95 ਸਾਲਾਂ ਦੇ ਨੌਜਵਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਨਾਲ ਜੁੜੀਆਂ ਕੁਝ ਮਿੱਠੀਆ ਯਾਦਾਂ

Thursday, May 28, 2020 - 12:49 PM (IST)

95 ਸਾਲਾਂ ਦੇ ਨੌਜਵਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਨਾਲ ਜੁੜੀਆਂ ਕੁਝ ਮਿੱਠੀਆ ਯਾਦਾਂ

ਬਲਬੀਰ ਸਿੰਘ ਸੀਨੀਅਰ ਭਾਰਤੀ ਹਾਕੀ ਦਾ ਚਮਕਦਾ ਸਿਤਾਰਾ ਹੈ। ਉਨ੍ਹਾਂ ਉਲੰਪਿਕ ਵਿਚ ਤਿੰਨ ਵਾਰ ਸੋਨ-ਤਮਗੇ ਜਿੱਤੇ। ਪਰ ਜ਼ਿਆਦਾਤਰ ਨੌਜਵਾਨਾਂ ਵਾਂਗੂ ਜਾਂ ਫੇਰ ਕਹਿ ਲਵੋ ਕਿ ਸਾਡੇ ਸਿਲੇਬਸਾਂ ਦੀ ਮੇਹਰਬਾਨੀ ਕਾਰਨ ਮੈਨੂੰ ਹਾਕੀ ਵਿਚ ਧਿਆਨ ਚੰਦ ਤੋਂ ਵੱਡਾ ਖਿਡਾਰੀ ਕੋਈ ਨਹੀਂ ਸੀ ਲੱਗਦਾ। ਇਹ ਕਹਿ ਲਵੋ ਕਿ ਉਨ੍ਹਾਂ ਤੋਂ ਬਿਨਾਂ ਕੋਈ ਨਾਮ ਵੀ ਜ਼ਿਆਦਾ ਨਹੀਂ ਪਤਾ ਸਨ। ਫੇਰ ਚੰਡੀਗੜ੍ਹ ਹੁੰਦਿਆਂ ਇਕ ਵਾਰ ਸਮੀਰ ਨੇ ਮੈਨੂੰ ਅਤੇ ਇੰਦਰ ਨੂੰ ਕਿਹਾ ਕਿ ਮੈਂ ਤੁਹਾਨੂੰ ਕਿਸੇ ਨੂੰ ਮਿਲਾਉਣ ਲੈ ਕੇ ਜਾਣੈ। ਚਲੋ ਅਸੀਂ ਚਾਰੇ ਜਣੇ ਚਲੇ ਗਏ। ਪਤਾ ਲੱਗਾ ਕਿ ਉਹ ਅੱਜ ਨਹੀਂ ਮਿਲ ਸਕਦੇ। ਅਸੀਂ ਉਨ੍ਹਾਂ ਦੀ ਧੀ ਸੁਸ਼ਬੀਰ ਅਤੇ ਦੋਹਤੇ ਕਬੀਰ ਨੂੰ ਮਿਲੇ ਅਤੇ ਬੜੀਆਂ ਗਲਾਂ ਕੀਤੀਆਂ। ਉਨ੍ਹਾਂ ਦੋਹਾਂ ਦੀ ਜ਼ਿੰਦਗੀ ਦਾ ਧੁਰਾ ਹੀ ਬਲਬੀਰ ਜੀ ਸਨ। ਉਨ੍ਹਾਂ ਦੀਆਂ ਗੱਲਾਂ ਤੋਂ ਬਲਬੀਰ ਜੀ ਦੇ ਹੌਂਸਲੇ ਹਿੰਮਤ ਅਤੇ ਜਿਊਣ ਦੀ ਚਾਹ ਦੀ ਅਦੁੱਤੀ ਝਲਕ ਪਈ ਅਤੇ ਮਿਲਣ ਨੂੰ ਜੀਅ ਕਰਨ ਲੱਗ ਪਿਆ।

ਆਪਣੀ ਹਾਕੀ ਨਾਲ ਪੋਜ਼ ਕਰਦੇ ਹੋਏ ਬਲਬੀਰ ਜੀ

PunjabKesari

ਉਨ੍ਹਾਂ ਹੀ ਦਿਨਾਂ ਵਿਚ ਇੰਦਰ ਅਤੇ ਗੁਰਦੀਪ ਨੇ ਮਹੀਨੇ ਲਈ ਸਾਈਕਲ ’ਤੇ ਪੰਜਾਬ ਦੇ ਪਿੰਡਾਂ ਵਿਚ ਜਾਣਾ ਸੀ। ਸਮੀਰ ਨੇ ਸੁਝਾਇਆ ਕਿ ਕਿਉਂ ਨਾ ਆਪਾਂ ਇਸ ਦਾ ਆਗਾਜ਼ ਉਨ੍ਹਾਂ ਕੋਲੋਂ ਈ ਕਰਵਾਈਏ। ਨੌਜਵਾਨ ਪੀੜ੍ਹੀ ਦੇ ਅਜਿਹੇ ਕਾਰਜ ਉਨ੍ਹਾਂ ਨੂੰ ਚੰਗੇ ਲੱਗਦੇ ਸਨ। ਸੋਚਿਆ ਕਿ ਆਪਾਂ ਇਸ ਸਫਰ ਦੀ ਸ਼ੁਰੂਆਤ ਲਈ ਝੰਡੀ ਬਲਬੀਰ ਸਿੰਘ ਜੀ ਤੋਂ ਦਵਾਉਂਦੇ ਹਾਂ। ਚਲੋ ਸਭ ਕੁਝ ਉਲੀਕ ਕੇ ਅਸੀਂ 20 ਸੰਤਬਰ, 2019 ਨੂੰ ਉਨ੍ਹਾਂ ਦੇ ਘਰ ਮਿਲਣ ਗਏ ਤਾਂ ਇਕ ਪਲ਼ ਲਈ ਵੀ ਇੰਝ ਨਹੀਂ ਲੱਗਿਆ ਕਿ ਅਸੀਂ ਨੱਬੇ ਟੱਪ ਚੁੱਕੇ ਕਿਸੇ ਬਜ਼ੁਰਗ ਨੂੰ ਮਿਲ ਰਹੇ ਹਾਂ। ਸਗੋਂ ਉਹ ਉਹੀ ਖਿਡਾਰੀ ਸੀ, ਜੋ ਦਿਲੋਂ ਅਜੇ ਵੀ ਤਾਜ਼ਾ-ਤਰੀਨ ਪਿਆ ਸੀ। ਉਨ੍ਹਾਂ ਦੀ ਆਵਾਜ਼ ਅਤੇ ਸਰੀਰ ਵਿਚ ਜ਼ਮੀਨ ਅਸਾਨ ਦਾ ਫ਼ਰਕ ਸੀ। ਸਾਰੇ ਉਨ੍ਹਾਂ ਨੂੰ ਬੋਚ-ਬੋਚ ਕੇ ਰੱਖ ਰਹੇ ਸੀ ਪਰ ਉਨ੍ਹਾਂ ਦੀ ਘੱਗੀ ਆਵਾਜ਼ ਵਿਚ ਵੀ ਲੋਹੜਿਆਂ ਦਾ ਹੌਂਸਲਾ ਝਲਕਦਾ ਸੀ। ਮੇਰਾ ਸਿਰ ਪਲੋਸਣ ਲੱਗੇ ਤਾਂ ਹੱਥ ਸਿਰ ਤੋਂ ਚਾਰ ਕੁ ਇੰਚ ਉੱਤੇ ਹਵਾ ਵਿਚ ਈ ਫੇਰ ਦਿੱਤਾ ਅਤੇ ਆਪ ਈ ਹੱਸ ਕੇ ਕਾਰਨ ਦੱਸਣ ਲੱਗੇ ਕਿ ਮੇਰਾ ਨਵਾਂ-ਨਵਾਂ ਵਿਆਹ ਹੋਇਆ, ਮੇਰੀ ਪਤਨੀ ਪੜ੍ਹੀ-ਲਿਖੀ ਸੀ। ਜਦੋਂ ਵੀ ਉਸ ਨੇ ਪਿੰਡ ਜਾਣ ਤਾਂ ਸਲੀਕੇ ਨਾਲ ਵਾਹਿਆ ਸਿਰ ਬਜ਼ੁਰਗਾਂ ਨੇ ਸਿਰ ਪਲੋਸ ਪਲੋਸ ਕੇ ਖਿੰਡਾ ਦੇਣਾ। ਫੇਰ ਉਸ ਤੋਂ ਬਾਅਦ ਮੈਂ ਸੋਚ ਲਿਆ ਕਿ ਜਦੋਂ ਮੈਂ ਸਿਰ ਪਲੋਸਿਆ ਕਰਾਂਗਾ ਤਾਂ ਵਾਲ ਨਹੀਂ ਖਰਾਬ ਕਰਨੇ। ਇੰਦਰ ਨੂੰ ਵੀ ਕਹਿਣ ਲੱਗੇ ਕਿ ਤੇਰੇ ਵਰਗੇ ਨੌਜਵਾਨਾਂ ਦੇ ਹੁੰਦਿਆਂ ਮੈਨੂੰ ਪੰਜਾਬ ਦਾ ਭਵਿੱਖ ਸੋਹਣਾ ਲੱਗਦੈ। ਸਾਨੂੰ ਕਿਤਾਬ ‘ਗੋਲਡ ਗੋਲ’ ਆਪਣੇ ਦਸਤਖ਼ਤ ਕਰਕੇ ਦਿੱਤੀ।

