਡਾਰੀ ਅਤੇ ਹਾਕੀ ਵਿੱਚ ਵਿਸ਼ਵ ਦਾ ਸਿਖਰਲਾ ਖਿਡਾਰੀ ਹੈ।
ਬਲਬੀਰ ਸਿੰਘ ਸੀਨੀਅਰ ਨੂੰ ਸਨਮਾਨ ਭੇਟ ਕਰਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਬਲਬੀਰ ਸਿੰਘ ਨੇ ਆਪਣੀ ਸਵੈ-ਜੀਵਨੀ 'ਗੋਲਡਨ ਹੈਟ ਟ੍ਰਿਕ' ਐਜ਼ ਟੋਲਡ ਟੂ ਸੈਮੂਅਲ ਬੈਨਰਜੀ 1977 ਵਿਚ ਛਪਵਾਈ। ਉਨ੍ਹਾਂ ਹਾਕੀ ਦੀ ਕੋਚਿੰਗ ਬਾਰੇ 'ਦੀ ਗੋਲਡਨ ਯਾਰਡਸਟਿਕ' ਪੁਸਤਕ ਵੀ ਲਿਖੀ। ਇਸ ਪੁਸਤਕ ਦਾ ਮੁੱਖ-ਬੰਦ ਕੌਮਾਂਤਰੀ ਓਲੰਪਿਕ ਕਮੇਟੀ ਦੇ ਤੱਤਕਾਲੀ ਪ੍ਰਧਾਨ ਜੈਕਸ ਰੋਜ਼ ਨੇ ਲਿਖਦਿਆ ਕਿਹਾ, ''ਇਕ ਓਲੰਪੀਅਨ ਵਜੋਂ ਮੈਨੂੰ 'ਗੋਲਡਨ ਹੈਟ ਟ੍ਰਿਕ' ਮਾਰਨ ਵਾਲੇ ਲੀਜੈਂਡਰੀ ਹਾਕੀ ਖਿਡਾਰੀ ਬਲਬੀਰ ਸਿੰਘ ਦੀ ਪੁਸਤਕ ਦਾ ਮੁੱਖ-ਬੰਦ ਲਿਖਦਿਆਂ ਖੁਸ਼ੀ ਹੋ ਰਹੀ ਹੈ। ਸਾਡੇ ਸਮੇਂ ਦੇ ਖਿਡਾਰੀਆਂ, ਕਪਤਾਨਾਂ, ਕੋਚਾਂ ਤੇ ਮੈਨੇਜਰਾਂ ਨੇ ਬਲਬੀਰ ਸਿੰਘ ਨੂੰ ਹਾਕੀ ਦਾ ਸਰਬੋਤਮ ਖਿਡਾਰੀ ਮੰਨਿਆ ਹੈ। ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਬਲਬੀਰ ਸਿੰਘ ਨੇ ਹਾਕੀ ਨਾਲ ਆਪਣਾ ਸੱਚਾ ਸਨੇਹ ਜਤਾਇਆ ਹੈ ਤੇ ਹਾਕੀ ਦਾ ਸੰਦੇਸ਼ ਭਾਰਤ ਤੇ ਬਾਹਰ ਸਾਰੀ ਦੁਨੀਆ ਤਕ ਪਹੁੰਚਾਇਆ ਹੈ। ਹਾਕੀ ਨਾਲ ਉਸ ਦੀ ਲਗਨ ਅਤੇ ਖੇਡਾਂ ਦੀਆਂ ਕਦਰਾਂ ਨਾਲ ਪਿਆਰ ਅਗਲੀਆਂ ਪੀੜ੍ਹੀਆਂ ਨੂੰ ਉਤਸ਼ਾਹਿਤ ਕਰਦਾ ਰਹੇਗਾ। ਦੇਸ਼ ਵਿਦੇਸ਼ ਦੇ ਬੱਚੇ ਤੇ ਨੌਜਵਾਨ ਉਸ ਦੇ ਵਿਖਾਏ ਖੇਡ ਮਾਰਗ 'ਤੇ ਚੱਲਣਗੇ। ਓਲੰਪਿਕ ਲਹਿਰ ਬਲਬੀਰ ਸਿੰਘ ਜਿਹੇ ਖਿਡਾਰੀਆਂ ਦੀ ਰਿਣੀ ਹੈ ਜਿਨ੍ਹਾਂ ਨੇ 20ਵੀਂ ਸਦੀ ਦੇ ਖੇਡ ਇਤਿਹਾਸ ਨੂੰ ਸੁਨਹਿਰੀ ਬਣਾਇਆ।''
ਹਾਕੀ ਬਲਬੀਰ ਸਿੰਘ ਦੇ ਖੂਨ ਵਿੱਚ ਵਗਦੀ ਸੀ। ਨਰਮ ਦਿਲ ਅਤੇ ਧਰਤੀ ਨਾਲ ਜੁੜੇ ਇਸ ਮਹਾਤਮਾ ਰੂਪੀ ਇਨਸਾਨ ਨੂੰ ਮਿਲਦਿਆਂ ਤੁਹਾਨੂੰ ਕਦੇ ਵੀ ਨਹੀਂ ਲੱਗੇਗਾ ਕਿ ਤੁਸੀ ਕਿਸੇ ਵੱਡੇ ਖਿਡਾਰੀ ਨੂੰ ਮਿਲ ਰਹੇ ਹੋ। ਬਲਬੀਰ ਸਿੰਘ ਜਦੋਂ ਡੇਢ ਸਾਲ ਪਹਿਲਾ ਪੀ.ਜੀ.ਆਈ. ਵਿਖੇ ਜ਼ੇਰੇ ਇਲਾਜ ਸਨ ਤਾਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਸਭ ਤੋਂ ਪਹਿਲਾਂ ਮਿਜਾਜ਼ਪੁਰਸ਼ੀ ਲਈ ਪੁੱਜੇ। ਉਨ੍ਹਾਂ ਨਾਲ ਹਾਕੀ ਓਲੰਪੀਅਨ ਬਲਦੇਵ ਸਿੰਘ ਤੇ ਅਜੀਤ ਸਿੰਘ ਅਤੇ 'ਸ਼ਹਿਰ ਪਟਿਆਲੇ ਦੇ' ਵਾਲਾ ਪ੍ਰਸਿੱਧ ਗਾਇਕ ਹਰਦੀਪ ਵੀ ਸੀ। ਇਸ ਤੋਂ ਥੋੜੇਂ ਦਿਨਾਂ ਬਾਅਦ ਹੀ ਪੰਜਾਬ ਸਰਕਾਰ ਵੱਲੋਂ ਸੂਬੇ ਦਾ ਸਭ ਤੋਂ ਵੱਡਾ ਖੇਡ ਪੁਰਸਕਾਰ 'ਮਹਾਰਾਜਾ ਰਣਜੀਤ ਸਿੰਘ ਐਵਾਰਡ' ਸਮਾਰੋਹ ਕਰਵਾਇਆ ਗਿਆ। ਇਸ ਐਵਾਰਡ ਦੀ ਸ਼ੁਰੂਆਤ 1978 ਵਿੱਚ ਹੋਈ ਕਰਕੇ ਉਸ ਤੋਂ ਪਹਿਲਾ ਦੇ ਸਮੇਂ ਵਾਲੇ ਖਿਡਾਰੀ ਕਦੇ ਵੀ ਇਹ ਐਵਾਰਡ ਨਹੀਂ ਹਾਸਲ ਕਰ ਸਕੇ ਸਨ। ਪੰਜਾਬ ਸਰਕਾਰ ਨੇ ਪਹਿਲੀ ਵਾਰ ਖੇਡ ਨੀਤੀ ਵਿੱਚ ਬਦਲਾਅ ਕਰਦਿਆਂ ਪੁਰਾਣੇ ਖਿਡਾਰੀਆਂ ਨੂੰ ਵੀ ਐਵਾਰਡ ਦੇਣ ਦਾ ਫੈਸਲਾ ਕੀਤਾ ਜਿਸ ਕਾਰਨ 101 ਖਿਡਾਰੀਆਂ ਦੀ ਸੂਚੀ ਵਿੱਚ ਪਹਿਲਾ ਨਾਮ ਬਲਬੀਰ ਸਿੰਘ ਸੀਨੀਅਰ ਦਾ ਸੀ। ਉਸ ਵੇਲੇ ਉਹ ਪੀ.ਜੀ.ਆਈ. ਵਿਖੇ ਵੈਂਟੀਲੇਟਰ ਤੋਂ ਕਮਰੇ ਵਿੱਚ ਸ਼ਿਫਟ ਹੋ ਗਏ ਸਨ ਪਰ ਤੁਰਨ ਫਿਰਨ ਦੀ ਹਾਲਤ ਵਿੱਚ ਨਹੀਂ ਸੀ। 