ਬਲਬੀਰ ਸਿੱਧੂ ਵਲੋਂ ਪੁਲਸ ਮੁਲਾਜ਼ਮਾਂ ''ਤੇ ਹੋਏ ਘਾਤਕ ਹਮਲੇ ਦੀ ਨਿੰਦਾ
Sunday, Apr 12, 2020 - 09:22 PM (IST)

ਚੰਡੀਗੜ੍ਹ, (ਸ਼ਰਮਾ)— ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੱਧੂ ਨੇ ਐਤਵਾਰ ਨੂੰ ਪਟਿਆਲਾ ਦੀ ਸਬਜ਼ੀ ਮੰਡੀ ਵਿਖੇ ਕਰਫਿਊ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਚੌਕੀ 'ਤੇ ਤਾਇਨਾਤ ਪੁਲਸ ਅਧਿਕਾਰੀਆਂ 'ਤੇ ਹੋਏ“ਵਹਿਸ਼ੀ ਹਮਲੇ”ਦੀ ਨਿਖੇਧੀ ਕੀਤੀ ਹੈ। ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੇ ਪੁਲਸ ਅਧਿਕਾਰੀਆਂ ਦੇ ਨਾਲ ਪੂਰੀ ਇਕਜੁੱਟਤਾ ਨਾਲ ਖੜ੍ਹੀ ਹੈ, ਜੋ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਾਡੀ ਸੁਰੱਖਿਆ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਹਮਲੇ ਕੁਝ ਸਮਾਜਿਕ ਅਨਸਰਾਂ ਵੱਲੋਂ ਸਾਡੇ ਪੁਲਸ ਅਧਿਕਾਰੀਆਂ 'ਤੇ ਅਣਮਨੁੱਖੀ ਹਿੰਸਾ ਨੂੰ ਦਰਸਾਉਂਦਾ ਹੈ ਜਦੋਂ ਕਿ ਪੁਲਸ ਅਧਿਕਾਰੀ ਸਮਾਜਕ ਦੂਰੀ ਅਤੇ ਕਰਫਿਊ ਨੂੰ ਯਕੀਨੀ ਬਣਾਉਣ ਲਈ ਆਪਣਾ ਫਰਜ਼ ਨਿਭਾ ਰਹੇ ਸਨ। ਪੁਲਸ ਅਧਿਕਾਰੀਆਂ ਨੂੰ ਗੰਭੀਰ ਰੂਪ 'ਚ ਜ਼ਖਮੀ ਹੋਣ ਕਾਰਣ ਤੁਰੰਤ ਐਮਰਜੈਂਸੀ ਸਰਜਰੀ ਲਈ ਹਸਪਤਾਲ ਲਿਜਾਇਆ ਗਿਆ। ਸਿਹਤ ਮੰਤਰੀ ਨੇ ਕਿਹਾ ਕਿ ਹਿੰਸਾ ਦੀ ਇਹ ਘਿਨੌਣੀ ਕਾਰਵਾਈ, ਜੋ ਕਿ ਵਿਸ਼ੇਸ਼ ਤੌਰ 'ਤੇ ਪੁਲਸ ਅਧਿਕਾਰੀਆਂ ਵਿਰੁੱਧ ਕੀਤੀ ਗਈ, ਜਿਸ 'ਚ ਕਈ ਪੁਲਸ ਅਧਿਕਾਰੀ ਬਹੁਤ ਗੰਭੀਰ ਜ਼ਖਮੀ ਹੋਏ, ਪੂਰੀ ਤਰ੍ਹਾਂ ਗ਼ੈਰ ਮਨੁੱਖੀ ਅਸਹਿਣਯੋਗ ਹੈ ਅਤੇ ਅਜਿਹੀ ਕੋਈ ਵੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ।