ਟਰੂਡੋ ਦੇ ਫਿੱਕੇ ਸਵਾਗਤ ''ਤੇ ਬਾਜਵਾ ਨੇ ਉਠਾਏ ਸਵਾਲ

02/22/2018 8:15:38 AM

ਅੰਮ੍ਰਿਤਸਰ - ਪੰਜਾਬ ਤੋਂ ਰਾਜਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਫਿੱਕਾ ਸਵਾਗਤ ਕੀਤੇ ਜਾਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਦੀ ਵਿਦੇਸ਼ ਨੀਤੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਜਗ ਬਾਣੀ ਦੇ ਪ੍ਰਤੀਨਿਧੀ ਰਮਨਦੀਪ ਸੋਢੀ ਨਾਲ ਗੱਲਬਾਤ ਦੌਰਾਨ ਬਾਜਵਾ ਨੇ ਕਿਹਾ ਕਿ ਜਸਟਿਨ ਟਰੂਡੋ ਨੂੰ ਨਜ਼ਰ-ਅੰਦਾਜ਼ ਕਰਕੇ ਪੀ. ਐੱਮ. ਨੇ ਕੈਨੇਡਾ ਨਾਲ ਚੰਗੇ ਸਬੰਧਾਂ ਦੀ ਸੰਭਾਵਨਾ ਨੂੰ ਘੱਟ ਕੀਤਾ ਹੈ। ਪੇਸ਼ ਹੈ ਪੂਰੀ ਗੱਲਬਾਤ :
ਪ੍ਰਸ਼ਨ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪੰਜਾਬ ਦੌਰੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?
ਉੱਤਰ : ਕੈਨੇਡਾ ਵਿਚ 7 ਤੋਂ 8 ਲੱਖ ਪੰਜਾਬੀ ਰਹਿੰਦੇ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਗਿਣਤੀ ਸਿੱਖ ਭਾਈਚਾਰੇ ਦੇ ਲੋਕਾਂ ਦੀ ਹੈ। ਪੰਜਾਬ ਵਿਚ ਅਸੀਂ 13 ਲੋਕਸਭਾ ਮੈਂਬਰ ਚੁਣ ਕੇ ਸੰਸਦ ਵਿਚ ਭੇਜਦੇ ਹਾਂ ਪਰ ਕੈਨੇਡਾ ਵਿਚ 18 ਪੰਜਾਬੀਆਂ ਨੂੰ ਸੰਸਦ ਵਿਚ ਥਾਂ ਮਿਲੀ ਹੈ। ਇਹ ਦੁਨੀਆ ਦਾ ਅਜਿਹਾ ਪਹਿਲਾ ਦੇਸ਼ ਹੈ, ਜਿਥੇ 4 ਪੰਜਾਬੀ ਕੇਂਦਰ ਸਰਕਾਰ ਦੇ ਮੰਤਰੀ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਖੁਦ ਕਿਹਾ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਕਾਬਲੇ ਉਨ੍ਹਾਂ ਨੇ ਆਪਣੀ ਕੈਬਨਿਟ ਵਿਚ ਸਿੱਖਾਂ ਨੂੰ ਵੱਧ ਅਹਿਮੀਅਤ ਦਿੱਤੀ ਹੈ। ਟਰੂਡੋ ਦੇ ਪੰਜਾਬ ਦੌਰੇ ਨਾਲ ਸੂਬੇ ਨੂੰ ਜ਼ਿਆਦਾ ਫਾਇਦਾ ਹੋਵੇਗਾ, ਕਿਉਂਕਿ ਕੈਨੇਡਾ ਅਤੇ ਪੰਜਾਬ ਦੋਹਾਂ ਦੀ ਆਰਥਿਕਤਾ ਖੇਤੀਬਾੜੀ 'ਤੇ ਟਿਕੀ ਹੋਈ ਹੈ ਅਤੇ ਕੈਨੇਡਾ ਸਾਡੀ ਖੇਤੀਬਾੜੀ ਵਿਚ ਕਾਫੀ ਮਦਦ ਕਰ ਸਕਦਾ ਹੈ। ਕੈਨੇਡਾ ਵਿਚ ਵਸਣ ਵਾਲੇ ਪੰਜਾਬੀਆਂ ਦੀ ਨਜ਼ਰ ਇਸ ਦੌਰੇ 'ਤੇ ਲੱਗੀ ਹੋਈ ਸੀ ਅਤੇ ਉਹ ਚਾਹੁੰਦੇ ਸਨ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਭਾਰਤ ਖੁੱਲ੍ਹੇ ਦਿਲ ਨਾਲ ਸਵਾਗਤ ਕਰੇ।
ਪ੍ਰਸ਼ਨ : ਕੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਮਾਮਲੇ ਵਿਚ ਦੇਰ ਨਹੀਂ ਕਰ ਦਿੱਤੀ?
