ਬਲਬੀਰ ਰਾਜੇਵਾਲ ਦਾ ਦਾਅਵਾ: ਮੈਨੂੰ ਧੱਕੇ ਨਾਲ ਲੜਵਾਈ ਗਈ ਵਿਧਾਨ ਸਭਾ ਚੋਣ

Monday, Apr 03, 2023 - 11:24 AM (IST)

ਬਲਬੀਰ ਰਾਜੇਵਾਲ ਦਾ ਦਾਅਵਾ: ਮੈਨੂੰ ਧੱਕੇ ਨਾਲ ਲੜਵਾਈ ਗਈ ਵਿਧਾਨ ਸਭਾ ਚੋਣ

ਚੰਡੀਗੜ੍ਹ (ਰਮਨਜੀਤ ਸਿੰਘ) : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਇਕ ਸਾਲ ਬਾਅਦ ਦਾਅਵਾ ਕੀਤਾ ਕਿ ਉਨ੍ਹਾਂ ਨੂੰ 2022  ਵਿਧਾਨ ਸਭਾ ਚੋਣ ਜ਼ਬਰਦਸਤੀ ਲੜਵਾਈ ਗਈ ਸੀ ਅਤੇ ਚੋਣ ਲੜਵਾਉਣ ਵਾਲੇ ਖ਼ੁਦ ਪੈਰ ਪਿੱਛੇ ਖਿੱਚ ਗਏ ਸਨ। 

ਇਹ ਵੀ ਪੜ੍ਹੋ : ਹੁਣ ਇੰਟਰਨੈੱਟ ਦੇ ਰਸਤੇ ਅੰਮ੍ਰਿਤਪਾਲ ਦੀ ਹੋ ਰਹੀ ਭਾਲ, ਸਾਹਮਣੇ ਆਈ ਇਹ ਗੱਲ 

ਹੋਰ ਕਿਸਾਨ ਜੱਥੇਬੰਦੀਆਂ ਦੇ ਨਾਲ ਮੇਲ-ਮਿਲਾਪ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਬਲਬੀਰ ਰਾਜੇਵਾਲ ਨੇ ਕਿਹਾ ਕਿ ਮਤਭੇਦ ਦਾ ਕਾਰਨ ਉਨ੍ਹਾਂ ਦਾ ਚੋਣ ਲੜਨਾ ਹੈ, ਜਦੋਂ ਕਿ 2022  ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਜ਼ਬਰਦਸਤੀ ਲੜਵਾਇਆ ਗਿਆ ਸੀ ਅਤੇ ਲੜਵਾਉਣ ਵਾਲੇ ਖ਼ੁਦ ਪੈਰ ਪਿੱਛੇ ਖਿੱਚ ਗਏ ਸਨ। ਉਨ੍ਹਾਂ ਕਿਹਾ ਕਿ ਮੇਰੇ ਚੋਣ ਲੜਨ ’ਤੇ ਸਵਾਲ ਚੁੱਕਣ ਵਾਲੇ ਖ਼ੁਦ ਵੀ ਤਾਂ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਨਾਲ ਪੱਕੇ ਤੌਰ ’ਤੇ ਜੁੜੇ ਹੋਏ ਹਨ, ਇਸ ਲਈ ਉਹ ਸਿਰਫ਼ ਕਿਸਾਨੀ ਮੁੱਦਿਆਂ ਨੂੰ ਲੈ ਕੇ ਹਰ ਮਾਮਲੇ ਵਿਚ ਇਕੱਠੇ ਹੋ ਕੇ ਚੱਲਣਗੇ, ਬਾਕੀ ਅਜੇ ਚਰਚਾ ਚੱਲ ਰਹੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਮਾਮਲੇ 'ਚ ਇਕ ਹੋਰ ਵੱਡਾ ਖ਼ੁਲਾਸਾ, ਹੋ ਸਕਦੀ ਹੈ ਸੀ. ਬੀ. ਆਈ. ਜਾਂਚ

