ਹਾਈਕੋਰਟ ਵਲੋਂ GST ਦੇ 3 ਅਧਿਕਾਰੀਆਂ ਦੀ ਜ਼ਮਾਨਤ ਮਨਜ਼ੂਰ
Thursday, Apr 29, 2021 - 12:35 AM (IST)
ਅੰਮ੍ਰਿਤਸਰ, (ਇੰਦਰਜੀਤ)- ਵਿਜੀਲੈਂਸ ਵਿਭਾਗ ਵੱਲੋਂ ਨਾਮਜ਼ਦ ਕੀਤੇ ਗਏ ਅੰਮ੍ਰਿਤਸਰ ਦੇ 3 ਜੀ. ਐੱਸ. ਟੀ. ਅਧਿਕਾਰੀਆਂ ਦੀ ਜ਼ਮਾਨਤ ਹੋ ਚੁੱਕੀ ਹੈ। ਇਨ੍ਹਾਂ ’ਚ 2 ਈ. ਟੀ. ਓ. ਅਤੇ ਇਕ ਇੰਸਪੈਕਟਰ ਸ਼ਾਮਲ ਹੈ। ਇਨ੍ਹਾਂ ਅਧਿਕਾਰੀਆਂ ਨੂੰ ਮੋਹਾਲੀ ਵਿਜੀਲੈਂਸ ਵਿਭਾਗ ਵੱਲੋਂ ਇਕ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਸੀ, ਜਿਸ ’ਤੇ ਅੱਜ ਹਾਈਕੋਰਟ ਨੇ ਜ਼ਮਾਨਤ ਦੇ ਹੁਕਮ ਦਿੱਤੇ। ਜਾਣਕਾਰੀ ਮੁਤਾਬਕ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ 3 ਅਧਿਕਾਰੀਆਂ ਦੀ ਹਾਈਕੋਰਟ ’ਚ ਜ਼ਮਾਨਤ ਦੀ ਮੰਗ ਵਿਚਾਰ ਅਧੀਨ ਸੀ, ਜਿਸ ’ਚ ਪੰਜਾਬ-ਹਰਿਆਣਾ ਹਾਈਕੋਰਟ ਦੀ ਮਾਣਯੋਗ ਜੱਜ ਸ਼੍ਰੀ ਜੈਸ਼ਰੀ ਠਾਕੁਰ ਨੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਈ. ਟੀ. ਓ. ਦਿਨੇਸ਼ ਗੌੜ, ਸੁਸ਼ੀਲ ਕੁਮਾਰ ਅਤੇ ਇੰਸਪੈਕਟਰ ਤਿਰਲੋਕ ਚੰਦ ਦੀ ਜ਼ਮਾਨਤ ਦੀ ਮੰਗ ਮਨਜ਼ੂਰ ਕਰਦੇ ਹੋਏ ਉਨ੍ਹਾਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ। ਇਸੇ ਤਰ੍ਹਾਂ ਹਾਈਕੋਰਟ ਨੇ ਈ. ਟੀ. ਓ. ਵੈਦ ਪ੍ਰਕਾਸ਼ ਜਾਖੜ ਅਤੇ ਪਹਿਲਾਂ ਈ. ਟੀ. ਓ. ਪਿਆਰਾ ਸਿੰਘ ਦੀ ਗ੍ਰਿਫਤਾਰੀ ’ਤੇ ਅਗਲੇ ਹੁਕਮਾਂ ਤੱਕ ਰੋਕ ਲਾਈ ਹੈ। ਉਕਤ ਅਧਿਕਾਰੀ ਵੀ ਵਿਜੀਲੈਂਸ ਵਿਭਾਗ ਦੇ ਇਕ ਮਾਮਲੇ ’ਚ ਨਾਮਜ਼ਦ ਹਨ।