ਉੱਤਰ : ਇਸ ਦਾ ਜਵਾਬ ਖੁਦ ਕੈਪਟਨ ਅਮਰਿੰਦਰ ਸਿੰਘ ਦੇ ਸਕਦੇ ਹਨ। ਇਸ ਮਾਮਲੇ ਵਿਚ ਦੇਰੀ ਤਾਂ ਹੋਈ ਹੈ, ਇਹ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਹੁਣ ਜੋ ਵੀ ਹੋਇਆ ਹੈ ਠੀਕ ਹੋਇਆ ਹੈ ਅਤੇ ਇਸ ਮੁਲਾਕਾਤ ਦੌਰਾਨ ਪੁਰਾਣੇ ਗਿਲੇ-ਸ਼ਿਕਵੇ ਦੂਰ ਹੋਏ ਹਨ ਪਰ ਮੈਨੂੰ ਜ਼ਿਆਦਾ ਨਾਰਾਜ਼ਗੀ ਕੇਂਦਰ ਸਰਕਾਰ ਦੇ ਰਵੱਈਏ ਤੋਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਡੋਨਾਲਡ ਟਰੰਪ ਦੀ ਬੇਟੀ, ਯੂ. ਏ. ਈ. ਦੇ ਪ੍ਰਿੰਸ, ਇਸਰਾਈਲ ਦੇ ਪ੍ਰਧਾਨ ਮੰਤਰੀ ਲਈ ਪ੍ਰੋਟੋਕਾਲ ਤੋੜਿਆ ਅਤੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਹੋਇਆ ਪਰ ਜਸਟਿਨ ਟਰੂਡੋ ਵਰਗੇ ਵਿਅਕਤੀ ਦਾ ਆਗਰਾ ਵਿਚ ਸਵਾਗਤ ਕਰਨ ਲਈ ਡੀ. ਐੱਮ. ਨੂੰ ਭੇਜਿਆ ਗਿਆ। ਉਥੇ ਘੱਟ ਤੋਂ ਘੱਟ ਯੂ. ਪੀ. ਦੇ ਮੁੱਖ ਮੰਤਰੀ ਨੂੰ ਜਾਣਾ ਚਾਹੀਦਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨੂੰ ਅਹਿਮਦਾਬਾਦ ਵਿਚ ਵਿਸ਼ੇਸ਼ ਤੌਰ 'ਤੇ ਅਟੈਂਡ ਕੀਤਾ ਪਰ ਟਰੂਡੋ ਦੇ ਮਾਮਲੇ ਵਿਚ ਇਹ ਦਰਿਆਦਿਲੀ ਨਹੀਂ ਦਿਖਾਈ ਗਈ। ਮੈਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨੇ ਕੈਨੇਡਾ ਨਾਲ ਸਬੰਧ ਹੋਰ ਮਜ਼ਬੂਤ ਕਰਨ ਦੇ ਮਾਮਲੇ ਵਿਚ ਮੌਕਾ ਗੁਆਇਆ ਹੈ।
ਪ੍ਰਸ਼ਨ : ਪ੍ਰਧਾਨ ਮੰਤਰੀ ਦੇ ਇਸ ਰਵੱਈਏ ਦਾ ਕਾਰਨ ਕੀ ਹੋ ਸਕਦਾ ਹੈ?
