ਬਲਬੀਰ ਸਿੱਧੂ ਦੇ ਹੁਕਮਾਂ 'ਤੇ ਸਿਹਤ ਬੀਮਾ ਯੋਜਨਾ ਦੇ 37 ਈ-ਕਾਰਡ ਰੱਦ
Tuesday, Jan 07, 2020 - 10:12 AM (IST)

ਚੰਡੀਗੜ੍ਹ : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਸੂਬੇ ਦੀ ਸਿਹਤ ਏਜੰਸੀ ਵੱਲੋਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜਾਰੀ ਕੀਤੇ 37 ਜਾਅਲੀ ਈ-ਕਾਰਡ ਰੱਦ ਕੀਤੇ ਗਏ ਹਨ। ਅਜਿਹੇ ਕਾਰਡ ਜਾਰੀ ਕਰਨ 'ਚ ਕਥਿਤ ਬੇਨਿਯਮੀਆਂ ਦਾ ਸਖ਼ਤ ਨੋਟਿਸ ਲੈਂਦਿਆਂ ਬਲਬੀਰ ਸਿੰਘ ਸਿੱਧੂ ਨੇ ਸਿਵਲ ਸਰਜਨਾਂ ਨੂੰ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਆਉਂਦੇ ਕਾਮਨ ਸਰਵਿਸ ਸੈਂਟਰਾਂ ਦੀ ਪੂਰੀ ਪੜਤਾਲ ਕਰਨ ਦੇ ਨਿਰਦੇਸ਼ ਦਿੱਤੇ।
ਫਤਿਹਗੜ੍ਹ ਸਾਹਿਬ ਵਿਖੇ ਜਾਅਲੀ ਕਾਰਡ ਮਿਲਣ 'ਤੇ ਉਨ੍ਹਾਂ ਫਰਜ਼ੀ ਲਾਭਪਾਤਰੀਆਂ ਦਾ ਪਤਾ ਲਾਉਣ ਲਈ ਸੂਬੇ ਭਰ ਦੇ ਸਾਰੇ ਕੇਂਦਰਾਂ ਦੀ ਵਿਆਪਕ ਆਡਿਟ ਜਾਂਚ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਸਿਹਤ ਮੰਤਰੀ ਨੇ ਕਿਹਾ ਕਿ ਜ਼ਿਲਾ ਸਿਹਤ ਅਥਾਰਟੀਆਂ ਵੱਲੋਂ ਕਾਮਨ ਸਰਵਿਸ ਸੈਂਟਰ (ਸੀ. ਐਸ. ਸੀ.) ਦੇ ਗ੍ਰਾਮ ਪੱਧਰੀ ਉੱਦਮੀ (ਵੀ. ਐਲ. ਈ.) ਜਿਨ੍ਹਾਂ ਨੇ ਲਾਗਇਨ ਆਈ. ਡੀ. ਤੋਂ ਇਹ ਗਲਤ ਕਾਰਡ ਤਿਆਰ ਕੀਤੇ ਗਏ ਹਨ, ਵਿਰੁੱਧ ਵੀ ਕਾਨੂੰਨੀ ਕਾਰਵਾਈ ਆਰੰਭੀ ਗਈ ਹੈ।
ਇਹਤਿਆਤ ਵਜੋਂ, ਸਿਹਤ ਮੰਤਰੀ ਨੇ ਫਤਿਹਗੜ੍ਹ•ਸਾਹਿਬ ਦੇ ਕਾਮਨ ਸਰਵਿਸ ਸੈਂਟਰਾਂ ਵਿਖੇ ਈ-ਕਾਰਡ ਜਾਰੀ ਕਰਨ ਦੀ ਪ੍ਰਕਿਰਿਆ 'ਤੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਹੈ। ਸਿੱਧੂ ਨੇ ਕਿਹਾ ਕਿ ਸਿਹਤ ਯੋਜਨਾ 'ਚ ਕਿਸੇ ਵੀ ਪੱਧਰ 'ਤੇ ਕੀਤੀ ਗਈ ਅਣਗਹਿਲੀ ਤੇ ਜਾਅਲਸਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਵਿਅਕਤੀ ਤੇ ਸੰਸਥਾ ਕਿਸੇ ਮਾਮਲੇ 'ਚ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ।