ਬਾਘਾਪੁਰਾਣਾ ''ਚ ਬੀ. ਡੀ. ਪੀ. ਓ. ਦਫਤਰ ਘੇਰਿਆ

Wednesday, Oct 04, 2017 - 12:52 AM (IST)

ਬਾਘਾਪੁਰਾਣਾ ''ਚ ਬੀ. ਡੀ. ਪੀ. ਓ. ਦਫਤਰ ਘੇਰਿਆ

ਬਾਘਾਪੁਰਾਣਾ, (ਰਾਕੇਸ਼)- ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਬੀ. ਡੀ. ਪੀ. ਓ. ਦਫਤਰ ਦਾ ਘਿਰਾਓ ਕੀਤਾ ਗਿਆ। ਇਸ ਸਮੇਂ ਜ਼ਿਲਾ ਸੈਕਟਰੀ ਮੰਗਾ ਸਿੰਘ ਵੈਰੋਕੇ ਨੇ ਕਿਹਾ ਕਿ ਪੰਜਾਬ ਸਰਕਾਰ ਮਜ਼ਦੂਰ ਵਿਰੋਧੀ ਸਾਬਿਤ ਹੋਈ ਹੈ ਕਿਉਂਕਿ ਪੰਜਾਬ ਸਰਕਾਰ ਨੇ ਪਲਾਟਾਂ ਸਬੰਧੀ ਅਰਜ਼ੀਆਂ ਦੀ ਤਰੀਕ 30 ਸਤੰਬਰ ਤੱਕ ਰੱਖੀ ਸੀ। ਉਨ੍ਹਾਂ 'ਚ ਬਹੁਤ ਸਾਰੀਆਂ ਛੁੱਟੀਆਂ ਆ ਗਈਆਂ ਪਰ ਮਜ਼ਦੂਰਾਂ ਵੱਲੋਂ 29 ਸਤੰਬਰ ਨੂੰ ਬੀ. ਡੀ. ਪੀ. ਓ. ਦਫਤਰ ਅਰਜ਼ੀਆਂ ਦਾਖਲ ਕਰਵਾਈਆਂ ਗਈਆਂ ਸਨ ਤੇ ਬੀ. ਡੀ. ਪੀ. ਓ. ਵੱਲੋਂ ਭਰੋਸਾ ਦਿਆਇਆ ਗਿਆ ਕਿ ਤੁਸੀਂ ਅਰਜ਼ੀਆਂ ਜਮ੍ਹਾ ਕਰਵਾਓ ਅਤੇ 3 ਅਕਤੂਬਰ ਨੂੰ ਉਹ ਸਵੇਰੇ 9 ਵਜੇ ਰਸੀਦ ਪ੍ਰਾਪਤ ਕਰ ਸਕਦੇ ਹਨ ਪਰ ਉਨ੍ਹਾਂ ਮੁਤਾਬਕ ਦੱਸੇ ਸਮੇਂ 'ਤੇ ਦਫ਼ਤਰ 'ਚ ਪਹੁੰਚੇ ਮਜ਼ਦੂਰਾਂ ਕੋਲੋਂ ਅਰਜ਼ੀਆਂ ਨਹੀਂ ਲਈਆਂ ਗਈਆਂ। 
ਉਨ੍ਹਾਂ ਕਿਹਾ ਕਿ ਬੀ. ਡੀ. ਪੀ. ਓ. ਵੱਲੋਂ ਕਿਹਾ ਗਿਆ ਸੀ ਕਿ ਅਸੀਂ 29 ਸਤੰਬਰ ਦੀ ਤਰੀਕ ਪਾ ਕੇ 3 ਅਕਤੂਬਰ ਨੂੰ ਰਸੀਦ ਦੇਵਾਂਗੇ ਪਰ ਹੁਣ ਇਸ ਗੱਲ ਤੋਂ ਉਹ ਮੁੱਕਰ ਰਹੇ ਹਨ, ਜਿਸ ਦੇ ਰੋਸ ਵਜੋਂ ਮਜ਼ਦੂਰਾਂ ਨੇ ਵਿਰੋਧ ਕੀਤਾ ਤੇ ਬੀ. ਡੀ. ਪੀ. ਓ. ਦਫਤਰ ਦਾ ਘਿਰਾਓ ਕੀਤਾ ਅਤੇ ਮੰਗ ਕੀਤੀ ਕਿ ਮਜ਼ਦੂਰਾਂ ਦੀਆਂ ਅਰਜ਼ੀਆਂ ਜਮ੍ਹਾ ਕਰਵਾਈਆਂ ਜਾਣ ਤੇ 30 ਸਤੰਬਰ ਤੋਂ ਪਲਾਟਾਂ ਸਬੰਧੀ ਅਰਜ਼ੀਆਂ ਦੀ ਤਰੀਕ ਵਧਾਈ ਜਾਵੇ ਨਹੀਂ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। 
ਪੇਂਡੂ ਮਜ਼ਦੂਰ ਯੂਨੀਅਨ ਦੇ ਬਲਾਕ ਪ੍ਰਧਾਨ ਬਲਕਾਰ ਸਿੰਘ ਸਮਾਲਸਰ ਨੇ ਕਿਹਾ ਕਿ ਅਕਾਲੀ ਕਾਂਗਰਸ ਇਕੋ ਹੀ ਤੱਕੜੀ ਦੇ ਚੱਟੇ-ਵੱਟੇ ਹਨ, ਜੋ ਮਜ਼ਦੂਰਾਂ ਨਾਲ ਵਾਅਦੇ ਕਰ ਕੇ ਮੁੱਕਰ ਰਹੇ ਹਨ। ਇਸ ਸਮੇਂ ਮੇਜਰ ਸਿੰਘ ਸਮਾਲਸਰ, ਬੇਅੰਤ ਦੱਲੋਵਾਲਾ, ਰਾਣਾ ਲਧਾਈਕੇ, ਰਜਿੰਦਰਪਾਲ ਸਮਾਲਸਰ, ਮਲਵੀਤ ਸਿੰਘ ਲੰਡੇ ਨੇ ਕਿਹਾ ਕਿ ਮਜ਼ਦੂਰ ਯੂਨੀਅਨ ਕਿਸੇ ਵੀ ਹਾਲਤ 'ਚ ਸਰਕਾਰ ਅਤੇ ਅਧਿਕਾਰੀਆਂ ਅੱਗੇ ਨਹੀਂ ਝੁਕੇਗੀ ਤੇ ਇਨਸਾਫ ਲੈਣ ਤੱਕ ਧਰਨੇ ਅਤੇ ਰੈਲੀਆਂ ਨੂੰ ਜਾਰੀ ਰੱਖੇਗੀ। 


Related News