ਬਲਬੀਰ ਜੀ ਅਤੇ ਉਨ੍ਹਾਂ ਦੀ ਧੀ ਸੁਸ਼ਬੀਰ ਨਾਲ ਇੰਦਰ ਅਤੇ ਮੈਂ

PunjabKesari

ਉਨੀਂ ਦਿਨੀਂ ਹੀ ਇੰਦਰ ਅਤੇ ਸਮੀਰ ਨੇ ਮਿਲ ਕੇ ਉਨ੍ਹਾਂ ਨੂੰ ‘ਭਾਰਤ ਰਤਨ’ ਦੇਣ ਦੀ ਮੰਗ ਕਰਨ ਲਈ ਆਨਲਾਈਨ ਪਟੀਸ਼ਨ ਪਾਈ। ਮੈਨੂੰ ਹੈਰਾਨੀ ਸੀ ਏਡੇ ਨਾਮਵਰ ਅਤੇ ਦੇਸ਼ ਦਾ ਨਾਂ ਚਮਕਾਉਣ ਵਾਲੇ ਖਿਡਾਰੀ ਨੂੰ ਭਾਰਤ ਰਤਨ ਨਹੀਂ ਸੀ ਮਿਲਿਆ। ਉਹ ਤਾਂ ਕੋਈ ਵੀ ਵੱਡੇ ਤੋਂ ਵੱਡੇ ਇਨਾਮ ਦਾ ਹੱਕ ਰੱਖਦੇ ਸਨ। 

ਫੇਰ 22 ਸਤੰਬਰ ਨੂੰ ਸਾਈਕਲ ਯਾਤਰਾ ਸ਼ੁਰੂ ਕਰਨੀ ਸੀ ਤਾਂ ਅਸੀਂ ਸਵਖ਼ਤੇ 6 ਵਜੇ ਤੋਂ ਵੀ ਪਹਿਲਾਂ ਉਨ੍ਹਾਂ ਘਰ ਪਹੁੰਚ ਗਏ। ਉਨ੍ਹਾਂ ਹਾਕੀ ਚੁੱਕ ਕੇ ਇੰਦਰ ਅਤੇ ਗੁਰਦੀਪ ਵਿਦਾ ਕੀਤਾ। ਬਾਅਦ ਵਿਚ ਅਸੀਂ ਮਜ਼ਾਕ ਕਰਨ ਲੱਗੇ ਕਿ ਚਲੋ ਤੁਹਾਡਾ ਫੋਟੋ ਸ਼ੂਟ ਕਰੀਏ ਤਾਂ ਹਾਕੀ ਨੂੰ ਖੇਡਣ ਵਾਂਗ ਘੁਮਾ ਕੇ ਪੋਜ਼ ਦੇਣ ਲੱਗੇ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੀ ਹਾਂ ਕਿ ਮੈਂ ਉਸ ਵਕਤ ਉੱਥੇ ਸੀ ਅਤੇ ਉਹ ਤਸਵੀਰਾਂ ਲੈ ਰਹੀ ਸੀ। ਉਸ ਤੋਂ ਮਗਰੋਂ ਵੀ ਅਸੀਂ ਕਬੀਰ ਅਤੇ ਆਂਟੀ ਨੂੰ ਮਿਲਣ ਜਾਂਦੇ ਰਹੇ। ਬਲਬੀਰ ਜੀ ਦੁਆਰਾ ਨਮੂਨੀਆ ਹੋਣ ਕਰਕੇ ਹਸਪਤਾਲ ਚਲੇ ਗਏ। ਕਬੀਰ ਉਨ੍ਹਾਂ ਨੂੰ ਰੋਜ਼ਾਨਾ ਮਿਲਣ ਜਾਂਦਾ। ਜਦੋਂ ਵੀ ਅਸੀਂ ਬਲਬੀਰ ਜੀ ਬਾਰੇ ਪੁੱਛਦੇ ਤਾਂ ਜਵਾਬ ਮਿਲਦਾ ਕਿ ਨੌਜਵਾਨ ਇੱਕਦਮ ਚੜ੍ਹਦੀ ਕਲਾ ਵਿੱਚ ਹੈ। ਇਕ ਦਿਨ ਕਬੀਰ ਨੇ ਦੱਸਿਆ ਕਿ ਇਕ ਵਾਰ ਪਹਿਲਾਂ ਜਦੋਂ ਉਹ ਲੰਬੇ ਸਮੇਂ ਲਈ ਹਸਪਤਾਲ ਰਹੇ ਸਨ ਤਾਂ ਕਬੀਰ ਨੇ ਸਾਹਮਣੇ ਵਾਲੀ ਕੰਧ ’ਤੇ ਤਿਰੰਗਾ ਪੇਂਟ ਕਰ ਦਿੱਤਾ। ਕਬੀਰ ਅਨੁਸਾਰ ਜਿਊਣ ਲਈ ਇਸ ਤੋਂ ਵੱਡਾ ਲਾਲਚ ਉਨ੍ਹਾਂ ਲਈ ਕੋਈ ਨਹੀਂ ਸੀ। ਤਿਰੰਗੇ ਲਈ ਤਾਂ ਉਹ ਹਰ ਹਾਲਤ ਵਿਚ ਤੰਦਰੁਸਤ ਹੋਣਗੇ ਹੀ। 

ਇੰਦਰ ਨੂੰ ਆਪਣੀ ਜੀਵਨੀ ਦਿੰਦੇ ਹੋਏ ਬਲਬੀਰ ਜੀ

PunjabKesari

ਪਿਛਲੇ ਦਿਨੀਂ ਅਖ਼ਬਾਰ ਦੇ ਪਹਿਲੇ ਸਫ਼ੇ ’ਤੇ ਮੈਂ ਉਨ੍ਹਾਂ ਦੀ ਹਾਲਤ ਦੇ ਬਾਰੇ ਖ਼ਬਰ ਪੜ੍ਹੀ ਤਾਂ ਅੰਦਰ ਇਹ ਲਾਲਚ ਪੈਦਾ ਹੋਇਆ ਕਿ ਉਹ ਅਜੇ ਨਾ ਜਾਣ। ਜਦੋਂ ਤਾਲਾਬੰਦੀ ਖੁੱਲ੍ਹੇਗੀ ਤਾਂ ਇਕ ਵਾਰ ਤਾਂ ਹੋਰ ਮਿਲਣਾ ਬਣਦਾ ਹੈ। ਉਨ੍ਹਾਂ ਨੂੰ ਮਿਲਣਾ ਕਿਹੋ ਜਿਹਾ ਅਨੁਭਵ ਸੀ। ਸ਼ਾਇਦ ਅੱਖਰਾਂ ਰਾਹੀਂ ਬਿਆਨ ਕਰਨਾ ਨਾਮੁਮਕਿਨ ਹੈ। 

ਇਕ ਵਾਰੀਂ ਆਪਣੇ ਇਨਾਮਾਂ ਤਮਗਿਆਂ ਨਾਲ ਰੂ-ਬ-ਰੂ ਕਰਵਾਉਂਦਿਆਂ ਆਪਣੇ ਉਸ ਤਮਗੇ ਕੋਲ ਸਾਰਿਆਂ ਤੋਂ ਪਹਿਲਾਂ ਤੋਂ ਕੇ ਗਏ, ਜੋ ਸਕੂਲ ਪੱਧਰ ਤੇ ਪਹਿਲੀ ਵਾਰ ਮਿਲਿਆ ਨਿੱਕਾ ਜਿਹਾ ਇਨਾਮ ਸੀ। ਉਨ੍ਹਾਂ ਦੀ ਆਵਾਜ਼ ਵਿਚ ਹਾਸਾ, ਹੌਂਸਲਾ ਅਤੇ ਉਹ ਮਾਣ ਸਾਫ ਝਲਕਦਾ ਸੀ, ਜਿਸ ਨਾਲ ਉਨ੍ਹਾਂ 1952 ਵਿਚ ਨੀਂਦਰਲੈਂਡ ਨਾਲ ਖੇਡਦਿਆਂ 6-1 ਦੇ ਫਰਕ ਨਾਲ ਭਾਰਤ ਨੂੰ ਜਿਤਾਇਆ ਸੀ ਅਤੇ ਉਨ੍ਹਾਂ 6 ਗੋਲਾਂ ਵਿੱਚ 5 ਇਕੱਲੇ ਬਲਬੀਰ ਸਿੰਘ ਹਾਕੀ ਨੇ ਕੀਤੇ ਸਨ। ਉਲੰਪਿਕ ਵਿਚ ਇਕ ਖਿਡਾਰੀ ਦੁਆਰਾ ਕੀਤੇ ਵੱਧ ਤੋਂ ਵੱਧ ਗੋਲਾਂ ਦਾ ਰਿਕਾਰਡ ਅੱਜ ਤੱਕ ਬਲਬੀਰ ਸਿੰਘ ਸੀਨੀਅਰ ਦੇ ਨਾਵੇਂ ਬੋਲਦਾ ਹੈ। 

ਇੰਦਰ ਅਤੇ ਗੁਰਦੀਪ ਨੂੰ ਪੰਜਾਬ ਸਾਈਕਲ ਯਾਤਰਾ ਲਈ ਰਵਾਨਾ ਕਰਦੇ ਹੋਏ ਬਲਬੀਰ ਸਿੰਘ ਜੀ

PunjabKesari

1948 ਵਿੱਚ ਜਦੋਂ ਪਹਿਲੀ ਵਾਰ ਉਲੰਪਿਕ ਵਿੱਚ ਤਿਰੰਗਾ ਲਹਿਰਾਇਆ ਗਿਆ ਤਾਂ ਉਸੇ ਸਾਲ ਭਾਰਤੀ ਹਾਕੀ ਟੀਮ ਨੇ ਇੰਗਲੈਂਡ ਦੀ ਟੀਮ ਨੂੰ ਉਨ੍ਹਾਂ ਦੀ ਹੀ ਰਾਜਧਾਨੀ ਲੰਦਨ ਵਿਚ 4 ਗੋਲ ਕਰਕੇ ਹਰਾਇਆ ਤਾਂ ਇਨ੍ਹਾਂ ਚਾਰ ਗੋਲਾਂ ਵਿੱਚੋਂ ਵੀ 2 ਗੋਲ ਬਲਬੀਰ ਸਿੰਘ ਹੋਰਾਂ ਨੇ ਕੀਤੇ ਸਨ।

ਉਨ੍ਹਾਂ ਦੀ ਭਾਰਤੀ ਟੀਮ ਵਿਚ ਹੁੰਦਿਆਂ ਤਿੰਨ ਵਾਰ ਭਾਰਤੀ ਟੀਮ ਚੈਂਪੀਅਨ ਬਣੀ। ਜਿਸ ਵਿਚੋਂ ਇੱਕ ਵਾਰ ਉਹ ਕਪਤਾਨ ਸਨ ਅਤੇ ਇਤ ਵਾਰ ਉਪ-ਕਪਤਾਨ। 1975 ਵਿੱਚ ਜਦੋਂ ਭਾਰਤੀ ਟੀਮ ਨੇ ਸੋਨ-ਤਮਗਾ ਜਿੱਤਿਆ ਉਹ ਭਾਰਤੀ ਟੀਮ ਦੇ ਮੈਨੇਜਰ ਸਨ।

ਉਲੰਪਿਕ ਕਮੇਟੀ ਦੁਆਰਾ 2012 ਵਿਚ ਉਲੰਪਿਕ ਦੇ 100 ਸਾਲਾਂ ਦੇ ਇਤਿਹਾਸ ਵਿਚ 16 ਅਜਿਹੇ ਮਹਾਨ ਖਿਡਾਰੀਆਂ ਦੇ ਨਾਮ ਚੁਣੇ ਗਏ, ਜੋ ਕਿ ਉਲੰਪਿਕ ਦਾ ਚਿਹਰਾ ਨੇ, ਉਨ੍ਹਾਂ ਸੋਲਾਂ ਵਿੱਚੋਂ ਬਲਬੀਰ ਸਿੰਘ ਸੀਨੀਅਰ ਇਕੱਲੇ ਹੀ, ਸਿਰਫ ਭਾਰਤੀ ਹੀ ਨਹੀਂ ਸਗੋਂ ਇਕੱਲੇ ਏਸ਼ੀਅਨ ਵੀ ਹਨ।