ਉੱਤਰ : ਵਿਦੇਸ਼ ਵਿਚ ਭਾਰਤੀ ਦੂਤਘਰ ਦੇ ਅਧਿਕਾਰੀਆਂ ਦੇ ਧਾਰਮਿਕ ਸਥਾਨਾਂ 'ਚ ਐਂਟਰੀ 'ਤੇ ਲਾਈ ਗਈ ਰੋਕ ਇਸ ਦਾ ਇਕ ਕਾਰਨ ਹੋ ਸਕਦਾ ਹੈ ਪਰ ਇਸ ਲਈ ਕੈਨੇਡਾ ਦੀ ਸਰਕਾਰ ਅਤੇ ਉਸ ਦੇ ਮੰਤਰੀ ਜ਼ਿੰਮੇਵਾਰ ਨਹੀਂ ਹੋ ਸਕਦੇ, ਕਿਉਂਕਿ ਇਹ ਫੈਸਲਾ ਧਾਰਮਿਕ ਸਥਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਨਿੱਜੀ ਤੌਰ 'ਤੇ ਲਿਆ ਹੈ। ਮੈਨੂੰ ਲੱਗਦਾ ਹੈ ਕਿ ਇਸੇ ਕਾਰਨ ਟਰੂਡੋ ਦੇ ਪ੍ਰਤੀ ਨਾਰਾਜ਼ਗੀ ਹੈ ਪਰ ਸਾਨੂੰ ਇਹ ਸਮਝਣਾ ਹੋਵੇਗਾ ਕਿ ਕੈਨੇਡਾ ਵਿਚ ਬੈਠ ਕੇ ਲੋਕ ਭਾਰਤੀ ਅਧਿਕਾਰੀਆਂ ਨਾਲ ਇਸ ਤਰ੍ਹਾਂ ਦਾ ਰਵੱਈਆ ਅਪਣਾ ਰਹੇ ਹਨ, ਉਹ ਵੀ ਆਪਣੇ ਹੀ ਹਨ ਅਤੇ ਉਨ੍ਹਾਂ ਦੀਆਂ ਜੜ੍ਹਾਂ ਇਥੇ ਜੁੜੀਆਂ ਹੋਈਆਂ ਹਨ। ਇਸ ਸਮੇਂ ਉਹ ਭਾਰਤ ਦੇ ਨਾਗਰਿਕ ਨਹੀਂ ਹਨ ਅਤੇ ਇਕ ਆਜ਼ਾਦ ਦੇਸ਼ ਵਿਚ ਰਹਿੰਦੇ ਹਨ। ਅਸੀਂ ਇਸ ਤਰ੍ਹਾਂ ਦੇ ਰਵੱਈਏ ਨਾਲ ਹੁਕਮ ਜਾਰੀ ਕਰਕੇ ਉਨ੍ਹਾਂ ਦੀ ਸੋਚ ਨਹੀਂ ਬਦਲ ਸਕਦੇ। ਸਾਨੂੰ ਆਪਣੀ ਵਿਦੇਸ਼ ਨੀਤੀ ਨੂੰ ਰੀ-ਡਰਾਫਟ ਕਰਨ ਦੀ ਲੋੜ ਹੈ। ਪਿਛਲੇ 4 ਸਾਲ ਵਿਚ ਚੀਨ, ਨੇਪਾਲ, ਮਾਲਦੀਵ, ਸ਼੍ਰੀਲੰਕਾ ਨਾਲ ਸਾਡੇ ਸਬੰਧਾਂ ਵਿਚ ਗਿਰਾਵਟ ਆਈ ਹੈ। ਇਥੋਂ ਤੱਕ ਕਿ ਸਾਡਾ ਪੁਰਾਣਾ ਮਿੱਤਰ ਰੂਸ ਵੀ ਸਾਡੇ ਤੋਂ ਦੂਰ ਹੋ ਗਿਆ ਹੈ। ਕੇਂਦਰ ਦੀ ਸਰਕਾਰ ਨੇ ਟਰੂਡੋ ਨਾਲ ਜਿਸ ਤਰ੍ਹਾਂ ਦਾ ਰਵੱਈਆ ਅਪਣਾਇਆ ਹੈ, ਉਹ ਇਕ ਸੰਭਾਵਿਤ ਸਹਿਯੋਗੀ ਨੂੰ ਨਾਰਾਜ਼ ਕਰਨ ਵਾਲਾ ਹੈ ਅਤੇ ਇਸ ਦਾ ਅੱਗੇ ਲੰਮੇ ਸਮੇਂ ਤੱਕ ਨੁਕਸਾਨ ਹੋਵੇਗਾ।
ਪ੍ਰਸ਼ਨ : ਜਸਟਿਨ ਟਰੂਡੋ 'ਤੇ ਵੱਖਵਾਦੀਆਂ ਪ੍ਰਤੀ ਨਰਮ ਰਵੱਈਆ ਅਪਣਾਉਣ ਦੇ ਦੋਸ਼ ਵੀ ਲੱਗਦੇ ਹਨ, ਕੀ ਇਹ ਵੀ ਇਕ ਕਾਰਨ ਰਿਹਾ ਹੈ?
ਉੱਤਰ : ਹਾਲ ਹੀ ਵਿਚ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਦਾ ਬਿਆਨ ਆਇਆ ਸੀ ਕਿ ਉਨ੍ਹਾਂ ਦਾ ਅਜਿਹੇ ਲੋਕਾਂ ਨਾਲ ਕੋਈ ਵਾਸਤਾ ਨਹੀਂ ਜੋ ਕੈਨੇਡਾ ਵਿਚ ਰਹਿ ਕੇ ਭਾਰਤ ਦੇ ਵਿਰੋਧ ਵਿਚ ਕੰਮ ਕਰਨ ਅਤੇ ਮੁਹਿੰਮ ਚਲਾਉਣ ਦਾ ਕੰਮ ਕਰਦੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਵਲੋਂ ਵੀ ਇਸ ਮਾਮਲੇ 'ਤੇ ਬਕਾਇਦਾ ਬਿਆਨ ਜਾਰੀ ਕਰਕੇ ਸਪੱਸ਼ਟੀਕਰਨ ਦਿੱਤਾ ਗਿਆ ਹੈ। ਮੈਨੂੰ ਲੱਗਦਾ ਹੈ ਕਿ ਇਸ ਮਾਮਲੇ ਨੂੰ ਜ਼ਿਆਦਾ ਨਹੀਂ ਉਠਾਉਣਾ ਚਾਹੀਦਾ। ਇਹ ਮਾਮਲਾ ਕੂਟਨੀਤਿਕ ਨਜ਼ਰੀਏ ਤੋਂ ਖੁੱਲ੍ਹੇ ਦਿਲ ਵਾਲਾ ਰਵੱਈਆ ਅਪਣਾ ਕੇ ਹੀ ਸੁਲਝਾਇਆ ਜਾ ਸਕਦਾ ਹੈ। ਇਸ ਸਨਮਾਨ ਦੇ ਉਹ ਹੱਕਦਾਰ ਵੀ ਹਨ ਕਿਉਂਕਿ ਕੈਨੇਡਾ ਹਰ ਸਾਲ ਲੱਗਭਗ ਸਵਾ ਲੱਖ ਭਾਰਤੀਆਂ ਨੂੰ ਵੀਜ਼ਾ ਜਾਰੀ ਕਰਦਾ ਹੈ ਅਤੇ ਇਥੋਂ ਦੇ ਲੋਕ ਉਥੇ ਜਾ ਕੇ ਕੰਮ ਅਤੇ ਪੜ੍ਹਾਈ ਕਰਦੇ ਹਨ। ਕੈਨੇਡਾ 'ਚ ਕੰਮ ਕਰਨ ਵਾਲੇ ਪੰਜਾਬੀਆਂ ਦੇ ਪੈਸੇ ਨਾਲ ਪੰਜਾਬ ਦੀ ਆਰਥਿਕਤਾ ਚਲਦੀ ਹੈ। ਜੇ ਕੈਨੇਡਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ, ਐਨੀਮਲ ਹਸਬੈਂਡਰੀ ਦੇ ਵਿਦਿਆਰਥੀਆਂ, ਨਰਸਾਂ, ਡਾਕਟਰਾਂ ਨੂੰ ਕੰਮ ਕਰਨ ਦਾ ਮੌਕਾ ਦੇਵੇ ਅਤੇ ਦੋਹਾਂ ਦੇਸ਼ਾਂ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਵਿਚਾਲੇ ਸਮਝੌਤੇ ਹੋਣ ਤਾਂ ਖੇਤੀਬਾੜੀ ਦੀ ਤਸਵੀਰ ਬਦਲ ਸਕਦੀ ਹੈ।


Related News