ਵਿਦੇਸ਼ੀ ਵੀ ਹੋਏ ਪੰਜਾਬ ਦੇ ਖ਼ੁਰਾਕ ਉਤਪਾਦਾਂ ਦੇ ਮੁਰੀਦ

Thursday, Jan 23, 2025 - 12:25 PM (IST)

ਵਿਦੇਸ਼ੀ ਵੀ ਹੋਏ ਪੰਜਾਬ ਦੇ ਖ਼ੁਰਾਕ ਉਤਪਾਦਾਂ ਦੇ ਮੁਰੀਦ

ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ ’ਚ ਤਿਆਰ ਖ਼ੁਰਾਕੀ ਉਤਪਾਦਾਂ ਦੀ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਮੰਗ ਬਹੁਤ ਜ਼ਿਆਦਾ ਵੱਧ ਗਈ ਹੈ। ਇਹ ਕਹਿਣਾ ਹੈ ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਦਾ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇੱਥੋਂ ਦੀ ਬਾਸਮਤੀ ਦੁਨੀਆ ਭਰ ’ਚ ਮਸ਼ਹੂਰ ਹੈ। ਇਸ ਦੀ ਅਮਰੀਕਾ ਤੇ ਕੈਨੇਡਾ ’ਚ ਬਹੁਤ ਜ਼ਿਆਦਾ ਮੰਗ ਹੈ। ਹੁਣ ਸਾਊਦੀ ਅਰਬ ਵਾਲੇ ਵੀ ਪੰਜਾਬ ਦੀ ਬਾਸਮਤੀ ਮੰਗ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ 50 ਦਿਨਾਂ ’ਚ ਘੱਟੋ-ਘੱਟ 31 ਸ਼ਹਿਰਾਂ ਤੇ 9 ਮੁਲਕਾਂ ਚ ਘੁੰਮ ਕੇ ਆਏ ਹਨ, ਜਿੱਥੇ ਸਾਡੇ ਬਣਾਏ ਸਾਮਾਨ ਦੀ ਚਰਚਾ ਹੋਈ। ਉਨ੍ਹਾਂ ਕਿਹਾ ਕਿ ਸਕੂਲਾਂ ’ਚ ਬੱਚਿਆਂ ਨੂੰ ਦਿੱਤੇ ਜਾ ਰਹੇ ਭੋਜਨ ਦੀ ਗੁਣਵੱਤਾ ’ਤੇ ਪੂਰੀ ਗੰਭੀਰਤਾ ਨਾਲ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਖ਼ੁਦ ਸਕੂਲਾਂ ’ਚ ਬੱਚਿਆਂ ’ਚ ਬੈਠ ਕੇ ਖਾਣਾ ਖਾਧਾ ਹੈ। ਉਨ੍ਹਾਂ ਨੂੰ ਪੌਸ਼ਟਿਕ, ਤਾਜ਼ਾ ਤੇ ਗਰਮ ਭੋਜਨ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਨੂੰ ਕਿੰਨੂ ਤੇ ਕੇਲੇ ਜਿਹੇ ਫਲ ਮਿਲ ਰਹੇ ਹਨ। ਛੇਤੀ ਹੀ ਉਨ੍ਹਾਂ ਨੂੰ ਦੇਸੀ ਘਿਓ ਤੋਂ ਤਿਆਰ ਹਲਵਾ ਦੇਣ ਦੀ ਤਿਆਰੀ ਹੈ। ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ’ਚ ਅਨੀਮੀਆ ਨਾ ਹੋਵੇ, ਇਸ ਲਈ ਪੌਸ਼ਟਿਕ ਖ਼ੁਰਾਕ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਖਾਦਾਂ ਤੇ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ ਬਾਰੇ ਕਿਸਾਨ ਭਰਾਵਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਪੰਜਾਬ ਬਾਰੇ ਪਹਿਲਾਂ ਆਮ ਹੀ ਕਿਹਾ ਜਾਂਦਾ ਸੀ ਕਿ ਇੱਥੋਂ ਦੇ ਕਿਸਾਨ ਲੋੜ ਨਾਲੋਂ ਤਿੰਨ ਗੁਣਾ ਜ਼ਿਆਦਾ ਖਾਦ ਤੇ ਕੀਟਨਾਸ਼ਕ ਵਰਤ ਰਹੇ ਹਨ ਪਰ ਹੁਣ ਪੰਜਾਬ ਸਰਕਾਰ, ਪੰਜਾਬ ਰਾਜ ਖ਼ੁਰਾਕ ਕਮਿਸ਼ਨ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਹਿਯੋਗ ਸਦਕਾ ਕਿਸਾਨ ਭਰਾਵਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਦੇ ਬੜੇ ਹਾਂ-ਪੱਖੀ ਨਤੀਜੇ ਸਾਹਮਣੇ ਆ ਰਹੇ ਹਨ। ਪੰਜਾਬੀਆਂ ਨੂੰ ਆਰਗੈਨਿਕ ਭੋਜਨ ਦੇਣਾ ਉਨ੍ਹਾਂ ਦੀ ਪਹਿਲੀ ਤਰਜ਼ੀਹ ਹੈ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਆਮ ਆਦਮੀ ਬਣ ਕੇ ਲੋਕਾਂ ’ਚ ਵਿਚਰਦਾ ਹਾਂ। ਮੇਰੀ ਸੋਚ ਹੈ ਕਿ ਦਬਕੇ ਮਾਰ ਕੇ ਕੰਮ ’ਚ ਸੁਧਾਰ ਨਹੀਂ ਹੋ ਸਕਦਾ ਸਗੋਂ ਕੰਮ ਕਰਵਾਉਣ ਦਾ ਤਰੀਕਾ ਨਿਮਰਤਾ ਵਾਲਾ ਹੋਣਾ ਚਾਹੀਦਾ ਹੈ।
ਅੰਤਰਰਾਸ਼ਟਰੀ ਮਿਆਰਾਂ ਮੁਤਾਬਕ ਪੰਜਾਬ ’ਚ ਹੀ ਹੋ ਸਕੇਗੀ ਟੈਸਟਿੰਗ
ਛੇਤੀ ਹੀ ਅੰਮ੍ਰਿਤਸਰ ’ਚ ਬਹੁਤ ਵੱਡੀ ਲੈਬੋਰਟਰੀ ਬਣਨ ਜਾ ਰਹੀ ਹੈ। ਇਸ ਨਾਲ ਅੰਤਰਰਾਸ਼ਟਰੀ ਮਿਆਰਾਂ ਮੁਤਾਬਕ ਸਾਡੇ ਉਤਪਾਦਾਂ ਦੀ ਟੈਸਟਿੰਗ ਪੰਜਾਬ ’ਚ ਹੀ ਹੋ ਸਕੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਡਿਪੂਆਂ, ਆਂਗਣਵਾੜੀ ਸੈਂਟਰਾਂ ਤੇ ਮਿਡ ਡੇ ਮੀਲ ’ਚ ਬਹੁਤ ਵੱਡੇ ਪੱਧਰ ’ਤੇ ਸੁਧਾਰ ਦੇਖਣ ਨੂੰ ਮਿਲਣਗੇ। ਖ਼ੁਰਾਕ ਕਮਿਸ਼ਨ ਵੱਲੋਂ ਜ਼ਮੀਨੀ ਪੱਧਰ ’ਤੇ ਜਾ ਕੇ ਕੰਮ ਕੀਤਾ ਜਾ ਰਿਹਾ ਹੈ।


author

Babita

Content Editor

Related News