9 ਜੁਲਾਈ 2019 ਨੂੰ ਚੰਡੀਗੜ੍ਹ ਵਿਖੇ ਇਸ ਐਵਾਰਡ ਸਮਾਰੋਹ ਤੋਂ ਤੁਰੰਤ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਚੇਚੇ ਤੌਰ 'ਤੇ ਪੀ.ਜੀ.ਆਈ. ਜਾ ਕੇ ਨਿੱਜੀ ਤੌਰ 'ਤੇ ਬਲਬੀਰ ਸਿੰਘ ਸੀਨੀਅਰ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਸੌਂਪਿਆ।
ਬਲਬੀਰ ਸਿੰਘ ਸੀਨੀਅਰ ਦੀ ਜੀਵਨੀ ਲਿਖਣ ਵਾਲੇ ਨਵਦੀਪ ਗਿੱਲ ਨੇ ਕੱਲ੍ਹ ਹੀ ਉਨ੍ਹਾਂ ਲਈ ਦਾਨ ਕੀਤੇ ਸਨ ਪਲੇਟਲੇਟਸ
ਬਲਬੀਰ ਸਿੰਘ ਸੀਨੀਅਰ ਫੇਰ ਸਿਹਤਯਾਬ ਹੋ ਕੇ ਚੰਡੀਗੜ੍ਹ ਦੇ ਸੈਕਟਰ 36 ਸਥਿਤ ਘਰ ਪੁੱਜੇ ਜਿੱਥੇ ਉਨ੍ਹਾਂ ਦੀ ਧੀ ਸੁਸ਼ਬੀਰ ਕੌਰ ਤੇ ਦੋਹਤਾ ਕਬੀਰ ਸਿੰਘ ਪੂਰੀ ਸੰਭਾਲ ਕਰ ਰਹੇ ਹਨ। ਬਲਬੀਰ ਸਿੰਘ ਦੇ ਤਿੰਨ ਪੁੱਤਰਾਂ ਦੇ ਨਾਂ ਕੰਵਲਬੀਰ ਸਿੰਘ, ਕਰਨਬੀਰ ਸਿੰਘ ਤੇ ਗੁਰਬੀਰ ਸਿੰਘ ਅਤੇ ਇਕ ਲੜਕੀ ਦਾ ਨਾਂ ਸੁਸ਼ਬੀਰ ਕੌਰ ਹੈ। ਪਿਛਲੀ 31 ਦਸੰਬਰ ਨੂੰ ਆਪਣੇ 96ਵੇਂ ਜਨਮ ਦਿਨ ਦਾ ਕੇਕ ਕੱਟਿਆ। ਇਸ ਸਾਲ ਦੇ ਜਨਵਰੀ ਮਹੀਨੇ ਸ਼ੁਰੂ ਹੋਈ ਪ੍ਰੋ. ਹਾਕੀ ਲੀਗ ਦੇ ਇਕ ਮੈਚ ਵਿੱਚ ਜਦੋਂ ਭਾਰਤ ਨੇ ਹਾਲੈਂਡ ਨੂੰ ਹਰਾਇਆ ਤਾਂ ਬਲਬੀਰ ਸਿੰਘ ਸੀਨੀਅਰ ਦੇ ਟੀ.ਵੀ. ਉਪਰ ਮੈਚ ਦੇਖਦਿਆਂ ਭੰਗੜਾ ਪਾਉਂਦੇ ਦੀਆਂ ਵੀਡਿਓ ਦੇਖ ਕੇ ਹਾਕੀ ਪ੍ਰੇਮੀਆਂ ਦੇ ਕਾਲਜੇ ਠੰਢ ਪਈ। ਬਲਬੀਰ ਸਿੰਘ ਨੇ ਇਕ ਨੌਜਵਾਨ ਗਾਇਕ ਤੋਂ ਆਪਣੀ ਪਸੰਦੀਦਾ 'ਹੀਰ' ਵੀ ਸੁਣੀ। ਅੰਤ ਬਲਬੀਰ ਸਿੰਘ ਸੀਨੀਅਰ 25 ਮਈ ਦੀ ਸਵੇਰ ਫੋਰਟਿਸ ਹਸਪਤਾਲ ਵਿਖੇ ਜ਼ਿੰਦਗੀ ਦੀ ਲੜਾਈ ਹਾਰ ਗਏ ਅਤੇ ਹਾਕੀ ਪ੍ਰੇਮੀਆਂ ਨੂੰ ਵੱਡਾ ਸਦਮਾ ਦੇ ਗਏ। ਬੀਤੇ ਦਿਨੀਂ ਉਨ੍ਹਾਂ ਦੇ ਦੋਹਤੇ ਕਬੀਰ ਸਿੰਘ ਦਾ ਫੋਨ ਆਇਆ ਤਾਂ ਮੇਰਾ ਵੀ ਬਲੱਡ ਗਰੁੱਪ 'ਓ' ਪਾਜ਼ੇਟਿਵ ਹੋਣ ਕਰਕੇ ਮੈਂ (ਨਵਦੀਪ ਸਿੰਘ ਗਿੱਲ) ਪਲੇਟ ਲੇਟਸ ਦੇਣ ਗਿਆ ਸੀ। ਉਥੇ ਕਬੀਰ ਤੋਂ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਰਾਤੀਂ ਪ੍ਰਿੰਸੀਪਲ ਸਰਵਣ ਸਿੰਘ ਤੇ ਰਾਜਦੀਪ ਸਿੰਘ ਗਿੱਲ ਹੁਰਾਂ ਨੇ ਸਿਹਤ ਦਾ ਹਾਲ ਪੁੱਛਿਆ ਅਤੇ ਦੁਆਂ ਕੀਤੀ ਸਦੀ ਦਾ ਮਹਾਨ ਖਿਡਾਰੀ ਇਕ ਸਦੀ ਜੀਵੇ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ।
ਲੇਖਕ ਨਵਦੀਪ ਸਿੰਘ ਗਿੱਲ ਦੇ ਨਾਲ ਬਲਬੀਰ ਸਿੰਘ ਸੀਨੀਅਰ
ਹਾਕੀ ਖੇਡ ਵਿੱਚ ਬਲਬੀਰ ਨਾਂ ਨੂੰ ਹੀ ਬਖਸ਼ਿਸ਼ ਰਹੀ ਹੈ। ਜਿੰਨੇ ਬਲਬੀਰ ਹਾਕੀ ਖੇਡ ਨੇ ਦਿੱਤੇ ਹਨ, ਉੁਨੇ ਬਾਕੀ ਸਾਰੀਆਂ ਖੇਡਾਂ ਨੇ ਮਿਲਾ ਕੇ ਹੀ ਨਹੀਂ ਦਿੱਤੇ ਹੋਣੇ। ਭਾਰਤੀ ਹਾਕੀ ਟੀਮ ਵਿੱਚ ਕੁੱਲ ਪੰਜ ਬਲਬੀਰ ਹੋਏ ਜਿਨ੍ਹਾਂ ਵਿੱਚੋਂ ਚਾਰ ਬਲਬੀਰ ਤਾਂ ਇਕੱਠੇ ਇਕੋ ਵੇਲੇ ਟੀਮ ਵਿੱਚ ਖੇਡ ਹਨ। ਪੰਜ ਬਲਬੀਰਾਂ ਵਿੱਚੋਂ ਚਾਰ ਓਲੰਪੀਅਨ ਬਣੇ ਅਤੇ ਚੌਹਾਂ ਨੇ ਤਮਗਾ ਜਿੱਤਿਆ। ਕੌਮੀ ਤੇ ਸਟੇਟ ਪੱਧਰ ਉਤੇ ਖੇਡਣ ਵਾਲੇ ਬਲਬੀਰਾਂ ਦੀ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ। ਇਕ ਵੇਲੇ ਦੇਸ਼ ਦੇ ਸਭ ਤੋਂ ਵੱਡੇ ਟੂਰਨਾਮੈਂਟ ਨਹਿਰੂ ਹਾਕੀ ਵਿੱਚ 9 ਬਲਬੀਰ ਖੇਡ ਰਹੇ ਸਨ। ਸਭ ਤੋਂ ਵੱਧ ਪ੍ਰਸਿੱਧੀ ਵੱਡੇ ਬਲਬੀਰ ਸਿੰਘ ਦੁਸਾਂਝ ਨੇ ਖੱਟੀ ਹੋਣ ਕਰਕੇ ਉਨ੍ਹਾਂ ਨੂੰ ਬਲਬੀਰ ਸਿੰਘ ਸੀਨੀਅਰ ਕਹਿੰਦੇ ਸਨ। ਇਹ ਮੋਗੇ ਵਾਲੇ ਬਲਬੀਰ ਵੀ ਅਖਵਾਏ ਜਾਂਦੇ ਹਨ। ਅੱਜ ਹਾਕੀ ਦਾ ਇਕ ਬਲਬੀਰ ਘਟ ਗਿਆ।