ਇਸ ਤੋਂ ਇਲਾਵਾ ਪੱਤਰਕਾਰਾਂ ਨਾਲ ਗੱਲ ਕਰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਸੂਬਾ ਸਰਕਾਰ ਵਲੋਂ ਬੇਮੌਸਮੇ ਮੀਂਹ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਲਈ ਐਲਾਨੀ ਮੁਆਵਜ਼ਾ ਰਾਸ਼ੀ ਨੂੰ ਘੱਟ ਦੱਸਿਆ ਹੈ। ਰਾਜੇਵਾਲ ਨੇ ਕਿਹਾ ਕਿ ਆਰਥਿਕ ਅੰਕੜਿਆਂ ਅਤੇ ਮੌਜੂਦਾ ਮਹਿੰਗਾਈ ਦੀ ਦਰ ਦੇ ਹਿਸਾਬ ਨਾਲ ਸੂਬਾ ਸਰਕਾਰ ਵਲੋਂ ਐਲਾਨੇ ਗਏ 15 ਹਜ਼ਾਰ ਰੁਪਏ ਬਹੁਤ ਹੀ ਘੱਟ ਹਨ, ਸਗੋਂ ਇਹ 50 ਹਜ਼ਾਰ ਰੁਪਏ ਪ੍ਰਤੀ ਏਕੜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 50 ਸਾਲ ਪਹਿਲਾਂ ਸਾਨੂੰ ਫ਼ਸਲ ਖ਼ਰਾਬ ਹੋਣ ’ਤੇ ਮੁਆਵਜ਼ੇ ਦੇ ਤੌਰ ’ਤੇ 5 ਹਜ਼ਾਰ ਰੁਪਏ ਪ੍ਰਤੀ ਏਕੜ ਮਿਲਦੇ ਸਨ, ਉਸ ਹਿਸਾਬ ਨਾਲ ਦੇਖੀਏ ਤਾਂ 15 ਹਜ਼ਾਰ ਰੁਪਏ ਕੁੱਝ ਵੀ ਨਹੀਂ ਹੈ ਅਤੇ ਸਰਕਾਰ ਇਸ ਦਾ ਐਲਾਨ ਕਰਕੇ ਇਹ ਸਮਝ ਰਹੀ ਹੈ ਕਿ ਬਹੁਤ ਵੱਡੀ ਗੱਲ ਕਰ ਦਿੱਤੀ।

ਇਹ ਵੀ ਪੜ੍ਹੋ : ਨਵੀਆਂ ਬਿਜਲੀ ਦਰਾਂ ਨੂੰ ਲੈ ਕੇ ਰੈਗੂਲੇਟਰੀ ਕਮਿਸ਼ਨ ਦਾ ਵੱਡਾ ਫ਼ੈਸਲਾ

ਰਾਜੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਬਿਆਨ ਦੇ ਰਹੇ ਹਨ ਕਿ ਛੇਤੀ ਤੋਂ ਛੇਤੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇਗਾ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਨੁਕਸਾਨ ਦਾ ਮੁੱਲਾਂਕਣ ਕਰਨ ਲਈ ਗਿਰਦਾਵਰੀ ਹੋ ਹੀ ਨਹੀਂ ਰਹੀ ਹੈ। ਰਾਜੇਵਾਲ ਨੇ ਦਾਅਵਾ ਕੀਤਾ ਕਿ ਸੂਬਾ ਸਰਕਾਰ ਦੇ ਮਾਲ ਵਿਭਾਗ ਵਿਚ ਸਟਾਫ਼ ਦੀ ਘਾਟ ਦਾ ਅਜਿਹਾ ਹਾਲ ਹੈ ਕਿ ਜਿਨ੍ਹਾਂ ਪਟਵਾਰੀਆਂ ਨੇ ਗਿਰਦਾਵਰੀ ਕਰਨੀ ਹੈ, ਉਨ੍ਹਾਂ ਦੇ ਅਹੁਦੇ ਹੀ 75 ਫ਼ੀਸਦੀ ਤਕ ਖ਼ਾਲੀ ਪਏ ਹਨ। ਇਸ ਕਾਰਨ ਇਕ-ਇਕ ਪਟਵਾਰੀ ਕੋਲ 2 ਤੋਂ ਲੈ ਕੇ 4 ਸਰਕਲਾਂ ਤੱਕ ਦਾ ਕੰਮ ਹੈ, ਜਿਸ ਤੋਂ ਆਪਣੇ-ਆਪ ਹੀ ਅੰਦਾਜ਼ਾ ਲੱਗ ਸਕਦਾ ਹੈ ਕਿ ਇੰਨੇ ਪਿੰਡਾਂ ਦੇ ਫ਼ਸਲ ਸਬੰਧੀ ਨੁਕਸਾਨ ਦਾ ਅੰਦਾਜਾ ਕਿਵੇਂ ਲੱਗ ਸਕਦਾ ਹੈ।

