ਕਾਂਗਰਸ ਪ੍ਰਧਾਨ ਨਾਲੋਂ ਮੁੱਖ ਮੰਤਰੀ ਦਾ ਰੁਤਬਾ ਉੱਚਾ : ਬਲਬੀਰ ਸਿੱਧੂ
Monday, Sep 06, 2021 - 03:28 PM (IST)
ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਾਡੀ ਪਾਰਟੀ ਦੇ ਪ੍ਰਧਾਨ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਅਤੇ ਮੁੱਖ ਮੰਤਰੀ ਦਾ ਰੁਤਬਾ ਉੱਚਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਹੀ ਰਲ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਲੜ ਕੇ ਮੁੜ ਕਾਂਗਰਸ ਦੀ ਸਰਕਾਰ ਸੱਤਾ ਵਿਚ ਲਿਆਉਣਗੇ। ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਰੁਤਬਾ ਉੱਚਾ ਕਰ ਇਹ ਇਸ਼ਾਰਾ ਦੇ ਦਿੱਤਾ ਕਿ 2022 ਦੀਆਂ ਚੋਣਾਂ ਉਨ੍ਹਾਂ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ। ਕੈਬਨਿਟ ਮੰਤਰੀ ਸਿੱਧੂ ਅੱਜ ਮਾਛੀਵਾੜਾ ਵਿਖੇ ਬਣੇ ਇੰਪਰੂਵਮੈਂਟ ਟਰੱਸਟ ਦੇ ਪਹਿਲੇ ਚੇਅਰਮੈਨ ਸ਼ਕਤੀ ਆਨੰਦ ਦੇ ਤਾਜਪੋਸ਼ੀ ਸਮਾਰੋਹ ’ਚ ਸ਼ਮੂਲੀਅਤ ਕਰਨ ਲਈ ਆਏ ਸਨ।
ਇਹ ਵੀ ਪੜ੍ਹੋ : ਜਨਾਨੀ ਦੀ ਚਿਖ਼ਾ ਤੋਂ ਅਸਥੀਆਂ ਚੁਗਣ ਗਿਆ ਪਰਿਵਾਰ ਰਹਿ ਗਿਆ ਹੱਕਾ-ਬੱਕਾ, ਜਾਣੋ ਅਜਿਹਾ ਕੀ ਹੋਇਆ
ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਸਰਕਾਰ ਆਪਣੇ ਕਾਰਜਕਾਲ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਅਤੇ ਪੂਰੇ ਕੀਤੇ ਵਾਅਦਿਆਂ ਦੇ ਆਧਾਰ ’ਤੇ ਲੜੇਗੀ। ਕਿਸਾਨੀ ਮੁੱਦਿਆਂ ’ਤੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਪੱਖ ਸਪੱਸ਼ਟ ਹੈ ਕਿ ਉਹ ਕਾਲੇ ਕਾਨੂੰਨਾਂ ਖ਼ਿਲਾਫ਼ ਹੈ ਅਤੇ ਇਸ ਨੂੰ ਰੱਦ ਕਰਵਾਉਣ ਲਈ ਉਨ੍ਹਾਂ ਕਿਸਾਨੀ ਸੰਘਰਸ਼ ਦਾ ਡਟ ਕੇ ਸਾਥ ਦਿੱਤਾ ਅਤੇ ਆਉਣ ਵਾਲੇ ਸਮੇਂ ਵਿਚ ਵੀ ਜਦ ਤੱਕ ਕਾਨੂੰਨ ਰੱਦ ਨਹੀਂ ਹੁੰਦਾ, ਉਹ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਜਿੱਥੇ 5 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ, ਉੱਥੇ ਸਰਕਾਰੀ ਨੌਕਰੀ ਵੀ ਦਿੱਤੀ। ਮੁਜ਼ੱਫ਼ਰਨਗਰ ਵਿਖੇ ਹੋਈ ਕਿਸਾਨ ਮਹਾਂ ਪੰਚਾਇਤ ’ਤੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸਿੱਧੂ ਨੇ ਕਿਹਾ ਕਿ ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਰਫ ਦੋ ਸ਼ਬਦ ਕਿ ਇਹ ਕਾਨੂੰਨ ਰੱਦ ਕੀਤੇ ਗਏ, ਕਹਿ ਦੇਣੇ ਚਾਹੀਦੇ ਹਨ ਅਤੇ ਇਨ੍ਹਾਂ ਸ਼ਬਦਾਂ ਨਾਲ ਦੇਸ਼ ਵਿਚ ਬਿਲਕੁਲ ਸ਼ਾਂਤੀ ਵਾਲਾ ਮਾਹੌਲ ਪੈਦਾ ਹੋ ਜਾਵੇਗਾ।
ਕੋਈ ਕੈਬਨਿਟ ਮੰਤਰੀ ਨਾਰਾਜ਼ ਨਹੀਂ
ਪੱਤਰਕਾਰਾਂ ਵੱਲੋਂ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਦੀ ਸਰਕਾਰ ਦੇ 4 ਕੈਬਨਿਟ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ ਚੱਲਦੇ ਹਨ ਤਾਂ ਉਨ੍ਹਾਂ ਸਪੱਸ਼ਟ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਕੋਈ ਵੀ ਮੰਤਰੀ ਨਾਰਾਜ਼ ਨਹੀਂ, ਸਾਰੇ ਇੱਕਜੁਟ ਹੋ ਕੇ ਚੋਣਾਂ ਲੜਨਗੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅੱਜ ਤੋਂ ਪੰਜਾਬ ਦੀਆਂ ਸੜਕਾਂ 'ਤੇ ਨਹੀਂ ਚੱਲਣਗੀਆਂ ਪਨਬੱਸ ਤੇ PRTC ਦੀਆਂ ਬੱਸਾਂ
ਸਮਰਾਲਾ ਵਿਖੇ ਜੱਚਾ-ਬੱਚਾ ਕੇਂਦਰ ਅਤੇ ਮਾਛੀਵਾੜਾ ਦੀਆਂ 3 ਡਿਸਪੈਂਸਰੀਆਂ ਨੂੰ ਮੁੱਢਲੇ ਸਿਹਤ ਕੇਂਦਰ ਬਣਾਉਣ ਦਾ ਐਲਾਨ
ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਵਲੋਂ ਉਨ੍ਹਾਂ ਦੇ ਇਲਾਕੇ ਵਿਚ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਵਾਂ ਦੇਣ ਦਾ ਮੁੱਦਾ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅੱਗੇ ਚੁੱਕਿਆ ਗਿਆ, ਜਿਸ ’ਤੇ ਮੰਤਰੀ ਨੇ ਮੰਚ ’ਤੇ ਹੀ ਐਲਾਨ ਕੀਤਾ ਕਿ ਉਹ ਸਮਰਾਲਾ ਵਿਖੇ 30 ਬਿਸਤਰਿਆਂ ਵਾਲਾ ਇੱਕ ਜੱਚਾ-ਬੱਚਾ ਕੇਂਦਰ ਬਣਾਉਣਗੇ, ਜਿੱਥੇ ਮਾਹਿਰ ਡਾਕਟਰਾਂ ਨਾਲ ਸਾਰੀਆਂ ਸਿਹਤ ਸਹੂਲਤਾਵਾਂ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮਾਛੀਵਾੜਾ ਇਲਾਕੇ ਦੀਆਂ 3 ਡਿਸਪੈਂਸਰੀਆਂ ਜਿਨ੍ਹਾਂ ਵਿਚ ਹੰਬੋਵਾਲ, ਪੰਜਗਰਾਈਆਂ ਅਤੇ ਝਾੜ ਸਾਹਿਬ ਨੂੰ ਵਿਕਸਿਤ ਕਰ ਮੁੱਢਲਾ ਸਿਹਤ ਕੇਂਦਰ ਬਣਾਇਆ ਜਾਵੇਗਾ, ਜਿਸ ਲਈ ਇਮਾਰਤ ਤੇ ਮਾਹਿਰ ਡਾਕਟਰਾਂ ਦਾ ਪ੍ਰਬੰਧ ਸਰਕਾਰ ਵੱਲੋਂ ਜਲਦ ਹੀ ਕਰਵਾ ਦਿੱਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