ਬਲਬੀਰ ਸਿੰਘ ਜੀ ਦੇ ਨਾਲ ਸਮੀਰ ਅਤੇ ਮੈਂ

PunjabKesari

ਉਨ੍ਹਾਂ ਦੀ ਜ਼ਿੰਦਗੀ ਇੱਕ ਹੀਰੋ ਦੀ ਜ਼ਿੰਦਗੀ ਸੀ, ਜੋ ਅੰਤ ਤੱਕ ਇਕ ਚੰਗੇ ਖਿਡਾਰੀ ਵਾਂਗ ਖੇਡਦਾ ਰਿਹਾ। 2 ਦਿਨ ਪਹਿਲਾਂ ਜਦੋਂ ਉਹ ਦਿਨ ਦੁਨੀਆਂ ਵਿਚੋਂ ਚਲੇ ਗਏ ਤਾਂ ਇੰਝ ਨਹੀਂ ਲੱਗਦਾ ਕਿ ਕੋਈ ਬਜ਼ਰੁਗ ਚਲਾ ਗਿਆ, ਸਗੋਂ ਇੰਝ ਲੱਗਦਾ ਜਿਵੇਂ ਇਕ ਨੌਜਵਾਨ ਖਿਡਾਰੀ ਹੀ ਤੁਰ ਗਿਆ ਲੱਗਦੈ। ਆਓ ਉਸ ਨੂੰ ਯਾਦ ਕਰੀਏ। ਉਸ ਦੀ ਕੜਕਦੀ ਜਵਾਨ ਆਵਾਜ਼ ਵਿਚਲੇ ਫ਼ਿਕਰ ਨੂੰ ਪਛਾਣੀਏ ਅਤੇ ਪੰਜ-ਸੱਤ ਨਿਆਣਿਆਂ ਦੇ ਹੱਥ ਹਾਕੀਆਂ ਫੜਾ ਕੇ ਦੱਸੀਏ ਕਿ ਧੀਓ-ਪੁੱਤਰੋ ਹਾਕੀਆਂ ਗੱਡੀਆਂ ਵਿੱਚ ਲੁਕੋਣ ਵਾਲੇ ਹਥਿਆਰ ਨਹੀਂ ਜਾਂ ਮੌਰ-ਸਿਰ ਭੰਨਣ ਵਾਲੀ ਕਈ ਆਮ ਡਾਂਗ ਨਹੀਂ, ਸਗੋਂ ਬਲਬੀਰ ਸਿੰਘ ਸੀਨੀਅਰ ਵਰਗੇ ਖਿਡਾਰੀਆਂ ਦੁਆਰਾ ਵਰਤੀ ਗਈ, ਐਸੀ ਸ਼ੈਅ ਹੈ, ਜਿਨ੍ਹਾਂ ਇਸ ਦੇ ਸਦਕੇ ਪੂਰੀ ਦੁਨੀਆਂ ਨੂੰ ਆਪਣੇ ਮਗਰ ਭਜਾਇਆ। ਖਿੱਦੋ-ਖੂੰਡੀ ਸਾਡੀਆਂ ਪੁਸ਼ਤਾਂ ਤੋਂ ਚੱਲੀ ਆਉਂਦੀ ਸਾਡੀ ਆਪਣੀ ਖੇਡ ਹੈ। ਕਿਧਰੇ ਖੇਡਦੇ ਚਾਰ ਨਿਆਣਿਆਂ ਹੱਥ ਖਿੱਦੋ ਫੜਾਈਏ ਚਾਹੇ ਉਹ ਲੀਰਾਂ ਦੀ ਹੈ, ਕਿਉਂ ਨਾ ਹੋਵੇ। ਇਹੀ ਬਲਬੀਰ ਸਿੰਘ ਹੋਰਾਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ, ਜੋ ਕਿ ਪੰਜਾਬ ਜਾ ਸਪੂਤ ਸੀ, ਹੈ ਅਤੇ ਸਦਾ ਰਹੇਗਾ।

ਛੋਟੇ ਹੁੰਦਿਆਂ ਨੂੰ ਸਕੂਲ ਵਿੱਚ ਮਿਲਿਆ ਆਪਣਾ ਪਹਿਲਾ ਕੱਪ ਦਿਖਾਉਂਦੇ ਹੋਏ ਬਲਬੀਰ ਜੀ 

PunjabKesari

ਤਸਵੀਰਾਂ ਅਤੇ ਯਾਦਾਂ - ਜੱਸੀ ਸੰਘਾ
ਮੋਬਾਈਨ - 918320329556
ਈ-ਮੇਲ - sanghajassi@gmail.com


author

rajwinder kaur

Content Editor

Related News