ਇਹ ਵੀ ਪੜ੍ਹੋ :  ਕੁੰਵਰ ਵਿਜੇ ਪ੍ਰਤਾਪ ਨੇ ਬਹਿਬਲ ਕਲਾਂ ਕਾਂਡ ਦੀ ਜਾਂਚ 'ਤੇ ਮੁੜ ਚੁੱਕੇ ਸਵਾਲ

ਰਾਜੇਵਾਲ ਨੇ ਕਿਹਾ ਕਿ ਸਰਕਾਰਾਂ ਨੂੰ ਤੁਰੰਤ ਇਸ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਤੁਰੰਤ ਕਦਮ ਚੁੱਕਦਿਆਂ ਫ਼ਸਲ ਨੁਕਸਾਨ ਦੇ ਕਾਰਨ ਕਿਸਾਨਾਂ ਦੀ ਟੁੱਟੀ ਹੋਈ ਕਮਰ ਦਾ ਸਹਾਰਾ ਬਣਨਾ ਚਾਹੀਦਾ ਹੈ। ਅਜਿਹਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਵੱਡੇ ਪੱਧਰ ’ਤੇ ਹੋਏ ਨੁਕਸਾਨ ਕਾਰਨ ਖ਼ੁਦਕੁਸ਼ੀਆਂ ਵਧਣ ਦੀ ਵੀ ਸ਼ੰਕਾ ਹੈ। ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਬੇਮੌਸਮੇ ਮੀਂਹ ਕਾਰਨ ਨਾ ਸਿਰਫ਼ ਮੁੱਖ ਫ਼ਸਲ ਕਣਕ ਦਾ ਨੁਕਸਾਨ ਹੋਇਆ ਹੈ, ਸਗੋਂ ਕਣਕ ਤੋਂ ਇਲਾਵਾ ਸਬਜ਼ੀਆਂ, ਮੱਕੀ, ਆਲੂ ਅਤੇ ਬਾਜਰੇ ਦੀਆਂ ਫ਼ਸਲਾਂ ਨੂੰ ਵੀ ਨੁਕਸਾਨ ਹੋਇਆ ਹੈ। ਇਸ ਕਾਰਨ ਇਸ ਦਾ ਸਿਰਫ਼ ਖੇਤੀਬਾੜੀ ਖੇਤਰ ’ਤੇ ਹੀ ਅਸਰ ਨਹੀਂ ਪਵੇਗਾ, ਸਗੋਂ ਇਸ ਨਾਲ ਉਦਯੋਗ ਅਤੇ ਸਰਵਿਸ ਸੈਕਟਰ ਵੀ ਪ੍ਰਭਾਵਿਤ ਹੋਵੇਗਾ।

ਇਹ ਵੀ ਪੜ੍ਹੋ :  CM ਭਗਵੰਤ ਮਾਨ ਨੇ ਇਸ ਮਾਮਲੇ 'ਚ ਤੋੜਿਆ ਸਾਬਕਾ ਮੁੱਖ ਮੰਤਰੀਆਂ ਦਾ ਰਿਕਾਰਡ

ਨੋਟ - ਬਲਬੀਰ ਰਾਜੇਵਾਲ ਦੇ ਬਿਆਨ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

 


author

Harnek Seechewal

Content Editor

Related News