''ਆਪ'' ਤੋਂ ਕਿਨਾਰਾ ਕਰਨ ਵਾਲੇ ਹੁਣ ਮਾਨ ਦੀ ਛਤਰੀ ''ਤੇ ਬੈਠਣ ਲਈ ਕਾਹਲੇ

06/14/2019 10:48:06 AM

ਬਾਘਾਪੁਰਾਣਾ (ਚਟਾਨੀ)—ਭਗਵੰਤ ਮਾਨ ਦੀ ਚਮਤਕਾਰੀ ਜਿੱਤ ਨੇ ਆਪ ਦੇ ਉਨ੍ਹਾਂ ਸਭਨਾਂ ਆਗੂਆਂ ਦੇ ਮੂੰਹ ਵਿਚ ਉਂਗਲਾਂ ਪੁਆ ਦਿੱਤੀਆਂ ਹਨ, ਜਿਹੜੇ ਮਾਨ ਵਿਰੋਧੀ ਗੁੱਟਾਂ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਹੋਏ ਮਾਨ ਨੂੰ ਚੁਣੌਤੀਆਂ ਦੇ ਗੇੜ ਵਿਚ ਉਲਝਾਉਣ ਦੇ ਦਾਅਵੇ ਕਰਦੇ ਸਨ। ਆਮ ਆਦਮੀ ਪਾਰਟੀ ਦੀ ਲੋਕ ਸਭਾ ਵਿਚ ਦੂਜੀ ਵਾਰ ਹਾਜ਼ਰੀ ਦਾ ਸਿਹਰਾ ਸੂਬੇ ਪੰਜਾਬ ਸਿਰ ਬੱਝਦਾ ਕਰਨ ਵਾਲੇ ਭਗਵੰਤ ਮਾਨ ਤੋਂ ਹੀ ਹੁਣ ਸੂਬੇ ਦੇ ਆਮ ਆਦਮੀਆਂ ਨੂੰ ਕਿਸੇ ਠੋਸ ਧਿਰ ਦੀ ਆਸ ਬੱਝੀ ਦਿਖਾਈ ਦੇਣ ਲੱਗੀ ਹੈ। ਆਪ ਨੂੰ ਖੇਰੂੰ-ਖੇਰੂੰ ਕਰਨ ਵਾਲੇ ਲੋਕਾਂ 'ਚੋਂ ਵੀ ਬਹੁਤ ਹੁਣ ਭਗਵੰਤ ਮਾਨ ਦੀ ਛਤਰੀ ਉਪਰ ਬੈਠਣਾ ਹੀ ਬੇਹਤਰ ਸਮਝਣ ਲੱਗੇ ਹਨ।

ਸੂਤਰਾਂ ਤੋਂ ਕਨਸੋਆਂ ਮਿਲੀਆਂ ਹਨ ਕਿ ਭਗਵੰਤ ਮਾਨ ਭਾਵੇਂ ਰੁੱਸਿਆ, ਨੂੰ ਮਨਾਉਣ ਦੇ ਇਛੁਕ ਤਾਂ ਹਨ ਪਰ ਇਸ ਵਾਰ ਉਨ੍ਹਾਂ ਦਾ ਜ਼ਿਆਦਾ ਧਿਆਨ ਅਜਿਹੇ ਉਦਮੀਆਂ ਨੂੰ ਮੂਹਰੇ ਕਰਨ ਉਪਰ ਕੇਂਦਰਿਤ ਰਹੇਗਾ, ਜਿਹੜੇ ਪਾਰਟੀ ਦੀ ਸੇਵਾ ਅਹੁਦਿਆਂ ਦੀ ਬਜਾਏ ਸਮਰਪਿਤ ਭਾਵਨਾ ਨਾਲ ਕਰਨ ਦੇ ਇੱਛੁਕ ਹੋਣ। ਸਥਾਨਕ ਅਤੇ ਹਲਕਾ ਪੱਧਰ ਦੇ ਆਗੂਆਂ ਦੀ ਚੋਣ ਮੌਕੇ ਇਸ ਵਾਰ ਪਾਰਟੀ ਪ੍ਰਧਾਨ ਅਤੇ ਹੋਰਨਾਂ ਮੋਹਤਬਰ ਆਗੂਆਂ ਦਾ ਛਾਨਣਾ ਬਾਰੀਕ ਹੋਵੇਗਾ। ਭਾਵ ਕਿ ਡੂੰਘੀ ਪੁੱਛ- ਪੜਤਾਲ ਉਪਰੰਤ ਹੀ ਇਸ ਵਾਰ ਕਿਸੇ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ। ਪਾਰਟੀ ਦੇ ਢਾਂਚੇ ਦੇ ਮੁੜ ਗਠਨ ਮੌਕੇ ਪਾਰਟੀ ਪ੍ਰਧਾਨ ਦੀ ਤਰਜੀਹ ਉਨ੍ਹਾਂ ਆਗੂਆਂ ਅਤੇ ਵਰਕਰਾਂ ਨੂੰ ਹੋਵੇਗੀ, ਜਿਹੜੇ ਆਪ ਨਾਲ ਅਡੋਲ ਖੜ੍ਹੇ ਰਹੇ ਅਤੇ ਸੇਵਾਵਾਂ ਨਿਰੰਤਰ ਜਾਰੀ ਰੱਖੀਆਂ। ਪਤਾ ਲੱਗਾ ਹੈ ਕਿ ਪਾਰਟੀ ਵੱਲੋਂ ਹਲਕਾ ਵਾਰ ਅਤੇ ਸ਼ਹਿਰਵਾਰ ਅਜਿਹੇ ਸਰਗਰਮ ਕਾਰਕੁੰਨਾਂ ਦੀ ਰਿਪੋਰਟ ਇਕੱਤਰ ਕਰਨ ਲਈ ਹਲਕੇ ਤੋਂ ਬਾਹਰਲੇ ਆਗੂਆਂ ਦੀਆਂ ਟੀਮਾਂ ਬਣਾ ਕੇ ਭੇਜੀਆਂ ਜਾ ਰਹੀਆਂ ਹਨ, ਜੇ ਆਪਣੀ ਰਿਪੋਰਟ ਪਾਰਟੀ ਦੀ ਸੂਬਾ ਹਾਈਕਮਾਨ ਨੂੰ ਭੇਜਣਗੀਆਂ। ਪਾਰਟੀ ਨੂੰ ਇਕਮੁੱਠ ਰੱਖਣ ਲਈ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦਰ ਕੇਜਰੀਵਾਲ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਇਸ ਵਾਰ ਫੂਕ-ਫੂਕ ਕਦਮ ਰੱਖਣਗੇ, ਤਾਂ ਜੋ ਪਾਰਟੀ ਨੂੰ ਬੀਤੇ ਦੌਰ ਦੀਆਂ ਮੁਸ਼ਕਿਲਾਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ।


Shyna

Content Editor

Related News