ਰਾਜੇਵਾਲ ਦਾ ਵੱਡਾ ਐਲਾਨ, ਕਿਸਾਨ ਕੱਲ ਤੋਂ ਨਜਾਇਜ਼ ਰੇਤੇ ਨਾਲ ਭਰੇ ਟਰੱਕ ਤੇ ਟਿੱਪਰ ਰੋਕਣਗੇ

Monday, Jun 06, 2022 - 04:13 PM (IST)

ਰਾਜੇਵਾਲ ਦਾ ਵੱਡਾ ਐਲਾਨ, ਕਿਸਾਨ ਕੱਲ ਤੋਂ ਨਜਾਇਜ਼ ਰੇਤੇ ਨਾਲ ਭਰੇ ਟਰੱਕ ਤੇ ਟਿੱਪਰ ਰੋਕਣਗੇ

ਚੰਡੀਗੜ੍ਹ/ਸਮਰਾਲਾ (ਗਰਗ) : ਸੰਯੁਕਤ ਸਮਾਜ ਮੋਰਚੇ ਦੇ ਆਗੂ ਅਤੇ ਬੀ.ਕੇ.ਯੂ. (ਰਾਜੇਵਾਲ) ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬ ’ਚ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਅੱਜ ਇਕ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਕੱਲ ਤੋਂ ਸੂਬੇ ਭਰ ਵਿਚ ਉਨ੍ਹਾਂ ਦੀ ਜਥੇਬੰਦੀ ਵੱਲੋਂ ਰੇਤੇ ਦੇ ਭਰੇ ਟਰੱਕਾਂ ਅਤੇ ਟਿੱਪਰਾਂ ਨੂੰ ਰੋਕਿਆ ਜਾਵੇਗਾ ਅਤੇ ਨਜਾਇਜ਼ ਮਾਈਨਿੰਗ ਕਰਵਾ ਰਹੇ ਅਧਿਕਾਰੀਆਂ ’ਤੇ ਪਰਚੇ ਦਰਜ ਕਰਵਾਏ ਜਾਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜਥੇਬੰਦੀ ਦੇ ਕਾਰਕੁੰਨ ਕਾਬੂ ਕੀਤੇ ਜਾਣ ਵਾਲੇ ਟਰੱਕ/ਟਿੱਪਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਵਾਉਣਗੇ ਅਤੇ ਉਨ੍ਹਾਂ ਦਾ ਇਹ ਅੰਦੋਲਨ ਸਿਰਫ ਭ੍ਰਿਸ਼ਟ ਅਧਿਕਾਰੀਆਂ ਅਤੇ ਰਾਜਸੀ ਆਗੂਆਂ ਦੀ ਜੁੰਡਲੀ ਖ਼ਿਲਾਫ਼ ਹੀ ਹੋਵੇਗਾ।

ਰਾਜੇਵਾਲ ਨੇ ਪੰਜਾਬ ਦੇ ਵੱਖ-ਵੱਖ ਪਿੰਡਾਂ ’ਚ ਮਾਈਨਿੰਗ ਐਕਟ ਦੀ ਆੜ ਵਿਚ ਕਿਸਾਨਾਂ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣ ਦੀਆਂ ਘਟਨਾਵਾਂ ਦਾ ਵੀ ਸਖ਼ਤ ਨੋਟਿਸ ਲੈਂਦਿਆ ਕਿਹਾ ਕਿ ਜਿਹੜੇ ਅਧਿਕਾਰੀ ਆਪਣੇ ਖੇਤ ’ਚੋਂ ਘਰ ਦਾ ਭਰਤ ਪਾਉਣ ਲਈ ਮਿੱਟੀ ਚੁੱਕ ਰਹੇ ਕਿਸਾਨਾਂ ਨੂੰ ਡਰਾ-ਧਮਕਾ ਰਹੇ ਹਨ, ਉਨ੍ਹਾਂ ਖ਼ਿਲਾਫ਼ ਜਥੇਬੰਦੀ ਨੇ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਸੰਗਰੂਰ ਦੇ ਮਾਝਾ ਪਿੰਡ ਦੀ ਮਿਸਾਲ ਦਿੰਦਿਆ ਕਿਹਾ ਕਿ ਉੱਥੋਂ ਦਾ ਇਕ ਕਿਸਾਨ ਆਪਣੇ ਘਰ ਲਈ ਭਰਤ ਦੀ ਮਿੱਟੀ ਖੇਤ ਵਿਚੋਂ ਪੁੱਟ ਰਿਹਾ ਸੀ ਪਰ ਅਧਿਕਾਰੀ ਉਸ ਨੂੰ ਡਰਾਉਂਦੇ-ਧਮਕਾਉਂਦੇ ਹੋਏ ਉਸ ’ਤੇ ਪਰਚਾ ਦਰਜ ਕਰਨ ਦੀ ਧਮਕੀ ਦੇ ਰਹੇ ਹਨ। ਜਦਕਿ ਉਹ ਕਾਨੂੰਨ ਮੁਤਾਬਕ ਮਿੱਟੀ ਆਪਣੇ ਹੀ ਖੇਤ ਵਿਚੋਂ ਚੁੱਕ ਰਿਹਾ ਸੀ।

ਹਲਕਾ ਸਮਰਾਲਾ ’ਚ ਵੀ ਅਧਿਕਾਰੀਆਂ ਅਤੇ ਰਾਜਸੀ ਆਗੂਆਂ ਦੀ ਮਿਲੀਭੁਗਤ ਨਾਲ ਵੱਡੇ ਪੱਧਰ ’ਤੇ ਰਾਤ ਦੇ ਹਨੇਰੇ ਵਿਚ ਨਜਾਇਜ਼ ਮਾਈਨਿੰਗ ਹੋਣ ਦੇ ਦੋਸ਼ ਲਗਾਉਂਦੇ ਹੋਏ ਰਾਜੇਵਾਲ ਨੇ ਆਖਿਆ ਕਿ ਸ਼ਰੇਆਮ ਟਰੱਕਾਂ ਦੇ ਟਰੱਕ ਨਜਾਇਜ਼ ਤੌਰ ’ਤੇ ਰੇਤੇ ਦੀ ਭਰਾਈ ਇਥੇ ਕੀਤੀ ਜਾ ਰਹੀ ਹੈ। ਪ੍ਰੰਤੂ ਦੂਜੇ ਪਾਸੇ ਆਮ ਕਿਸਾਨਾਂ ਨੂੰ ਆਪਣੇ ਹੀ ਖੇਤ ਵਿਚੋਂ ਇਕ ਇੰਚ ਵੀ ਫਾਲਤੂ ਮਿੱਟੀ ਚੁੱਕਣ ’ਤੇ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਰਾਜੇਵਾਲ ਨੇ ਆਖਿਆ ਕਿ ਪੰਜਾਬ ਦੇ ਲੋਕ ਹੁਣ ਹੋਰ ਬਰਦਾਸ਼ਤ ਨਹੀਂ ਕਰਨਗੇ ਅਤੇ ਉਨਾਂ ਦੀ ਜਥੇਬੰਦੀ ਨੇ ਫੈਸਲਾ ਕੀਤਾ ਹੈ, ਕਿ ਕੱਲ ਤੋਂ ਪੰਜਾਬ ਭਰ ਵਿੱਚ ਅੰਦੋਲਨ ਸ਼ੁਰੂ ਕਰਦੇ ਹੋਏ ਨਜਾਇਜ਼ ਮਾਈਨਿੰਗ ਕਰਵਾ ਰਹੇ ਅਧਿਕਾਰੀਆਂ ਅਤੇ ਆਗੂਆਂ ਖਿਲਾਫ਼ ਪੁਲਸ ਕੇਸ ਦਰਜ਼ ਕਰਵਾਏ ਜਾਣ।

 


author

Gurminder Singh

Content Editor

Related News